ਆਸਾਮ ''ਚ ਸੇਵਾਮੁਕਤ IAF ਅਧਿਕਾਰੀ ਜਾਸੂਸੀ ਦੇ ਦੋਸ਼ ''ਚ ਗ੍ਰਿਫ਼ਤਾਰ, ਪਾਕਿਸਤਾਨੀ ਏਜੰਟਾਂ ਨਾਲ ਸਬੰਧ

Sunday, Dec 14, 2025 - 02:28 PM (IST)

ਆਸਾਮ ''ਚ ਸੇਵਾਮੁਕਤ IAF ਅਧਿਕਾਰੀ ਜਾਸੂਸੀ ਦੇ ਦੋਸ਼ ''ਚ ਗ੍ਰਿਫ਼ਤਾਰ, ਪਾਕਿਸਤਾਨੀ ਏਜੰਟਾਂ ਨਾਲ ਸਬੰਧ

ਨੈਸ਼ਨਲ ਡੈਸਕ : ਭਾਰਤ ਦੇ ਉੱਤਰ-ਪੂਰਬੀ ਖੇਤਰ ਵਿੱਚ ਵੱਡੇ ਜਾਸੂਸੀ ਨੈੱਟਵਰਕ ਦਾ ਪਰਦਾਫਾਸ਼ ਹੋਇਆ ਹੈ, ਜਿਸ ਤਹਿਤ ਆਸਾਮ ਅਤੇ ਅਰੁਣਾਚਲ ਪ੍ਰਦੇਸ਼ ਵਿੱਚ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਨ੍ਹਾਂ ਵਿੱਚ ਭਾਰਤੀ ਹਵਾਈ ਸੈਨਾ (IAF) ਦਾ ਇੱਕ ਸੇਵਾਮੁਕਤ ਅਧਿਕਾਰੀ ਵੀ ਸ਼ਾਮਲ ਹੈ।
IAF ਅਧਿਕਾਰੀ ਦੀ ਗ੍ਰਿਫ਼ਤਾਰੀ
ਆਸਾਮ ਦੇ ਸੋਨਿਤਪੁਰ ਜ਼ਿਲ੍ਹੇ ਦੀ ਪੁਲਸ ਨੇ ਇੱਕ ਸੇਵਾਮੁਕਤ IAF ਅਧਿਕਾਰੀ ਕੁਲਿੰਦਰ ਸ਼ਰਮਾ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਸ 'ਤੇ ਪਾਕਿਸਤਾਨੀ ਖੁਫੀਆ ਏਜੰਟਾਂ ਨਾਲ ਸਬੰਧ ਰੱਖਣ ਦਾ ਦੋਸ਼ ਹੈ। ਪੁਲਸ ਨੂੰ ਖੁਫੀਆ ਜਾਣਕਾਰੀ ਮਿਲੀ ਸੀ ਕਿ ਕੁਲਿੰਦਰ ਸ਼ਰਮਾ ਸੋਸ਼ਲ ਮੀਡੀਆ ਰਾਹੀਂ ਪਾਕਿਸਤਾਨੀ ਏਜੰਸੀ ਨਾਲ ਜੁੜੇ ਵਿਅਕਤੀਆਂ ਦੇ ਸੰਪਰਕ ਵਿੱਚ ਸੀ ਅਤੇ ਉਨ੍ਹਾਂ ਨੂੰ ਫੌਜ ਨਾਲ ਸਬੰਧਤ ਸੰਵੇਦਨਸ਼ੀਲ ਜਾਣਕਾਰੀ ਦੇ ਰਿਹਾ ਸੀ। ਉਸ ਦੇ ਮੋਬਾਈਲ ਤੇ ਲੈਪਟਾਪ ਤੋਂ ਸ਼ੱਕੀ ਸਮੱਗਰੀ ਮਿਲੀ ਹੈ। ਸੇਵਾਮੁਕਤ ਹੋਣ ਤੋਂ ਪਹਿਲਾਂ ਕੁਲਿੰਦਰ ਸ਼ਰਮਾ ਤੇਜ਼ਪੁਰ ਏਅਰ ਫੋਰਸ ਸਟੇਸ਼ਨ 'ਤੇ ਜੂਨੀਅਰ ਵਾਰੰਟ ਅਫਸਰ ਸੀ, ਜਿੱਥੇ ਸੁਖੋਈ 30 ਸਕੁਐਡਰਨ ਸਮੇਤ ਮਹੱਤਵਪੂਰਨ ਹਵਾਈ ਸਰੋਤ ਮੌਜੂਦ ਹਨ।
ਅਰੁਣਾਚਲ ਵਿੱਚ ਸ਼ੱਕੀਆਂ ਦੀ ਗ੍ਰਿਫ਼ਤਾਰੀ
ਇਸੇ ਦੌਰਾਨ ਅਰੁਣਾਚਲ ਪ੍ਰਦੇਸ਼ ਦੀ ਰਾਜਧਾਨੀ ਈਟਾਨਗਰ ਵਿੱਚ ਵੀ ਪੁਲਿਸ ਨੇ ਸ਼ੁੱਕਰਵਾਰ ਨੂੰ ਜਾਸੂਸੀ ਦੇ ਦੋਸ਼ ਹੇਠ ਦੋ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ। ਇਹ ਗ੍ਰਿਫ਼ਤਾਰੀਆਂ ਪੱਛਮੀ ਸਿਆਂਗ ਜ਼ਿਲ੍ਹੇ ਦੇ ਆਲੋ ਅਤੇ ਚਾਂਗਲਾਂਗ ਜ਼ਿਲ੍ਹੇ ਦੇ ਮਿਆਓ ਤੋਂ ਕੀਤੀਆਂ ਗਈਆਂ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਵਿੱਚੋਂ ਇੱਕ ਦੀ ਪਛਾਣ ਜੰਮੂ-ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ਦੇ ਹਿਲਾਲ ਅਹਿਮਦ (26) ਵਜੋਂ ਹੋਈ ਹੈ।
ਪੁਲਿਸ ਦੀ ਸ਼ੁਰੂਆਤੀ ਜਾਂਚ ਵਿੱਚ ਇਹ ਸਾਹਮਣੇ ਆਇਆ ਹੈ ਕਿ ਹਿਲਾਲ ਆਪਣੇ ਸਾਥੀਆਂ ਨੂੰ ਸੁਰੱਖਿਆ ਨਾਲ ਜੁੜੀ ਸੰਵੇਦਨਸ਼ੀਲ ਜਾਣਕਾਰੀ ਭੇਜ ਰਿਹਾ ਸੀ। ਹਿਲਾਲ 25 ਨਵੰਬਰ ਨੂੰ ਪਾਪੁਮ ਪਾਰੇ ਜ਼ਿਲ੍ਹੇ ਤੋਂ ਆਲੋ ਪਹੁੰਚਿਆ ਸੀ ਅਤੇ ਉਸ ਨੇ ਉੱਥੇ ਇੱਕ ਵਪਾਰ ਮੇਲੇ ਵਿੱਚ ਕੰਬਲ ਵੇਚਣ ਦਾ ਬਹਾਨਾ ਬਣਾਇਆ ਹੋਇਆ ਸੀ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਸੁਰੱਖਿਆ ਏਜੰਸੀਆਂ ਉਸਦੇ ਪੂਰੇ ਨੈੱਟਵਰਕ ਅਤੇ ਸੰਪਰਕਾਂ ਦੀ ਜਾਂਚ ਕਰ ਰਹੀਆਂ ਹਨ।
ਪਾਕਿਸਤਾਨੀ ਟੈਲੀਗ੍ਰਾਮ ਚੈਨਲ 'Al AQSA' ਨਾਲ ਲਿੰਕ
ਇਸ ਤੋਂ ਪਹਿਲਾਂ 22 ਨਵੰਬਰ ਨੂੰ ਵੀ ਜੰਮੂ-ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ਦੇ ਦੋ ਹੋਰ ਦੋਸ਼ੀਆਂ (ਨਾਜ਼ਿਰ ਅਹਿਮਦ ਮਲਿਕ ਅਤੇ ਸਾਬਿਰ ਅਹਿਮਦ ਮੀਰ) ਨੂੰ ਈਟਾਨਗਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਨਾਜ਼ਿਰ ਨੇ ਪੁੱਛਗਿੱਛ ਦੌਰਾਨ ਮੰਨਿਆ ਸੀ ਕਿ ਉਹ ਟੈਲੀਗ੍ਰਾਮ ਰਾਹੀਂ ਪਾਕਿਸਤਾਨੀ ਹੈਂਡਲਰਾਂ ਦੇ ਸੰਪਰਕ ਵਿੱਚ ਸੀ ਅਤੇ ਫੌਜ ਅਤੇ ਅਰਧ ਸੈਨਿਕ ਬਲਾਂ ਦੀ ਤਾਇਨਾਤੀ ਬਾਰੇ ਸੰਵੇਦਨਸ਼ੀਲ ਜਾਣਕਾਰੀ ਸਾਂਝੀ ਕਰ ਰਿਹਾ ਸੀ। ਨਾਜ਼ਿਰ ਦੇ ਮੋਬਾਈਲ ਦੀ ਜਾਂਚ ਵਿੱਚ “Al AQSA” ਨਾਮਕ ਪਾਕਿਸਤਾਨੀ ਟੈਲੀਗ੍ਰਾਮ ਚੈਨਲ ਨਾਲ ਜੁੜਿਆ ਡਾਟਾ ਬਰਾਮਦ ਹੋਇਆ ਹੈ। ਇਨ੍ਹਾਂ ਸਾਰੇ ਮਾਮਲਿਆਂ ਵਿੱਚ ਭਾਰਤੀ ਨਿਆਂ ਸੰਹਿਤਾ ਅਤੇ ਆਫੀਸ਼ੀਅਲ ਸੀਕਰੇਟਸ ਐਕਟ ਦੀਆਂ ਗੰਭੀਰ ਧਾਰਾਵਾਂ ਤਹਿਤ ਕੇਸ ਦਰਜ ਕੀਤੇ ਗਏ ਹਨ।


author

Shubam Kumar

Content Editor

Related News