PM ਮੋਦੀ ਨੇ ਆਸਾਮ ''ਚ ਉੱਤਰ-ਪੂਰਬ ਦੇ ਪਹਿਲੇ ਹਾਈਵੇਅ ਐਮਰਜੈਂਸੀ ਰਨਵੇਅ ਦਾ ਕੀਤਾ ਉਦਘਾਟਨ

Saturday, Feb 14, 2026 - 01:33 PM (IST)

PM ਮੋਦੀ ਨੇ ਆਸਾਮ ''ਚ ਉੱਤਰ-ਪੂਰਬ ਦੇ ਪਹਿਲੇ ਹਾਈਵੇਅ ਐਮਰਜੈਂਸੀ ਰਨਵੇਅ ਦਾ ਕੀਤਾ ਉਦਘਾਟਨ

ਗੁਹਾਟੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਆਸਾਮ ਦੇ ਡਿਬਰੂਗੜ੍ਹ ਜ਼ਿਲ੍ਹੇ ਦੇ ਮੋਰਾਨ ਵਿਖੇ ਉੱਤਰ-ਪੂਰਬ ਦੇ ਪਹਿਲੇ ਹਾਈਵੇਅ-ਆਧਾਰਤ ਐਮਰਜੈਂਸੀ ਲੈਂਡਿੰਗ ਰਨਵੇਅ (ELF) ਦਾ ਉਦਘਾਟਨ ਕੀਤਾ। ਇਹ ਭਾਰਤ ਦੇ ਰੱਖਿਆ ਬੁਨਿਆਦੀ ਢਾਂਚੇ ਅਤੇ ਸੰਚਾਲਨ ਤਿਆਰੀਆਂ ਨੂੰ ਮਜ਼ਬੂਤ ਕਰਨ ਵੱਲ ਇਕ ਵੱਡਾ ਕਦਮ ਮੰਨਿਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਮੋਦੀ ਭਾਰਤੀ ਹਵਾਈ ਸੈਨਾ (IAF) ਦੇ ਸੀ-130ਜੇ ਹਰਕੂਲਿਸ ਜਹਾਜ਼ ਰਾਹੀਂ ਇਸ ਨਵੇਂ ਬਣੇ ਰਨਵੇਅ 'ਤੇ ਉਤਰੇ, ਜਿੱਥੇ ਰਾਜ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ, ਕੇਂਦਰੀ ਮੰਤਰੀ ਸਰਬਾਨੰਦ ਸੋਨੋਵਾਲ ਅਤੇ ਭਾਰਤੀ ਹਵਾਈ ਸੈਨਾ ਦੇ ਮੁਖੀ ਏਅਰ ਚੀਫ ਮਾਰਸ਼ਲ ਅਮਰ ਪ੍ਰੀਤ ਸਿੰਘ ਨੇ ਉਨ੍ਹਾਂ ਦਾ ਸਵਾਗਤ ਕੀਤਾ। ਇਸ ਮੌਕੇ ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਨੂੰ ਰਵਾਇਤੀ ਅਸਾਮੀ ਗਮਛਾ ਅਤੇ ਜਾਪੀ ਭੇਟ ਕੀਤੀ।

ਹਵਾਈ ਸੈਨਾ ਦੇ ਜਹਾਜ਼ਾਂ ਨੇ ਦਿਖਾਏ ਜੌਹਰ 

ਉਦਘਾਟਨੀ ਸਮਾਰੋਹ ਦੌਰਾਨ ਭਾਰਤੀ ਹਵਾਈ ਸੈਨਾ ਦੇ ਸੁਖੋਈ-30 ਐਮਕੇਆਈ (Sukhoi-30 MKI) ਅਤੇ ਰਾਫੇਲ (Rafale) ਵਰਗੇ ਲੜਾਕੂ ਜਹਾਜ਼ਾਂ ਨੇ ਹਰਤਅੰਗੇਜ਼ ਕਰਤਬ ਦਿਖਾਏ ਅਤੇ ਇਸ ਹਾਈਵੇਅ ਰਨਵੇਅ 'ਤੇ ਸਫਲਤਾਪੂਰਵਕ ਲੈਂਡਿੰਗ ਕੀਤੀ। ਇਸ ਤੋਂ ਇਲਾਵਾ ਦੇਸ਼ 'ਚ ਬਣੇ ਉੱਨਤ ਹਲਕੇ ਹੈਲੀਕਾਪਟਰਾਂ (ALH) ਨੇ ਵੀ ਆਪਣੀ ਸਮਰੱਥਾ ਦਾ ਪ੍ਰਦਰਸ਼ਨ ਕੀਤਾ। ਰਣਨੀਤਕ ਤੌਰ 'ਤੇ ਸੰਵੇਦਨਸ਼ੀਲ ਇਲਾਕਿਆਂ ਵਿੱਚ ਇਸ ਰਨਵੇਅ ਦੇ ਬਣਨ ਨਾਲ ਹਵਾਈ ਸੈਨਾ ਦੀਆਂ ਗਤੀਵਿਧੀਆਂ ਵਿੱਚ ਤੇਜ਼ੀ ਆਉਣ ਦੀ ਉਮੀਦ ਹੈ।

ਆਸਾਮ ਨੂੰ ਮਿਲਣਗੀਆਂ ਹੋਰ ਸੌਗਾਤਾਂ 

ਮੋਰਾਨ ਵਿਖੇ ਇਸ ਕੇਂਦਰ ਦਾ ਉਦਘਾਟਨ ਕਰਨ ਤੋਂ ਬਾਅਦ ਪ੍ਰਧਾਨ ਮੰਤਰੀ ਗੁਹਾਟੀ ਲਈ ਰਵਾਨਾ ਹੋ ਗਏ। ਉੱਥੇ ਉਹ ਬ੍ਰਹਮਪੁੱਤਰ ਨਦੀ 'ਤੇ ਬਣੇ ਇਕ ਨਵੇਂ ਪੁਲ ਦਾ ਉਦਘਾਟਨ ਕਰਨਗੇ, ਜੋ ਗੁਹਾਟੀ ਅਤੇ ਉੱਤਰ ਗੁਹਾਟੀ ਨੂੰ ਆਪਸ 'ਚ ਜੋੜਦਾ ਹੈ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਆਸਾਮ ਦੇ ਪਹਿਲੇ ਭਾਰਤੀ ਪ੍ਰਬੰਧਨ ਸੰਸਥਾਨ (IIM) ਕੈਂਪਸ ਅਤੇ ਇਕ ਰਾਸ਼ਟਰੀ ਡਾਟਾ ਸੈਂਟਰ ਦਾ ਵੀ ਉਦਘਾਟਨ ਕਰਨਗੇ। ਆਪਣੇ ਦੌਰੇ ਦੇ ਅਖੀਰ 'ਚ ਉਹ ਖਾਨਾਪਾਰਾ ਵਿਖੇ ਭਾਜਪਾ ਦੇ ਬੂਥ ਪੱਧਰ ਦੇ ਵਰਕਰਾਂ ਨੂੰ ਵੀ ਸੰਬੋਧਨ ਕਰ ਸਕਦੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News