ਮਹਿਲਾ ਸ਼ਰਧਾਲੂਆਂ ਨੂੰ ਸਬਰੀਮਾਲਾ 'ਚ ਦਰਸ਼ਨ ਦੇ ਬਿਨਾਂ ਹੀ ਆਉਣਾ ਪਿਆ
Monday, Dec 24, 2018 - 10:43 AM (IST)

ਸਬਰੀਮਾਲਾ— ਭਗਵਾਨ ਅਯੱਪਾ ਦੇ ਮੰਦਰ ਤੱਕ ਪੁੱਜਣ ਲਈ ਸਬਰੀਮਾਲਾ ਪਹਾੜੀ ਦੀ ਚੜ੍ਹਾਈ ਕਰਨ ਦੀ ਕੋਸ਼ਿਸ਼ ਕਰਨ ਵਾਲੀਆਂ 2 ਔਰਤਾਂ ਨੂੰ ਸ਼ਰਧਾਲੂਆਂ ਦੇ ਲਗਾਤਾਰ ਵਿਰੋਧ ਪ੍ਰਦਰਸ਼ਨ ਕਾਰਨ ਦਰਸ਼ਨ ਕੀਤੇ ਬਿਨਾਂ ਵਾਪਸ ਆਉਣ 'ਤੇ ਮਜ਼ਬੂਰ ਹੋਣਾ ਪਿਆ। ਬਿੰਦੂ ਅਤੇ ਕਨਕਦੁਰਗਾ ਦੀ ਇਹ ਕੋਸ਼ਿਸ਼ ਚੇਨਈ ਦੇ ਸੰਗਠਨ 'ਮਨਿਥੀ' ਦੀਆਂ 11 ਮਹਿਲਾ ਵਰਕਰਾਂ ਦੇ ਮੰਦਰ ਪੁੱਜਣ ਦੀ, ਇਕ ਦਿਨ ਪਹਿਲਾਂ ਦੀ ਅਸਫ਼ਲ ਕੋਸ਼ਿਸ਼ ਤੋਂ ਬਾਅਦ ਹੋਇਆ ਹੈ। ਸਵੇਰੇ ਕਰੀਬ 4 ਵਜੇ ਪੰਬਾ ਪੁੱਜਣ ਵਾਲੀਆਂ ਦੋਵੇਂ ਔਰਤਾਂ ਨੂੰ ਮੰਦਰ ਕੰਪਲੈਕਸ ਤੋਂ ਇਕ ਕਿਲੋਮੀਟਰ ਪਹਿਲਾਂ ਅਪਾਚੀਮੇਦੂ ਅਤੇ ਮਰਾਕੂਟਮ 'ਚ ਸ਼ਰਧਾਲੂਆਂ ਦੇ ਸਖਤ ਵਿਰੋਧ ਦਾ ਸਾਹਮਣਾ ਕਰਨਾ ਪਿਆ। ਪੁਲਸ ਦੀ ਸੁਰੱਖਿਆ 'ਚ ਅੱਗੇ ਵਧ ਰਹੀਆਂ ਔਰਤਾਂ ਨੂੰ ਰੋਕਣ ਲਈ ਅਯੱਪਾ ਸ਼ਰਧਾਲੂ ਵੱਡੀ ਗਿਣਤੀ 'ਚ ਇਕੱਠੇ ਹੋ ਗਏ ਅਤੇ ਕਰੀਬ ਇਕ ਘੰਟੇ ਤੱਕ ਪੁਲਸ ਦੇ ਨਾਲ ਹੀ ਉਨ੍ਹਾਂ ਦੀ ਬਹਿਸ ਚੱਲੀ। ਪੁਲਸ ਨੇ ਵਾਪਸ ਜਾਓ ਚੀਕ ਰਹੇ ਅਤੇ ਅਯੱਪਾ ਦਾ ਮੰਤਰ ਕਰ ਰਹੇ ਸ਼ਰਧਾਲੂਆਂ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਪਰ ਕਿਸੇ ਵੀ ਸੂਰਤ 'ਚ ਪਿੱਛੇ ਹਟਣ ਨੂੰ ਨਹੀਂ ਤਿਆਰ ਗੁੱਸਾਏ ਸ਼ਰਧਾਲੂਆਂ ਕਾਰਨ ਮਾਹੌਲ ਤਣਾਅਪੂਰਨ ਹੋ ਗਿਆ। ਛੋਟੇ ਬੱਚਿਆਂ ਸਮੇਤ ਪ੍ਰਦਰਸ਼ਨਕਾਰੀਆਂ ਦੀ ਵਧਦੀ ਗਿਣਤੀ ਨੂੰ ਦੇਖਦੇ ਹੋਏ ਅਤੇ ਸਥਿਤੀ ਬੇਕਾਬੂ ਹੋਣ ਦੇ ਡਰ ਕਾਰਨ ਪੁਲਸ ਨੇ ਔਰਤਾਂ ਨੂੰ ਵਾਪਸ ਜਾਣ ਦੀ ਸਲਾਹ ਦਿੱਤੀ।
ਇਨ੍ਹਾਂ ਔਰਤਾਂ ਨੂੰ ਇਸ ਤੋਂ ਪਹਿਲਾਂ ਸ਼ਰਧਾਲੂਆਂ ਨੇ ਸਬਰੀਮਾਲਾ ਦੇ ਰਸਤੇ 'ਚ ਪੈਣ ਵਾਲੇ ਅਪਾਚੀਮੇਦੁ 'ਚ ਰੋਕ ਦਿੱਤਾ ਸੀ, ਜਿਨ੍ਹਾਂ ਨੂੰ ਬਾਅਦ 'ਚ ਪੁਲਸ ਨੇ ਹਟਾ ਦਿੱਤਾ। ਭਾਜਪਾ ਨੇ ਵੀ ਇਨ੍ਹਾਂ 2 ਔਰਤਾਂ ਦੇ ਘਰ ਦੇ ਸਾਹਮਣੇ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਸੀ। ਕਨਕਦੁਰਗਾ ਦੇ ਬੇਹੋਸ਼ ਹੋਣ ਦੀਆਂ ਖਬਰਾਂ ਦਰਮਿਆਨ ਬਿੰਦੂ ਨੇ ਦੱਸਿਆ ਕਿ ਉਨ੍ਹਾਂ ਨੂੰ ਰੋਕਣ ਲਈ ਝੂਠ ਬੋਲਿਆ ਗਿਆ ਅਤੇ ਉਨ੍ਹਾਂ ਦੇ ਨਾਲ ਕੁਝ ਵੀ ਅਜਿਹਾ ਨਹੀਂ ਹੋਇਆ। ਬਿੰਦੂ ਨੇ ਦੋਸ਼ ਲਗਾਇਆ ਕਿ ਪੁਲਸ ਨੇ ਜ਼ਬਰਨ ਉਨ੍ਹਾਂ ਨੂੰ ਮੰਦਰ ਜਾਣ ਤੋਂ ਰੋਕਿਆ। ਔਰਤ ਨੇ ਕਿਹਾ ਕਿ ਉਨ੍ਹਾਂ ਨੇ ਪੁਲਸ ਦੀ ਸੁਰੱਖਿਆ ਨਹੀਂ ਮੰਗੀ ਸੀ ਪਰ ਸੁਰੱਖਿਆ ਮੁਹੱਈਆ ਕਰਵਾਉਣਾ ਉਨ੍ਹਾਂ ਦੀ ਜ਼ਿੰਮੇਵਾਰੀ ਹੈ, ਕਿਉਂਕਿ ਇਹ ਸੁਪਰੀਮ ਕੋਰਟ ਦਾ ਫੈਸਲਾ ਹੈ। ਜ਼ਿਕਰਯੋਗ ਹੈ ਕਿ ਸੁਪਰੀਮ ਕੋਰਟ ਦੇ ਫੈਸਲੇ ਦੇ ਬਾਅਦ ਤੋਂ ਹੁਣ ਤੱਕ ਮੰਦਰ 'ਚ 10-50 ਉਮਰ ਵਰਗ ਦੀ ਕੋਈ ਵੀ ਔਰਤ ਪ੍ਰਵੇਸ਼ ਨਹੀਂ ਕਰ ਸਕਦੀ ਹੈ। ਇਸ ਉਮਰ ਵਰਗ ਦੀਆਂ ਔਰਤਾਂ ਦੇ ਪ੍ਰਵੇਸ਼ 'ਤੇ ਰਵਾਇਤੀ ਰੂਪ ਨਾਲ ਰੋਕ ਲੱਗੀ ਹੋਈ ਸੀ। ਸਾਰੇ ਉਮਰ ਵਰਗ ਦੀਆਂ ਔਰਤਾਂ ਨੂੰ ਮੰਦਰ 'ਚ ਪ੍ਰਵੇਸ਼ ਦੀ ਇਜਾਜ਼ਤ ਦੇਣ ਵਾਲੇ 28 ਸਤੰਬਰ ਦੇ ਫੈਸਲੇ ਨੂੰ ਲੈ ਕੇ ਕੇਰਲ 'ਚ ਸ਼ਰਧਾਲੂਆਂ ਅਤੇ ਭਾਜਪਾ ਨੇ ਵੱਡੇ ਪੈਮਾਨੇ 'ਤੇ ਵਿਰੋਧ ਪ੍ਰਦਰਸ਼ਨ ਕੀਤਾ ਹੈ। ਸਾਲਾਨਾ ਤੀਰਥ ਯਾਤਰਾ ਦਾ ਪਹਿਲਾ ਪੜਾਅ 27 ਦਸੰਬਰ ਨੂੰ ਖਤਮ ਹੋਣ ਵਾਲਾ ਹੈ ਅਤੇ ਪਿਛਲੇ ਕੁਝ ਦਿਨਾਂ ਤੋਂ ਇੱਥੇ ਸ਼ਰਧਾਲੂਆਂ ਦੀ ਕਾਫੀ ਭੀੜ ਨਜ਼ਰ ਆ ਰਹੀ ਹੈ।