ਫਗਵਾੜਾ ’ਚ ਵੱਡੀ ਸਾਜ਼ਿਸ਼ ਨਾਕਾਮ? ਪੁਲਸ ਦੇ ਸਟਿੱਕਰ ਵਾਲੀ ‘ਕਾਲੀ ਵਰਨਾ’ ਨੇ ਪਾਈਆਂ ਭਾਜੜਾਂ, ਪਿਸਤੌਲ ਬਰਾਮਦ

Tuesday, Apr 21, 2026 - 03:55 AM (IST)

ਫਗਵਾੜਾ ’ਚ ਵੱਡੀ ਸਾਜ਼ਿਸ਼ ਨਾਕਾਮ? ਪੁਲਸ ਦੇ ਸਟਿੱਕਰ ਵਾਲੀ ‘ਕਾਲੀ ਵਰਨਾ’ ਨੇ ਪਾਈਆਂ ਭਾਜੜਾਂ, ਪਿਸਤੌਲ ਬਰਾਮਦ

ਫਗਵਾੜਾ (ਜਲੋਟਾ) : ਪਿੰਡ ਚਹੇੜੂ ਵਿਚ ਉਸ ਸਮੇਂ ਹਫੜਾ-ਦਫੜੀ ਮਚ ਗਈ, ਜਦੋਂ ਪੁਲਸ ਨੇ ਰੇਲਵੇ ਲਾਈਨਾਂ ਨੇੜੇ ਲਾਵਾਰਿਸ ਹਾਲਤ ’ਚ ਖੜ੍ਹੀ ਇਕ ਸ਼ੱਕੀ ਕਾਰ ਵਿਚੋਂ ਵਿਦੇਸ਼ੀ ਪਿਸਤੌਲ ਅਤੇ ਗੋਲੀ-ਸਿੱਕਾ ਆਦਿ ਬਰਾਮਦ ਕੀਤਾ। ਜਾਣਕਾਰੀ ਅਨੁਸਾਰ ਪੁਲਸ ਨੇ ਕਾਲੀ ਵਰਨਾ ਕਾਰ ਵਿਚੋਂ ਇਕ ਚਾਈਨਾ-ਮੇਡ ਪਿਸਤੌਲ ਅਤੇ 7 ਜ਼ਿੰਦਾ ਕਾਰਤੂਸ ਜ਼ਬਤ ਕੀਤੇ ਹਨ। ਇਹ ਕਾਲੀ ਕਾਰ ਕਿਸ ਦੀ ਹੈ ਅਤੇ ਇਸ ਉੱਪਰ ਪੰਜਾਬ ਪੁਲਸ ਦਾ ਸਟਿੱਕਰ ਕਿਉਂ ਲੱਗਿਆ ਹੋਇਆ ਹੈ, ਸਬੰਧੀ ਇਲਾਕੇ ਵਿਚ ਤਰ੍ਹਾਂ-ਤਰ੍ਹਾਂ ਦੀਆਂ ਚਰਚਾਵਾਂ ਦੇ ਵਿਚਕਾਰ ਫਗਵਾੜਾ ਪੁਲਸ ਸਾਰੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ। ਇਸ ਘਟਨਾਕ੍ਰਮ ਤੋਂ ਬਾਅਦ ਇਲਾਕੇ ਦੇ ਲੋਕਾਂ ਵਿਚ ਡਰ ਅਤੇ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ।

PunjabKesari

ਜਾਣਕਾਰੀ ਅਨੁਸਾਰ ਮਾਮਲਾ ਉਦੋਂ ਸਾਹਮਣੇ ਆਇਆ, ਜਦੋਂ ਸਵੇਰੇ ਇਕ ਰਾਹਗੀਰ ਨੇ ਪਿੰਡ ਚਹੇੜੂ ਪੁਲਸ ਚੌਕੀ ਦੇ ਇੰਚਾਰਜ ਨੂੰ ਸੂਚਨਾ ਦਿੱਤੀ ਕਿ ਰੇਲਵੇ ਲਾਈਨਾਂ ਦੇ ਕੋਲ ਇਕ ਕਾਲੇ ਰੰਗ ਦੀ ਵਰਨਾ ਕਾਰ ਕਾਫੀ ਸਮੇਂ ਤੋਂ ਲਾਵਾਰਿਸ ਹਾਲਤ ਵਿਚ ਖੜ੍ਹੀ ਹੈ। ਸੂਚਨਾ ਦੀ ਗੰਭੀਰਤਾ ਨੂੰ ਦੇਖਦੇ ਹੋਏ ਪੁਲਸ ਟੀਮ ਨੇ ਤੁਰੰਤ ਮੌਕੇ ’ਤੇ ਪਹੁੰਚ ਕੇ ਇਲਾਕੇ ਨੂੰ ਘੇਰੇ ਵਿਚ ਲੈ ਲਿਆ। ਜਦੋਂ ਪੁਲਸ ਨੇ ਸ਼ੱਕੀ ਕਾਰ ਦੀ ਬਾਰੀਕੀ ਨਾਲ ਤਲਾਸ਼ੀ ਲਈ ਤਾਂ ਉਸ ਵਿਚੋਂ ਇਕ ਅਤਿ-ਆਧੁਨਿਕ ਚਾਈਨਾ-ਮੇਡ ਪਿਸਤੌਲ ਅਤੇ 7 ਜ਼ਿੰਦਾ ਕਾਰਤੂਸ ਬਰਾਮਦ ਹੋਏ। ਪੁਲਸ ਲਈ ਸਭ ਤੋਂ ਹੈਰਾਨੀ ਵਾਲੀ ਗੱਲ ਇਹ ਰਹੀ ਕਿ ਇਸ ਨਿੱਜੀ ਵਾਹਨ ਉੱਪਰ ‘ਪੁਲਸ’ ਦਾ ਸਟਿੱਕਰ ਲੱਗਿਆ ਹੋਇਆ ਸੀ। ਅਜਿਹੇ ’ਚ ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਇਹ ਸਭ ਕਿਸੇ ਵੱਡੀ ਸਾਜ਼ਿਸ਼ ਜਾਂ ਅਪਰਾਧੀਆਂ ਵੱਲੋਂ ਪੁਲਸ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਤਾਂ ਨਹੀਂ ਸੀ? ਜਾਂ ਫਿਰ ਕੋਈ ਵੱਡੀ ਵਾਰਦਾਤ ਹੋਣ ਵਾਲੀ ਸੀ?

ਸੂਤਰਾਂ ਨੇ ਦੱਸਿਆ ਕਿ ਪੁਲਸ ਇਲਾਕੇ ਦੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਬੈਕਵਰਡ ਅਤੇ ਫਾਰਵਰਡ ਫੁਟੇਜ ਖੰਗਾਲ ਰਹੀ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਕਾਰ ਨੂੰ ਉੱਥੇ ਕੌਣ ਛੱਡ ਕੇ ਗਿਆ ਅਤੇ ਉਸ ਸਮੇਂ ਕਾਰ ਵਿਚ ਕਿੰਨੇ ਲੋਕ ਸਵਾਰ ਸਨ। ਗੱਡੀ ਦੇ ਰਜਿਸਟ੍ਰੇਸ਼ਨ ਨੰਬਰ ਰਾਹੀਂ ਉਸ ਦੇ ਮਾਲਕ ਦਾ ਪਤਾ ਲਗਾਉਣ ਦੀ ਪ੍ਰਕਿਰਿਆ ਜਾਰੀ ਹੈ। ਪੁਲਸ ਇਹ ਵੀ ਜਾਂਚ ਰਹੀ ਹੈ ਕਿ ਕੀ ਇਹ ਗੱਡੀ ਚੋਰੀ ਦੀ ਹੈ ਜਾਂ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਲਈ ਵਰਤੀ ਗਈ ਸੀ।

ਨਸ਼ਾ ਤਸਕਰੀ ਦਾ ਸ਼ੱਕ, ਕਾਰ ਦੇ ਅੰਦਰ ਹੋਰ ਸਮੱਗਰੀ ਦੀ ਵੀ ਜਾਂਚ

ਮੌਕੇ ’ਤੇ ਮੌਜੂਦ ਜਾਂਚ ਅਧਿਕਾਰੀ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਚਹੇੜੂ ਰੇਲਵੇ ਲਾਈਨ ਨੇੜੇ ਇੱਕ ਲਾਵਾਰਿਸ ਕਾਲੀ ਵਰਨਾ ਖੜ੍ਹੀ ਹੈ। ਤਲਾਸ਼ੀ ਦੌਰਾਨ ਸਾਨੂੰ ਇਕ ਚਾਈਨਾ-ਮੇਡ ਪਿਸਤੌਲ ਅਤੇ 7 ਜ਼ਿੰਦਾ ਰਾਊਂਡ ਮਿਲੇ ਹਨ। ਗੱਡੀ ’ਤੇ ਪੁਲਸ ਦਾ ਸਟਿੱਕਰ ਲੱਗਿਆ ਹੋਣਾ ਇੱਕ ਗੰਭੀਰ ਵਿਸ਼ਾ ਹੈ। ਅਸੀਂ ਹਰ ਪਹਿਲੂ ਤੋਂ ਮਾਮਲੇ ਦੀ ਤਫਤੀਸ਼ ਕਰ ਰਹੇ ਹਾਂ ਅਤੇ ਜਲਦ ਹੀ ਮੁਲਜ਼ਮਾਂ ਨੂੰ ਸਲਾਖਾਂ ਪਿੱਛੇ ਭੇਜ ਦਿੱਤਾ ਜਾਵੇਗਾ। ਕਾਰ ਦੇ ਅੰਦਰ ਕਿਸੇ ਹੋਰ ਪਾਬੰਦੀਸ਼ੁਦਾ ਸਮੱਗਰੀ ਜਾਂ ਨਸ਼ੇ ਦੀ ਮੌਜੂਦਗੀ ਦੀ ਵੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।

PunjabKesari

ਖੇਤਰ ’ਚ ਸੁਰੱਖਿਆ ਸਖ਼ਤ

ਉਕਤ ਬਰਾਮਦਗੀ ਤੋਂ ਬਾਅਦ ਫਗਵਾੜਾ ਅਤੇ ਆਸ-ਪਾਸ ਦੇ ਇਲਾਕਿਆਂ ਵਿਚ ਸੁਰੱਖਿਆ ਵਧਾ ਦਿੱਤੀ ਗਈ ਹੈ। ਪੁਲਸ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਕੀ ਇਸ ਗੱਡੀ ਦੀ ਵਰਤੋਂ ਹਾਲ ਹੀ ਵਿਚ ਹੋਈ ਕਿਸੇ ਅਪਰਾਧਿਕ ਘਟਨਾ ਵਿਚ ਕੀਤੀ ਗਈ ਸੀ ਜਾਂ ਫਿਰ ਇਹ ਕਿਸੇ ਵੱਡੀ ਵਾਰਦਾਤ ਦੀ ਤਿਆਰੀ ਸੀ। ਪੁਲਸ ਅਧਿਕਾਰੀਆਂ ਦਾ ਦਾਅਵਾ ਹੈ ਕਿ ਮਾਮਲੇ ਨੂੰ ਜਲਦ ਹੀ ਸੁਲਝਾ ਲਿਆ ਜਾਵੇਗਾ ਅਤੇ ਸੱਚਾਈ ਸਾਹਮਣੇ ਆ ਜਾਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News