ਸੁੱਕ ਰਹੀ ਨਦੀ ''ਚ ਅਚਾਨਕ ਆਇਆ ਹੜ੍ਹ, ਟਰੈਕਟਰ ਸਮੇਤ ਫਸਿਆ ਚਾਲਕ

07/12/2019 11:36:12 AM

ਗਿਰੀਡੀਹ— ਝਾਰਖੰਡ ਦੇ ਗਿਰੀਡੀਹ ਜ਼ਿਲੇ 'ਚ ਨਦੀ 'ਚ ਅਚਾਨਕ ਆਏ ਹੜ੍ਹ ਕਾਰਨ ਇਕ ਵੱਡਾ ਹਾਦਸਾ ਹੁੰਦੇ-ਹੁੰਦੇ ਰਹਿ ਗਿਆ। ਲਗਭਗ ਸੁੱਕ ਚੁਕੀ ਨਦੀ ਦਾ ਵੀਰਵਾਰ ਨੂੰ ਪਾਣੀ ਦਾ ਪੱਧਰ ਅਚਾਨਕ ਵਧ ਗਿਆ, ਜਿਸ ਕਾਰਨ ਇਕ ਚਾਲਕ ਟਰੈਕਟਰ ਸਮੇਤ ਪਾਣੀ 'ਚ ਫਸ ਗਿਆ। ਬਾਅਦ 'ਚ ਜੇ.ਸੀ.ਬੀ. ਦੀ ਮਦਦ ਨਾਲ ਟਰੈਕਟਰ ਅਤੇ ਚਾਲਕ ਦੋਹਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਜ਼ਿਕਰਯੋਗ ਹੈ ਕਿ ਭਾਰੀ ਬਾਰਸ਼ ਕਾਰਨ ਦੇਸ਼ ਦੀਆਂ ਕਈ ਨਦੀਆਂ ਦੇ ਜਲ ਪੱਧਰ 'ਚ ਵਾਧਾ ਦੇਖਿਆ ਗਿਆ ਹੈ। ਦੇਸ਼ ਦੇ ਕਈ ਇਲਾਕਿਆਂ 'ਚ ਹੜ੍ਹ ਦਾ ਵੀ ਖਤਰਾ ਮੰਡਰਾ ਰਿਹਾ ਹੈ।

ਝਾਰਖੰਡ 'ਚ ਵੀ ਪਿਛਲੇ ਕਈ ਦਿਨਾਂ ਤੋਂ ਜਾਰੀ ਬਾਰਸ਼ ਤੋਂ ਬਾਅਦ ਨਦੀਆਂ ਦਾ ਜਲ ਪੱਧਰ ਵਧਿਆ ਹੈ। ਵੀਰਵਾਰ ਨੂੰ ਰਾਜ ਦੇ ਗਿਰੀਡੀਹ ਜ਼ਿਲੇ ਦੇ ਬਰਗੰਦਾ ਇਲਾਕੇ 'ਚ ਲਗਭਗ ਸੁੱਕ ਰਹੀ ਨਦੀ 'ਚ ਅਚਾਨਕ ਪਾਣੀ ਦਾ ਪੱਧਰ ਕਾਫ਼ੀ ਵਧ ਗਿਆ। ਇਸ ਦੌਰਾਨ ਪਾਣੀ ਦੇ ਵਹਾਅ 'ਚ ਚਾਲਕ ਟਰੈਕਟਰ ਸਮੇਤ ਫਸ ਗਿਆ ਸੀ। ਸੂਚਨਾ ਮਿਲਣ 'ਤੇ ਮੌਕੇ 'ਤੇ ਪਹੁੰਚੇ ਬਚਾਅ ਦਲ ਨੇ ਜੇ.ਸੀ.ਬੀ. ਪ੍ਰੋਕਲੇਨ ਮਸ਼ੀਨ ਦੀ ਮਦਦ ਨਾਲ ਪਹਿਲਾਂ ਡਰਾਈਵਰ ਨੂੰ ਸੁਰੱਖਿਅਤ ਬਾਹਰ ਕੱਢਿਆ, ਉਸ ਤੋਂ ਬਾਅਦ ਟਰੈਕਟਰ ਨੂੰ ਵੀ ਨਦੀ 'ਚੋਂ ਬਾਹਰ ਕੱਢਣ 'ਚ ਕਾਮਯਾਬੀ ਹਾਸਲ ਕੀਤੀ।
ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਰਾਜ ਦੀ ਲਗਭਗ ਸੁੱਕ ਚੁਕੀ ਚਿਲੋਈ ਨਦੀ 'ਚ ਅਚਾਨਕ ਆਏ ਹੜ੍ਹ ਕਾਰਨ ਚਤਰਾ ਜ਼ਿਲੇ ਦੇ ਬੀ.ਡੀ.ਓ. ਦੀ ਗੱਡੀ ਪਾਣੀ 'ਚ ਰੁੜਨ ਲੱਗੀ। ਇਸ ਦੌਰਾਨ ਅਧਿਕਾਰੀ ਅਤੇ ਗੱਡੀ 'ਚ ਸਵਾਰ ਹੋਰ ਲੋਕਾਂ ਨੇ ਕਿਸੇ ਤਰ੍ਹਾਂ ਵਾਹਨ ਤੋਂ ਉਤਰ ਕੇ ਆਪਣੀ ਜਾਨ ਬਚਾਈ ਸੀ।

 


DIsha

Content Editor

Related News