ਨਿੰਬੂ ਹੋਏ ਮਹਿੰਗੇ; ਸ਼ਖਸ ਨੇ ਮਾਂ ਦੁਰਗਾ ਦੇ ਦਰਬਾਰ ’ਚ ਅਰਜ਼ੀ ਲਾ ਚੜ੍ਹਾਏ ਨਿੰਬੂ

04/20/2022 3:12:48 PM

ਨੈਸ਼ਨਲ ਡੈਸਕ- ਪੈਟਰੋਲ-ਡੀਜ਼ਲ ਅਤੇ ਰਸੋਈ ਗੈਸ ਦੀਆਂ ਕੀਮਤਾਂ ’ਚ ਵਾਧੇ ਦਰਮਿਆਨ ਨਿੰਬੂਆਂ ਦੀ ਕੀਮਤ ਵੀ ਆਸਮਾਨ ਛੂਹ ਰਹੀ ਹੈ। ਜੋ ਨਿੰਬੂ ਪਹਿਲਾਂ ਕਰੀਬ 10 ਰੁਪਏ ’ਚ 4 ਮਿਲਦੇ ਸਨ, ਉੱਥੇ ਹੀ ਇਕ ਨਿੰਬੂ ਹੁਣ 15 ਰੁਪਏ ’ਚ ਇਕ ਮਿਲ ਰਿਹਾ ਹੈ। ਗਰਮੀ ’ਚ ਲੋਕ ਜਿੱਥੇ ਨਿੰਬੂ ਪਾਣੀ ਪੀ ਕੇ ਗਰਮੀ ਤੋਂ ਰਾਹਤ ਪਾਉਂਦੇ ਸਨ, ਉੱਥੇ ਹੀ ਨਿੰਬੂ ਦੀਆਂ ਵਧਦੀਆਂ ਕੀਮਤਾਂ ਨੂੰ ਲੈ ਕੇ ਲੋਕਾਂ ਨੇ ਪੂਜਾ ਕਰਨੀ ਸ਼ੁਰੂ ਕਰ ਦਿੱਤੀ ਹੈ।

ਵਾਰਾਣਸੀ ਦੇ ਚੰਦੁਆ ਚਿਤੂਪੁਰ ਇਲਾਕੇ ’ਚ ਅਜਿਹਾ ਹੋਇਆ, ਜਿੱਥੇ ਨਿੰਬੂ ਸਸਤਾ ਕਰਨ ਲਈ ਇਕ ਭਗਤ ਨੇ ਮਾਂ ਦੁਰਗਾ ਦੇ ਚਰਨਾਂ ’ਚ ਵੱਡੀ ਗਿਣਤੀ ’ਚ ਨਿੰਬੂਆਂ ਦੇ ਹਾਰ ਚੜ੍ਹਾਏ ਅਤੇ ਮਾਂ ਤੋਂ ਨਿੰਬੂ ਸਸਤਾ ਕਰਨ ਦੀ ਪ੍ਰਾਰਥਨਾ ਕੀਤੀ। ਨਿੰਬੂ ਚੜ੍ਹਾਉਣ ਵਾਲੇ ਸ਼ਖਸ ਨੇ ਦੱਸਿਆ ਕਿ ਬਨਾਰਸ ਵਿਚ ਤਾਂਤਰਿਕ ਵਿਦਿਆ ਹੁਣ ਵੀ ਕੰਮ ਕਰਦੀ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਸੁਣਨ ਨੂੰ ਤਿਆਰ ਨਹੀਂ ਹੈ ਅਤੇ ਪ੍ਰਸ਼ਾਸਨ ਵੀ ਇਸ ਸਮੱਸਿਆ ਨੂੰ ਆਪਣੇ ਧਿਆਨ ’ਚ ਨਹੀਂ ਲੈਣਾ ਚਾਹੁੰਦਾ। ਜਮ੍ਹਾਂਖੋਰੀ ਅਤੇ ਕਾਲਾਬਜ਼ਾਰੀ ਕਾਰਨ ਨਿੰਬੂਆਂ ਦੀ ਕੀਮਤ ਬੇਤਹਾਸ਼ਾ ਵੱਧ ਗਈ ਹੈ ਅਤੇ ਉਹ ਸਾਡੇ ਦਾਇਰੇ ’ਚੋਂ ਬਾਹਰ ਚਲੇ ਗਏ ਹਨ। ਹੁਣ ਤੰਤਰ-ਮੰਤਰ ਦੇ ਸਹਾਰੇ ਮਹਿੰਗਾਈ ’ਤੇ ਕਾਬੂ ਪਾਇਆ ਜਾ ਸਕਦਾ ਹੈ। ਉਨ੍ਹਾਂ ਨੇ ਉਮੀਦ ਜਤਾਈ ਕਿ ਨਿੰਬੂ ਚੜ੍ਹਾਉਣ ਮਗਰੋਂ ਹੀ ਮਹਿੰਗਾਈ ਕਾਬੂ ’ਚ ਆਵੇਗੀ।

ਦੱਸ ਦੇਈਏ ਕਿ ਦੇਸ਼ ਦੇ ਕਈ ਸੂਬਿਆਂ ’ਚ ਨਿੰਬੂ 300 ਰੁਪਏ ਤਾਂ ਕਿਤੇ 350 ਰੁਪਏ ਵਿਕ ਰਹੇ ਹਨ। ਪਿਛਲੇ ਮਹੀਨੇ ਨਿੰਬੂ ਦੀ ਕੀਮਤ 60-70 ਰੁਪਏ ਪ੍ਰਤੀ ਕਿਲੋ ਸੀ। ਜਾਣਕਾਰਾਂ ਦਾ ਕਹਿਣਾ ਹੈ ਕਿ ਰਮਜ਼ਾਨ ਦੇ ਚੱਲਦੇ ਵੀ ਕੀਮਤਾਂ ’ਚ ਵਾਧਾ ਵੇਖਿਆ ਗਿਆ ਹੈ, ਜਿਸ ਦੇ ਚੱਲਦੇ ਨਿੰਬੂ ਪੀਸ ਦੇ ਹਿਸਾਬ ਨਾਲ ਵੀ ਵਿਕ ਰਹੇ ਹਨ।


Tanu

Content Editor

Related News