ਭੁੱਲਰ ਦੀ ਰਿਹਾਈ ਲਈ ਆਰ. ਪੀ. ਸਿੰਘ 10 ਨੂੰ ਮਨੁੱਖੀ ਅਧਿਕਾਰ ਦਿਵਸ ’ਤੇ ਬੰਨ੍ਹਣਗੇ ਕਾਲੀ ਪੱਗ
Friday, Dec 08, 2023 - 02:07 PM (IST)
ਨਵੀਂ ਦਿੱਲੀ, (ਜ. ਬ.)– ਭਾਰਤੀ ਜਨਤਾ ਪਾਰਟੀ ਦੇ ਕੌਮੀ ਬੁਲਾਰੇ ਆਰ. ਪੀ. ਸਿੰਘ ਨੇ ਕਿਹਾ ਹੈ ਕਿ ਉਹ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦੀ ਮੰਗ ਨੂੰ ਲੈ ਕੇ 10 ਦਸੰਬਰ ਨੂੰ ਮਨੁੱਖੀ ਅਧਿਕਾਰ ਦਿਵਸ ’ਤੇ ਕਾਲੀ ਪੱਗ ਬੰਨ੍ਹਣਗੇ। ਭੁੱਲਰ ਇਸ ਵੇਲੇ ਕੇਂਦਰੀ ਜੇਲ ਅੰਮ੍ਰਿਤਸਰ ਦੇ ਜ਼ਰੀਏ ਅੰਮ੍ਰਿਤਸਰ ਦੇ ਸਰਕਾਰੀ ਹਸਪਤਾਲ ਦੇ ਮਨੋਰੋਗ ਇਲਾਜ ਵਿਭਾਗ ’ਚ ਦਾਖਲ ਹਨ। ਹਸਪਤਾਲ ਵਿਚ ਭੁੱਲਰ ਦਾ ਸਿਜ਼ੋਫ੍ਰੇਨੀਆ ਦਾ ਇਲਾਜ ਚੱਲ ਰਿਹਾ ਹੈ। ਆਰ. ਪੀ. ਸਿੰਘ ਨੇ ਦੱਸਿਆ ਕਿ ਭੁੱਲਰ ਨੂੰ ਉਮਰਕੈਦ ਦੀ ਸਜ਼ਾ ਮਿਲੀ ਹੈ। ਉਹ 28 ਸਾਲ ਤੋਂ ਵੱਧ ਦਾ ਸਮਾਂ ਜੇਲ ਵਿਚ ਬਿਤਾ ਚੁੱਕਾ ਹੈ ਅਤੇ ਪਿਛਲੇ 12 ਸਾਲਾਂ ਤੋਂ ਹਸਪਤਾਲ ਵਿਚ ਹੈ।
ਵਰਣਨਯੋਗ ਹੈ ਕਿ ਭੁੱਲਰ ਦਾ ਮਾਮਲਾ ਦਿੱਲੀ ਸਰਕਾਰ ਦੇ ਸਜ਼ਾ ਸਮੀਖਿਆ ਬੋਰਡ ਕੋਲ ਪੈਂਡਿੰਗ ਹੈ। ਇਸ ਲਈ ਆਰ. ਪੀ. ਸਿੰਘ ਨੇ ਪਿਛਲੇ ਦਿਨੀਂ ਦਿੱਲੀ ਦੇ ਉਪ-ਰਾਜਪਾਲ ਵਿਨੇ ਕੁਮਾਰ ਸਕਸੈਨਾ ਨਾਲ ਮੁਲਾਕਾਤ ਕੀਤੀ ਸੀ ਅਤੇ ਉਨ੍ਹਾਂ ਦੇ ਧਿਆਨ ਵਿਚ ਇਹ ਗੱਲ ਲਿਆ ਕੇ ਉਨ੍ਹਾਂ ਨੂੰ ਭੁੱਲਰ ਦੀ ਫਾਈਲ ’ਤੇ ਜਲਦੀ ਫੈਸਲਾ ਲੈਣ ਲਈ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਸਰਕਾਰ ਨਾਲ ਇਸ ਵਿਸ਼ੇ ’ਤੇ ਗੱਲ ਕਰਨ ਦੀ ਬੇਨਤੀ ਕੀਤੀ ਸੀ।
ਆਰ. ਪੀ. ਸਿੰਘ ਨੇ ਉਪ-ਰਾਜਪਾਲ ਸਕਸੈਨਾ ਨੂੰ ਇਸ ਗੱਲ ਤੋਂ ਜਾਣੂ ਕਰਾਇਆ ਸੀ ਕਿ ਭੁੱਲਰ ਹੁਣ ਤਕ ਲੰਬੀ ਕੈਦ ਕੱਟ ਚੁੱਕਾ ਹੈ ਅਤੇ ਹਸਪਤਾਲ ਵਿਚ ਇਲਾਜ ਦਾ ਕੁਝ ਅਸਰ ਵੀ ਉਸ ਉੱਪਰ ਨਜ਼ਰ ਆ ਰਿਹਾ ਹੈ ਪਰ ਜੇ ਹਮਦਰਦੀ ਕਰ ਕੇ ਉਸ ਦੀ ਰਿਹਾਈ ਕਰ ਦਿੱਤੀ ਜਾਵੇ ਅਤੇ ਉਸ ਨੂੰ ਪਰਿਵਾਰ ਨਾਲ ਰਹਿਣ ਦੀ ਇਜਾਜ਼ਤ ਮਿਲ ਜਾਵੇ ਤਾਂ ਉਸ ਦੀ ਦਿਮਾਗੀ ਸਿਹਤ ਵਿਚ ਜ਼ਿਆਦਾ ਸੁਧਾਰ ਹੋ ਸਕਦਾ ਹੈ।