ਖਨਨ ਦੇ ਵਿਰੋਧ ’ਚ ਸਾਧੂ ਨੇ ਖੁਦ ਨੂੰ ਲਗਾਈ ਅੱਗ
Thursday, Jul 21, 2022 - 11:33 AM (IST)
ਜੈਪੁਰ (ਭਾਸ਼ਾ)– ਰਾਜਸਥਾਨ ਦੇ ਡੀਗ ਖੇਤਰ ’ਚ ਖਨਨ ’ਤੇ ਰੋਕ ਲਗਾਉਣ ਦੀ ਮੰਗ ਨੂੰ ਲੈ ਕੇ ਚੱਲ ਰਹੇ ਸਾਧੂਆਂ ਦੇ ਅੰਦੋਲਨ ਦੌਰਾਨ ਇਕ ਸਾਧੂ ਨੇ ਬੁੱਧਵਾਰ ਨੂੰ ਆਤਮਦਾਹ ਕਰਨ ਦੀ ਕੋਸ਼ਿਸ਼ ਕੀਤੀ। ਅਧਿਕਾਰੀਆਂ ਅਨੁਸਾਰ ਜ਼ਖਮੀ ਸਾਧੂ ਨੂੰ ਗੰਭੀਰ ਹਾਲਤ ’ਚ ਜੈਪੁਰ ਭੇਜਿਆ ਗਿਆ ਹੈ। ਪੁਲਸ ਨੇ ਦੱਸਿਆ ਕਿ ਧਰਨਾ ਸਥਾਨ ਤੋਂ ਦੂਰ ਖੜੇ ਇਕ ਸਾਧੂ ਵਿਜੇ ਦਾਸ ਨੇ ਅਚਾਨਕ ਜਲਨਸ਼ੀਲ ਪਦਾਰਥ ਛਿੜਕੇ ਕੇ ਖੁਦ ਨੂੰ ਅੱਗ ਲਗਾ ਲਈ।
ਉਨ੍ਹਾਂ ਕਿਹਾ ਕਿ ਪੁਲਸ ਵਾਲੇ ਉਸ ਨੂੰ ਬਚਾਉਣ ਲਈ ਦੌੜੇ ਅਤੇ ਅੱਗ ਬੁਝਾ ਕੇ ਉਸ ਨੂੰ ਹਸਪਤਾਲ ਦਾਖਲ ਕਰਵਾਇਆ, ਜਿਥੋਂ ਸਾਧੂ ਨੂੰ ਜੈਪੁਰ ਰੈਫਰ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਸਾਧੂ 80 ਫੀਸਦੀ ਸੜਿਆ ਹੈ। ਇਸ ਦੌਰਾਨ ਖਨਨ ਰੋਕਣ ਦੀ ਮੰਗ ਨੂੰ ਲੈ ਕੇ ਮੋਬਾਈਲ ਟਾਵਰ ’ਤੇ ਚੜਿਆ ਸਾਧੂ ਨਾਰਾਇਣ ਦਾਸ ਬੁੱਧਵਾਰ ਨੂੰ ਹੇਠਾਂ ਉੱਤਰ ਆਇਆ। ਪੁਲਸ ਨੇ ਦੱਸਿਆ ਕਿ ਸਾਧੂ ਨਾਰਾਇਣ ਦਾਸ ਇਲਾਕੇ ’ਚ ਖਨਨ ’ਤੇ ਪਾਬੰਦੀ ਲਗਾਉਣ ਦੀ ਮੰਗ ਨੂੰ ਲੈ ਕੇ ਪਿਛਲੇ ਕੁਝ ਦਿਨਾਂ ਤੋਂ ਡੀਗ ’ਚ ਧਰਨਾ ਦੇ ਰਿਹਾ ਸੀ, ਉਨ੍ਹਾਂ ਨਾਲ ਕੁਝ ਹੋਰ ਸੰਤ ਵੀ ਧਰਨੇ ’ਤੇ ਬੈਠੇ ਸਨ।