ਗੁਰਦਾਸਪੁਰ : ਬਿਜਲੀ ਦੀਆਂ ਤਾਰਾਂ ਕਾਰਨ ਲੱਗੀ ਭਿਆਨਕ ਅੱਗ, 10 ਏਕੜ ਕਣਕ ਸੜ ਕੇ ਸੁਆਹ

Wednesday, Apr 22, 2026 - 10:32 PM (IST)

ਗੁਰਦਾਸਪੁਰ : ਬਿਜਲੀ ਦੀਆਂ ਤਾਰਾਂ ਕਾਰਨ ਲੱਗੀ ਭਿਆਨਕ ਅੱਗ, 10 ਏਕੜ ਕਣਕ ਸੜ ਕੇ ਸੁਆਹ

ਗੁਰਦਾਸਪੁਰ (ਵਿਨੋਦ) : ਗੁਰਦਾਸਪੁਰ ਦੇ ਪਿੰਡ ਚੱਕ ਸ਼ਰੀਫ ਅਤੇ ਨੇੜਲੇ ਪਿੰਡਾਂ ਵਿੱਚ ਬਿਜਲੀ ਦੀਆਂ ਨੀਵੀਆਂ ਤਾਰਾਂ ਕਾਰਨ ਭਿਆਨਕ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਵਿੱਚ ਲਗਭਗ 10 ਏਕੜ ਖੜੀ ਕਣਕ ਦੀ ਫਸਲ ਸੜ ਕੇ ਸੁਆਹ ਹੋ ਗਈ ਹੈ। ਇਸ ਦੇ ਨਾਲ ਹੀ, ਤੂੜੀ ਬਣਾਉਣ ਵਾਲਾ ਲਗਭਗ 100 ਤੋਂ 150 ਏਕੜ ਨਾੜ ਵੀ ਅੱਗ ਦੀ ਭੇਟ ਚੜ੍ਹ ਗਿਆ ਹੈ।

PunjabKesari

ਕਿਵੇਂ ਵਾਪਰਿਆ ਹਾਦਸਾ?
ਜਾਣਕਾਰੀ ਅਨੁਸਾਰ, ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਪਿੰਡ ਭੂਸ਼ ਦੇ ਨੇੜੇ ਇੱਕ ਕੰਬਾਈਨ ਖੇਤਾਂ ਵਿੱਚ ਕਣਕ ਕੱਟਣ ਲਈ ਜਾ ਰਹੀ ਸੀ। ਖੇਤਾਂ ਵਿੱਚ ਲਟਕਦੀਆਂ ਨੀਵੀਆਂ ਤਾਰਾਂ ਕੰਬਾਈਨ ਨਾਲ ਟਕਰਾ ਗਈਆਂ, ਜਿਸ ਕਾਰਨ ਨਿਕਲੀਆਂ ਚੰਗਿਆੜੀਆਂ ਨੇ ਖੜੀ ਫਸਲ ਨੂੰ ਅੱਗ ਲਗਾ ਦਿੱਤੀ। ਇਹ ਅੱਗ ਤੇਜ਼ੀ ਨਾਲ ਭੜਕਦੀ ਹੋਈ ਪਿੰਡ ਬਜਾੜ ਅਤੇ ਚੱਕ ਸ਼ਰੀਫ ਦੇ ਰਕਬੇ ਵੱਲ ਫੈਲ ਗਈ।

ਪਿੰਡ ਵਾਸੀਆਂ ਨੇ ਹਿੰਮਤ ਨਾਲ ਪਾਇਆ ਅੱਗ 'ਤੇ ਕਾਬੂ
ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਕਿਸਾਨਾਂ ਅਤੇ ਪਿੰਡ ਵਾਸੀਆਂ ਨੇ ਆਪਣੇ ਟਰੈਕਟਰਾਂ ਰਾਹੀਂ ਖੇਤਾਂ ਨੂੰ ਵਾਹ ਕੇ ਅੱਗ ਨੂੰ ਹੋਰ ਵਧਣ ਤੋਂ ਰੋਕਿਆ। ਹਾਲਾਂਕਿ ਫਾਇਰ ਬ੍ਰਿਗੇਡ ਦੀ ਗੱਡੀ ਵੀ ਮੌਕੇ 'ਤੇ ਪਹੁੰਚੀ, ਪਰ ਉਦੋਂ ਤੱਕ ਸਥਾਨਕ ਲੋਕਾਂ ਨੇ ਭਾਰੀ ਮੁਸ਼ੱਕਤ ਨਾਲ ਅੱਗ 'ਤੇ ਕਾਬੂ ਪਾ ਲਿਆ ਸੀ।

PunjabKesari

ਪੀੜਿਤ ਕਿਸਾਨਾਂ ਦੀਆਂ ਮੁਸ਼ਕਿਲਾਂ
ਇਸ ਅੱਗ ਦੀ ਲਪੇਟ ਵਿੱਚ ਆਉਣ ਵਾਲੇ ਪੀੜਿਤ ਕਿਸਾਨਾਂ ਵਿੱਚ ਮੱਖਣ ਦਾਸ, ਬਲਵੀਰ ਸਿੰਘ, ਕੁਲਬੀਰ ਸਿੰਘ ਬਜਾੜ ਅਤੇ ਮਹਿੰਦਰ ਸਿੰਘ ਬਜਾੜ ਸ਼ਾਮਲ ਹਨ। ਮਹਿੰਦਰ ਸਿੰਘ ਦੀ ਦੋ ਏਕੜ ਆਪਣੀ ਜੱਦੀ ਖੇਤੀ ਵਾਲੀ ਫਸਲ ਸੀ, ਜਦਕਿ ਬਾਕੀ ਕਿਸਾਨਾਂ ਨੇ ਜ਼ਮੀਨ ਠੇਕੇ ਉੱਤੇ ਲਈ ਹੋਈ ਸੀ।

ਸਰਕਾਰ ਤੋਂ ਮੁਆਵਜ਼ੇ ਦੀ ਮੰਗ
ਸਾਬਕਾ ਸਰਪੰਚ ਰੂਪ ਸਿੰਘ, ਸਾਬਕਾ ਚੇਅਰਮੈਨ ਪਰਮਜੀਤ ਸਿੰਘ ਅਤੇ ਹੋਰ ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਬਿਜਲੀ ਵਿਭਾਗ ਦੀ ਅਣਗਹਿਲੀ ਕਾਰਨ ਹੋਏ ਇਸ ਨੁਕਸਾਨ ਲਈ ਪੀੜਿਤ ਕਿਸਾਨਾਂ ਨੂੰ ਪੰਜਾਬ ਪਾਵਰਕੌਮ ਵੱਲੋਂ ਬਣਦਾ ਮੁਆਵਜ਼ਾ ਜਲਦ ਤੋਂ ਜਲਦ ਦਿੱਤਾ ਜਾਵੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Baljit Singh

Content Editor

Related News