ਉੱਤਰ ਪ੍ਰਦੇਸ਼ ਵਿਚ ਵਾਪਰਿਆ ਭਿਆਨਕ ਸੜਕ ਹਾਦਸਾ, 24 ਮਜ਼ਦੂਰਾਂ ਦੀ ਮੌਤ ਤੇ ਕਈ ਜ਼ਖਮੀ

05/16/2020 8:24:19 AM

ਔਰੈਆ- ਉੱਤਰ ਪ੍ਰਦੇਸ਼ ਦੇ ਔਰੈਆ ਜ਼ਿਲੇ ਵਿਚ ਪ੍ਰਵਾਸੀ ਮਜ਼ਦੂਰਾਂ ਨਾਲ ਭਰੇ ਇਕ ਟਰੱਕ ਵਿਚ ਇਕ ਹੋਰ ਟਰੱਕ ਜਾ ਵੱਜਾ, ਜਿਸ ਕਾਰਨ 24 ਮਜ਼ਦੂਰਾਂ ਦੀ ਮੌਤ ਹੋ ਗਈ। ਇਸ ਘਟਨਾ ਵਿਚ 15 ਲੋਕ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਜ਼ਿਲ੍ਹਾ ਹਸਪਤਾਲ ਭੇਜਿਆ ਗਿਆ ਹੈ। ਜ਼ਿਲ੍ਹਾ ਪ੍ਰਸ਼ਾਸਨ ਮੌਕੇ 'ਤੇ ਮੌਜੂਦ ਹੈ। ਇਸ ਭਿਆਨਕ ਸੜਕ ਹਾਦਸੇ ਦੀ ਖਬਰ ਮਿਲਦਿਆਂ ਹੀ ਲੋਕ ਘਬਰਾ ਗਏ। 
ਦੇਸ਼ ਵਿਚ ਕੋਰੋਨਾ ਵਾਇਰਸ ਦੇ ਸੰਕਟ ਕਾਰਨ 24 ਮਾਰਚ ਤੋਂ ਲਾਕਡਾਊਨ ਜਾਰੀ ਹੈ। ਲਾਕਡਾਊਨ ਕਾਰਨ ਦੇਸ਼ ਵਿਚ ਆਵਾਜਾਈ ਸੇਵਾਵਾਂ ਠੱਪ ਹਨ, ਜਿਸ ਦੇ ਚੱਲਦਿਆਂ ਪ੍ਰਵਾਸੀ ਮਜ਼ਦੂਰਾਂ ਦੀ ਪਰੇਸ਼ਾਨੀ ਦਿਨੋਂ-ਦਿਨ ਵਧਦੀ ਜਾ ਰਹੀ ਹੈ। ਹਾਲਾਤ ਤੋਂ ਪਰੇਸ਼ਾਨ ਮਜ਼ਦੂਰ ਪੈਦਲ ਹੀ ਤੁਰਨ ਲਈ ਮਜਬੂਰ ਹਨ ਅਤੇ ਹੁਣ ਤੱਕ ਕਈ ਮਜ਼ਦੂਰ ਹਾਦਸਿਆਂ ਵਿਚ ਮਾਰੇ ਜਾ ਚੁੱਕੇ ਹਨ। 

ਹਾਦਸੇ ਦੀ ਜਾਣਕਾਰੀ ਮਿਲਦਿਆਂ ਹੀ ਡੀ. ਐੱਮ. ਅਤੇ ਐੱਸ. ਪੀ. ਔਰੈਆ ਸਣੇ ਕਈ ਥਾਣਿਆਂ ਦੀ ਫੋਰਸ ਮੌਕੇ 'ਤੇ ਪੁੱਜ ਗਈ। ਪੁਲਸ ਅਤੇ ਸਿਹਤ ਕਰਮਚਾਰੀ ਰਾਹਤ ਕਾਰਜਾਂ ਵਿਚ ਜੁਟੇ ਦਿਖਾਈ ਦਿੱਤੇ। ਦੱਸ ਦਈਏ ਕਿ ਸ਼ਹਿਰ ਕੋਤਵਾਲੀ ਦੇ ਮਿਹੌਲੀ ਹਾਈਵੇਅ 'ਤੇ ਇਹ ਦਰਦਨਾਕ ਹਾਦਸਾ ਵਾਪਰਿਆ। ਸਾਰੇ ਮਜ਼ਦੂਰ ਫਰੀਦਾਬਾਦ ਤੋਂ ਗੋਰਖਪੁਰ ਜਾ ਰਹੇ ਸਨ।

ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਯਾਨਾਥ ਨੇ ਇਸ ਦੁਖਦਾਈ ਘਟਨਾ 'ਤੇ ਦੁੱਖ ਸਾਂਝਾ ਕੀਤਾ ਹੈ। ਉਨ੍ਹਾਂ ਕਿਹਾ ਕਿ ਪੀੜਤਾਂ ਦੇ ਪਰਿਵਾਰਾਂ ਨੂੰ ਹਰ ਸੰਭਵ ਮਦਦ ਦਿੱਤੀ ਜਾਵੇਗੀ।


Lalita Mam

Content Editor

Related News