''ਇਲਾਜ'' ਲਈ ਦਿੱਤੀ ਆਪਣੀ ਹੀ ਧੀ ਦੀ ਬਲੀ, ਪਤੀ-ਪਤਨੀ ਗ੍ਰਿਫਤਾਰ
Thursday, Oct 10, 2024 - 07:07 PM (IST)
ਮੁਜ਼ੱਫਰਨਗਰ — ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਜ਼ਿਲ੍ਹੇ 'ਚ ਪੁਲਸ ਨੇ ਬੀਮਾਰੀਆਂ ਦੇ ਇਲਾਜ ਲਈ ਤਾਂਤਰਿਕ ਦੀ ਸਲਾਹ 'ਤੇ ਆਪਣੀ ਹੀ ਇਕ ਮਹੀਨੇ ਦੀ ਬੱਚੀ ਦੀ ਬਲੀ ਦੇਣ ਵਾਲੇ ਇਕ ਜੋੜੇ ਨੂੰ ਗ੍ਰਿਫਤਾਰ ਕੀਤਾ ਹੈ। ਵਧੀਕ ਪੁਲਸ ਸੁਪਰਡੈਂਟ (ਦਿਹਾਤੀ ਖੇਤਰ) ਆਦਿਤਿਆ ਬਾਂਸਲ ਨੇ ਦੱਸਿਆ ਕਿ ਗੋਪਾਲ ਕਸ਼ਯਪ ਅਤੇ ਉਸ ਦੀ ਪਤਨੀ ਮਮਤਾ ਨੂੰ ਬੁੱਧਵਾਰ ਰਾਤ ਭੋਪਾ ਥਾਣਾ ਖੇਤਰ ਦੇ ਬੇਲਦਾ ਪਿੰਡ ਵਿੱਚ ਆਪਣੀ ਹੀ ਧੀ ਦੀ ਹੱਤਿਆ ਦੇ ਮਾਮਲੇ ਵਿੱਚ ਹਿਰਾਸਤ ਵਿੱਚ ਲਿਆ ਗਿਆ ਸੀ।
ਪੁੱਛਗਿੱਛ ਦੌਰਾਨ ਦੋਵਾਂ ਨੇ ਹੈਰਾਨ ਕਰਨ ਵਾਲੇ ਖੁਲਾਸੇ ਕੀਤੇ ਅਤੇ ਆਪਣੀ ਧੀ ਦਾ ਕਤਲ ਕਰਨ ਦਾ ਜੁਰਮ ਕਬੂਲ ਕਰ ਲਿਆ। ਬਾਂਸਲ ਅਨੁਸਾਰ ਪੁੱਛਗਿੱਛ 'ਚ ਸਾਹਮਣੇ ਆਇਆ ਕਿ ਮਮਤਾ ਲੰਬੇ ਸਮੇਂ ਤੋਂ ਬਿਮਾਰ ਸੀ ਅਤੇ ਇਕ ਤਾਂਤਰਿਕ ਨੇ ਉਸ ਨੂੰ ਆਪਣੀ ਬੀਮਾਰੀ ਤੋਂ ਛੁਟਕਾਰਾ ਪਾਉਣ ਲਈ ਆਪਣੀ ਇਕ ਮਹੀਨੇ ਦੀ ਬੇਟੀ ਦੀ ਬਲੀ ਦੇਣ ਦੀ ਸਲਾਹ ਦਿੱਤੀ ਸੀ। ਇਸ 'ਤੇ ਪਤੀ-ਪਤਨੀ ਨੇ ਬੱਚੀ ਦੀ ਬਲੀ ਦਿੱਤੀ ਅਤੇ ਉਸ ਦੀ ਲਾਸ਼ ਨੂੰ ਜੰਗਲ 'ਚ ਛੁਪਾ ਦਿੱਤਾ।
ਉਨ੍ਹਾਂ ਦੱਸਿਆ ਕਿ ਪੁਲਸ ਜੋੜੇ ਦੇ ਬਿਆਨਾਂ ਦੇ ਆਧਾਰ ’ਤੇ ਲੜਕੀ ਦੀ ਲਾਸ਼ ਦੀ ਭਾਲ ਕਰ ਰਹੀ ਹੈ। ਇਸ ਦੇ ਨਾਲ ਹੀ ਹਰਿੰਦਰ ਨਾਮ ਦੇ ਉਸ ਤਾਂਤਰਿਕ ਨੂੰ ਵੀ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਸ ਨੇ ਬੀਮਾਰੀ ਦੇ ਇਲਾਜ ਲਈ ਲੜਕੀ ਨੂੰ ਮਾਰਨ ਦੀ ਸਲਾਹ ਦਿੱਤੀ ਸੀ। ਬਾਂਸਲ ਨੇ ਦੱਸਿਆ ਕਿ ਇਹ ਮਾਮਲਾ ਉਸ ਵੇਲੇ ਸਾਹਮਣੇ ਆਇਆ ਜਦੋਂ ਗੁਆਂਢੀਆਂ ਨੇ ਲੜਕੀ ਦੇ ਲਾਪਤਾ ਹੋਣ ਦਾ ਸ਼ੱਕ ਜ਼ਾਹਰ ਕਰਦਿਆਂ ਪੁਲਸ ਨੂੰ ਸੂਚਿਤ ਕੀਤਾ।