ਸਾਬਕਾ ਮੰਤਰੀ ਲਾਲਜੀਤ ਭੁੱਲਰ ਦੇ ਪਿਤਾ ਨੂੰ ਵੱਡਾ ਝਟਕਾ: ਰੰਧਾਵਾ ਖ਼ੁਦਕੁਸ਼ੀ ਮਾਮਲੇ ''ਚ ਅਗਾਊਂ ਜ਼ਮਾਨਤ ਅਰਜ਼ੀ ਰੱਦ

Thursday, Apr 23, 2026 - 06:01 AM (IST)

ਸਾਬਕਾ ਮੰਤਰੀ ਲਾਲਜੀਤ ਭੁੱਲਰ ਦੇ ਪਿਤਾ ਨੂੰ ਵੱਡਾ ਝਟਕਾ: ਰੰਧਾਵਾ ਖ਼ੁਦਕੁਸ਼ੀ ਮਾਮਲੇ ''ਚ ਅਗਾਊਂ ਜ਼ਮਾਨਤ ਅਰਜ਼ੀ ਰੱਦ

ਅੰਮ੍ਰਿਤਸਰ (ਜਸ਼ਨ) : ਜ਼ਿਲ੍ਹਾ ਵੇਅਰਹਾਊਸ ਦੇ ਡੀ. ਐੱਮ. ਗਗਨਦੀਪ ਸਿੰਘ ਰੰਧਾਵਾ ਖ਼ੁਦਕੁਸ਼ੀ ਮਾਮਲੇ ਵਿਚ ਉਸ ਵੇਲੇ ਨਵਾਂ ਮੋੜ ਆ ਗਿਆ, ਜਦੋਂ ਅਦਾਲਤ ਨੇ ਸਾਬਕਾ ਮੰਤਰੀ ਲਾਲਜੀਤ ਸਿੰਘ ਭੁੱਲਰ ਦੇ ਪਿਤਾ ਸੁਖਦੇਵ ਸਿੰਘ ਭੁੱਲਰ ਦੀ ਅਗਾਊਂ ਜ਼ਮਾਨਤ ਅਰਜ਼ੀ ਨੂੰ ਰੱਦ ਕਰਨ ਦਾ ਫ਼ੈਸਲਾ ਸੁਣਾਇਆ। ਜ਼ਿਕਰਯੋਗ ਹੈ ਕਿ ਇਸ ਮਹੱਤਵਪੂਰਨ ਮਾਮਲੇ ਵਿਚ ਗ੍ਰਿਫ਼ਤਾਰੀ ਤੋਂ ਬਚਣ ਲਈ ਸੁਖਦੇਵ ਸਿੰਘ ਭੁੱਲਰ ਵੱਲੋਂ ਅੰਮ੍ਰਿਤਸਰ ਦੇ ਜ਼ਿਲ੍ਹਾ ਅਤੇ ਸੈਸ਼ਨ ਜੱਜ ਜਤਿੰਦਰ ਕੌਰ ਦੀ ਅਦਾਲਤ ਵਿਚ ਅਰਜ਼ੀ ਦਾਇਰ ਕੀਤੀ ਗਈ ਸੀ।

ਸੁਣਵਾਈ ਦੌਰਾਨ ਦੋਵਾਂ ਧਿਰਾਂ ਵੱਲੋਂ ਤਿੱਖੀ ਦਲੀਲਬਾਜ਼ੀ ਹੋਈ। ਸ਼ਿਕਾਇਤਕਰਤਾ ਉਪਿੰਦਰਜੀਤ ਕੌਰ ਵੱਲੋਂ ਸਰਕਾਰੀ ਵਕੀਲ ਸ਼ਿਵਰਾਜ ਸਿੰਘ ਅਤੇ ਸਤਨਾਮ ਸਿੰਘ ਪੇਸ਼ ਹੋਏ, ਜਦਕਿ ਭੁੱਲਰ ਪੱਖ ਵੱਲੋਂ ਏ.ਕੇ. ਵਰਮਾਨੀ ਨੇ ਪੱਖ ਰੱਖਿਆ। ਵਰਮਾਨੀ ਨੇ ਦਲੀਲ ਦਿੱਤੀ ਕਿ ਮ੍ਰਿਤਕ ਵੱਲੋਂ ਬਣਾਈ ਗਈ ਵੀਡੀਓ ਵਿਚ ਸੁਖਦੇਵ ਸਿੰਘ ਭੁੱਲਰ ਦਾ ਨਾਮ ਨਹੀਂ ਹੈ ਅਤੇ ਇਹ ਮਾਮਲਾ ਰਾਜਨੀਤੀ ਤੋਂ ਪ੍ਰੇਰਿਤ ਹੈ। ਦੂਜੇ ਪਾਸੇ ਸ਼ਿਕਾਇਤਕਰਤਾ ਧਿਰ ਨੇ ਕਿਹਾ ਕਿ ਟੈਂਡਰ ਸੁਖਦੇਵ ਸਿੰਘ ਦੇ ਨਾਮ ’ਤੇ ਭਰਿਆ ਗਿਆ ਸੀ, ਜੋ ਇਸ ਕੇਸ ਦੀ ਮੁੱਖ ਜੜ੍ਹ ਹੈ। ਉਨ੍ਹਾਂ ਦਾਅਵਾ ਕੀਤਾ ਕਿ ਗਗਨਦੀਪ ਸਿੰਘ ਦੇ ਸਿਰ ’ਤੇ ਪਿਸਤੌਲ ਦੀ ਬੱਟ ਨਾਲ ਹਮਲਾ ਕੀਤਾ ਗਿਆ ਸੀ ਅਤੇ ਉਨ੍ਹਾਂ ਨੂੰ ਟੈਂਡਰ ਆਪਣੇ ਨਾਮ ਕਰਵਾਉਣ ਲਈ ਧਮਕਾਇਆ ਗਿਆ ਸੀ।

ਇਹ ਵੀ ਪੜ੍ਹੋ: ਪਿੱਜ਼ਾ ਵੇਚਣ ਦੀ ਆੜ 'ਚ ਚੱਲ ਰਿਹਾ ਸੀ ਹੈਰੋਇਨ ਦਾ ਧੰਦਾ! ਇਕ ਗ੍ਰਿਫਤਾਰ

ਅਦਾਲਤ ਵੱਲੋਂ ਪੁਲਸ ਨੂੰ ਫਿਟਕਾਰ

ਸੁਣਵਾਈ ਦੌਰਾਨ ਅਦਾਲਤ ਨੇ ਪੁਲਸ ਦੀ ਕਾਰਗੁਜ਼ਾਰੀ ’ਤੇ ਵੀ ਸਵਾਲ ਉਠਾਏ। ਅਦਾਲਤ ਨੇ ਕਈ ਮੌਕਿਆਂ ’ਤੇ ਪੁਲਸ ਨੂੰ ਫਿਟਕਾਰ ਲਗਾਈ ਅਤੇ ਰਿਮਾਂਡ ਦੌਰਾਨ ਸਬੂਤਾਂ (ਸੀ. ਸੀ. ਟੀ. ਵੀ. ਦੀ ਡੀ. ਵੀ. ਆਰ. ਅਤੇ ਹਥਿਆਰ) ਦੀ ਬਰਾਮਦਗੀ ਵਿਚ ਨਾਕਾਮ ਰਹਿਣ ’ਤੇ ਸਵਾਲ ਕੀਤੇ। ਪੁਲਸ ਹੁਣ ਤੱਕ ਸਿਰਫ਼ ਮੋਬਾਈਲ ਫ਼ੋਨ ਹੀ ਕਬਜ਼ੇ ਵਿਚ ਲੈ ਸਕੀ ਹੈ। ਅਦਾਲਤੀ ਫ਼ੈਸਲੇ ਤੋਂ ਬਾਅਦ ਹੁਣ ਸੁਖਦੇਵ ਸਿੰਘ ਭੁੱਲਰ ਨੂੰ ਗ੍ਰਿਫ਼ਤਾਰੀ ਤੋਂ ਬਚਣ ਲਈ ਹਾਈਕੋਰਟ ਦਾ ਰੁਖ਼ ਕਰਨਾ ਪਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News