ਰੋਹਿਤ ਸ਼ੇਖਰ ਕਤਲ ਕੇਸ: ਅਪੂਰਵਾ ਨੇ ਕਬੂਲਿਆ ਗੁਨਾਹ, 90 ਮਿੰਟ ''ਚ ਦਿੱਤਾ ਵਾਰਦਾਤ ਨੂੰ ਅੰਜ਼ਾਮ

04/24/2019 2:28:20 PM

ਨਵੀਂ ਦਿੱਲੀ- ਉੱਤਰ ਪ੍ਰਦੇਸ਼ ਅਤੇ ਉਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਨਰਾਇਣ ਦੱਤ ਤਿਵਾੜੀ ਦੇ ਬੇਟੇ ਰੋਹਿਤ ਸ਼ੇਖਰ ਤਿਵਾੜੀ ਦੇ ਕਤਲ ਕੇਸ 'ਚ ਅੱਜ ਭਾਵ ਬੁੱਧਵਾਰ ਨੂੰ ਦਿੱਲੀ ਪੁਲਸ ਦੀ ਕ੍ਰਾਈਮ ਬ੍ਰਾਂਚ ਨੇ ਰੋਹਿਤ ਦੀ ਪਤਨੀ ਅਪੂਰਵਾ ਨੂੰ ਗ੍ਰਿਫਤਾਰ ਕਰ ਲਿਆ ਸੀ, ਜਿਸ ਨੇ ਆਪਣਾ ਗੁਨਾਹ ਕਬੂਲ ਕਰ ਲਿਆ ਹੈ। ਐਡੀਸ਼ਨਲ ਪੁਲਸ ਕਮਿਸ਼ਨਰ ਰਾਜੀਵ ਰੰਜਨ ਨੇ ਦੱਸਿਆ ਹੈ, '' ਵਿਗਿਆਨਿਕ ਸਬੂਤਾਂ ਅਤੇ ਐੱਫ. ਐੱਸ. ਐੱਲ. ਰਿਪੋਰਟ ਦੀ ਮਦਦ ਨਾਲ ਅਸੀਂ ਅਪੂਰਵਾ ਨੂੰ ਗ੍ਰਿਫਤਾਰ ਕੀਤਾ। ਉਸ ਨੇ ਆਪਣੇ ਪਤੀ ਦਾ ਕਤਲ ਕਰਨ ਦੀ ਗੱਲ ਸਵੀਕਾਰ ਕਰ ਲਈ ਹੈ। ਅਪੂਰਵਾ ਨੇ ਦੱਸਿਆ ਕਿ ਸ਼ਾਦੀਸ਼ੁਦਾ ਜ਼ਿੰਦਗੀ ਤੋਂ ਨਾਖੁਸ਼ ਹੋਣ ਕਾਰਨ ਇਸ ਵਾਰਦਾਤ ਨੂੰ ਅੰਜ਼ਾਮ ਦਿੱਤਾ ਗਿਆ। ਪੁਲਸ ਮੁਤਾਬਕ ਮਾਮਲੇ ਦੀ ਸ਼ੁਰੂਆਤ 'ਚ ਅਪੂਰਵਾ ਨੇ ਕ੍ਰਾਈਮ ਬ੍ਰਾਂਚ ਦੀ ਟੀਮ ਨੂੰ ਭਟਕਾਉਣ ਦੀ ਕੋਸ਼ਿਸ਼ ਗਈ ਕੀਤੀ ਸੀ। ਫਿਰ ਅਪੂਰਵਾ ਨੇ ਸਾਰਾ ਗੁਨਾਹ ਕਬੂਲਦਿਆਂ ਹੋਇਆ ਦੱਸਿਆ, ''16 ਅਪ੍ਰੈਲ ਨੂੰ ਰੋਹਿਤ ਦੇ ਕਮਰੇ 'ਚ ਦਾਖਲ ਹੋ ਕੇ ਵਾਰਦਾਤ ਨੂੰ ਅੰਜ਼ਾਮ ਦਿੱਤਾ ਅਤੇ ਬਾਅਦ 'ਚ ਸਬੂਤਾਂ ਨੂੰ ਮਿਟਾ ਦਿੱਤਾ। ਇਹ ਸਾਰੇ ਕੰਮ ਡੇਢ ਘੰਟੇ ਦੇ ਅੰਦਰ ਕੀਤੇ ਗਏ ਸੀ।''

ਦੱਸਣਯੋਗ ਹੈ ਕਿ ਅਪੂਰਵਾ ਤੋਂ ਇਸ ਮਾਮਲੇ ਸੰਬੰਧੀ ਬੀਤੇ ਐਤਵਾਰ ਤੋਂ ਪੁੱਛ-ਗਿੱਛ ਕੀਤੀ ਜਾ ਰਹੀ ਸੀ। ਉਹ ਲਗਾਤਾਰ ਆਪਣੇ ਬਿਆਨ ਬਦਲ ਰਹੀ ਸੀ, ਜਿਸ ਤੋਂ ਪੁਲਸ ਨੂੰ ਉਸ 'ਤੇ ਸ਼ੱਕ ਹੋਇਆ। ਰੋਹਿਤ ਦੀ ਮਾਂ ਉੱਜਵਲਾ ਨੇ ਐਤਵਾਰ ਨੂੰ ਆਪਣੀ ਨੂੰਹ ਅਪੂਰਵਾ ਅਤੇ ਉਸ ਦੇ ਪਰਿਵਾਰ 'ਤੇ ਲਾਲਚੀ ਹੋਣ ਦਾ ਦੋਸ਼ ਲਗਾਉਂਦੇ ਹੋਏ ਕਿਹਾ ਸੀ ਕਿ ਉਹ ਪਰਿਵਾਰਿਕ ਸੰਪੱਤੀ ਹੜਪਣਾ ਚਾਹੁੰਦੀ ਸੀ। 

ਜ਼ਿਕਰਯੋਗ ਹੈ ਕਿ ਬੀਤੇ ਦਿਨੀਂ 16 ਅਪ੍ਰੈਲ ਨੂੰ ਰੋਹਿਤ ਸ਼ੇਖਰ ਤਿਵਾੜੀ ਨੂੰ ਕਮਰੇ 'ਚ ਮ੍ਰਿਤਕ ਹਾਲਤ 'ਚ ਮਿਲਿਆ। ਉਸ ਸਮੇਂ ਰੋਹਿਤ ਦੇ ਪਰਿਵਾਰ ਨੇ ਰੋਹਿਤ ਤਿਵਾੜੀ ਦੀ ਮੌਤ ਕੁਦਰਤੀ ਕਾਰਨਾਂ ਕਰਕੇ ਹੋਈ ਮੰਨੀ ਸੀ ਪਰ ਪੋਸਟ ਮਾਰਟਮ ਦੀ ਰਿਪੋਰਟ 'ਚ ਖੁਲਾਸਾ ਹੋਇਆ ਸੀ ਕਿ ਉਨ੍ਹਾਂ ਦੀ ਮੌਤ ਨਹੀਂ ਹੋਈ ਸਗੋਂ ਉਸ ਦਾ ਮੂੰਹ ਦਬਾ ਕੇ ਕਤਲ ਕਰਨ ਬਾਰੇ ਜਾਣਕਾਰੀ ਮਿਲੀ ਸੀ। ਇਸ ਤੋਂ ਬਾਅਦ ਦਿੱਲੀ ਦੀ ਕ੍ਰਾਈਮ ਬ੍ਰਾਂਚ ਨੇ ਕੇਸ ਦਰਜ ਕਰਕੇ ਰੋਹਿਤ ਦੇ ਪਰਿਵਾਰਿਕ ਮੈਂਬਰਾਂ ਤੋਂ ਪੁੱਛ ਗਿੱਛ ਕਰਨੀ ਸ਼ੁਰੂ ਕਰ ਦਿੱਤੀ। ਜਾਂਚ ਲਈ ਦਿੱਲੀ ਕ੍ਰਾਈਮ ਬ੍ਰਾਂਚ ਟੀਮ ਅਤੇ ਸੀਨੀਅਰ ਅਫਸਰ ਡਿਫੈਂਸ ਕਾਲੋਨੀ ਸਥਿਤ ਉਸ ਦੇ ਘਰ ਪਹੁੰਚੀ, ਜਿੱਥੇ ਉਸ ਦੇ ਘਰ 'ਚ ਮਾਂ ਉੱਜਵਲਾ, ਪਤਨੀ ਅਪੂਰਵਾ, ਸਹੁਰਾ, ਭਰਾ ਸਿਧਾਰਥ, ਡਰਾਈਵਰ ਸਮੇਤ 2 ਨੌਕਰਾਂ ਤੋਂ ਪੁੱਛ ਗਿੱਛ ਕੀਤੀ ਗਈ। ਇਸ ਤੋਂ ਇਲਾਵਾ ਘਰ ਦੇ ਸੀ. ਸੀ. ਟੀ. ਵੀ. ਕੈਮਰੇ ਸਮੇਤ ਪਰਿਵਾਰਿਕ ਮੈਂਬਰਾਂ ਦੇ ਮੋਬਾਇਲ ਅਤੇ ਰੋਹਿਤ ਦੇ ਮੋਬਾਇਲ ਦੀ ਵੀ ਜਾਂਚ ਕੀਤੀ ਗਈ। ਜਾਂਚ 'ਚ ਘਰ ਲੱਗੇ 7 ਕੈਮਰਿਆਂ 'ਚ ਉਹੀ 2 ਕੈਮਰੇ ਮਿਲੇ ਜੋਂ ਰੋਹਿਤ ਦੇ ਕਮਰੇ ਤੱਕ ਲੱਗੇ ਹੋਏ ਸੀ। ਇਸ ਤੋਂ ਇਲਾਵਾ ਅੱਜ ਸਵੇਰੇ ਪੁਲਸ ਨੇ ਰੋਹਿਤ ਦੀ ਪਤਨੀ ਨੂੰ ਗ੍ਰਿਫਤਾਰ ਕਰ ਲਿਆ ਸੀ।


Iqbalkaur

Content Editor

Related News