'ਲਾਰੈਂਸ ਆਫ ਪੰਜਾਬ', ਵੈਬ ਸੀਰੀਜ਼ ਨੂੰ ਲੈ ਪੈ ਗਿਆ ਰੌਲਾ, ਬਲਕੌਰ ਸਿੰਘ ਨੇ ਚੁੱਕੇ ਸਵਾਲ
Tuesday, Apr 21, 2026 - 01:03 PM (IST)
ਜਲੰਧਰ : ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ 'ਚ ਮਾਸਟਰਮਾਈਂਡ ਗੈਂਗਸਟਰ ਲਾਰੈਂਸ ਬਿਸ਼ਨੋਈ ਉੱਤੇ ਇਕ ਵੈਬ ਸੀਰੀਜ਼ ਰੀਲੀਜ਼ ਹੋਣ ਜਾ ਰਹੀ ਹੈ। ਇਸ ਸੀਰੀਜ਼ ਦਾ ਨਾਂ ਵੀ 'ਲਾਰੈਂਸ ਆਫ ਪੰਜਾਬ' ਰੱਖਿਆ ਗਿਆ ਹੈ। ਗੈਂਗਸਟਰ ਲਾਰੈਂਸ ਦੇ ਜੀਵਨ ਉੱਤੇ ਬਣੀ ਇਸ ਵੈਬ ਸੀਰੀਜ਼ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ।
ਇਸ ਸੀਰੀਜ਼ ਦੇ ਖਿਲਾਫ ਖੁਦ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਮੋਰਚਾ ਖੋਲ਼੍ਹ ਦਿੱਤਾ ਹੈ। ਉਨ੍ਹਾਂ ਨੇ ਵੈਬ ਸੀਰੀਜ਼ ਦੇ ਨਾਂ ਉੱਤੇ ਸਵਾਲ ਖੜ੍ਹਾ ਕਰਦਿਆਂ ਕਿਹਾ ਕਿ ਇਸ ਵਿੱਚ ਲਾਰੈਂਸ ਨੂੰ ਹੀਰੋ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ, ਜਦਕਿ ਉਸਦੇ ਹੱਥ ਕਈ ਲੋਕਾਂ ਦੇ ਖੂਨ ਨਾਲ ਰੰਗੇ ਹੋਏ ਹਨ। ਉਨ੍ਹਾਂ ਨੇ ਇਸ ਸੀਰੀਜ਼ ਉੱਤੇ ਸਖ਼ਤ ਇਤਰਾਜ਼ ਜਤਾਇਆ ਹੈ।
ਇਸ ਤੋਂ ਪਹਿਲਾਂ ਕਾਂਗਰਸ ਦੇ ਪੰਜਾਬ ਪ੍ਰਧਾਨ ਰਾਜਾ ਵੜਿੰਗ ਨੇ ਸੀਰੀਜ਼ ਉੱਤੇ ਸਵਾਲ ਖੜ੍ਹੇ ਕੀਤੇ ਸਨ। ਵੜਿੰਗ ਨੇ ਸੋਸ਼ਲ ਮੀਡੀਆ ਐਕਸ ’ਤੇ ਕਿਹਾ ਕਿ ਮੈਂ ਆਪਣੇ ਦੋਸਤ ਸਿੱਧੂ ਮੂਸੇਵਾਲਾ ਨੂੰ ਲਾਰੈਂਸ ਬਿਸ਼ਨੋਈ ਦੀ ਗੈਂਗ ਦੇ ਹੱਥੋਂ ਖੋ ਦਿੱਤਾ। ਉਸਦੀ ਮੌਤ ਹਰ ਇੱਕ ਪੰਜਾਬੀ ਲਈ ਘਾਟਾ ਸੀ, ਦੁਨੀਆ ਭਰ ਦੇ ਲੱਖਾਂ ਫੈਨਜ਼ ਲਈ ਵੱਡਾ ਸਦਮਾ ਸੀ। ਅੱਜ ਇਕ ਓਟੀਟੀ ਪਲੇਟਫਾਰਮ ਗੈਂਗਸਟਰ ਉੱਤੇ “Lawrence of Punjab” ਨਾਂ ਦੀ ਡਾਕੂਮੈਂਟਰੀ ਸੀਰੀਜ਼ ਰਿਲੀਜ਼ ਕਰਨੀ ਚਾਹੁੰਦਾ ਹੈ? ਉਨ੍ਹਾਂ ਕਿਹਾ ਕਿ ਮੈਂ ਇੱਕ PIL ਫਾਇਲ ਕਰ ਰਿਹਾ ਹਾਂ। ਇਹ ਸੀਰੀਜ਼ ਬੈਨ ਹੋਣੀ ਚਾਹੀਦੀ ਹੈ।
