ਰਿਲਾਇੰਸ ਜਿਓ ਨੇ ਨਵੇਂ 'ਆਲ ਇਨ ਵਨ ਟੈਰਿਫ' ਪਲਾਨ ਦਾ ਕੀਤਾ ਐਲਾਨ

12/04/2019 8:48:26 PM

ਨਵੀਂ ਦਿੱਲੀ - ਰਿਲਾਇੰਸ ਜਿਓ ਨੇ ਨਵੇਂ 'ਆਲ ਇਨ ਵਨ ਟੈਰਿਫ' ਪਲਾਨ ਦਾ ਐਲਾਨ ਕੀਤਾ ਹੈ। ਨਵੇਂ ਪਲਾਨ 6 ਦਸੰਬਰ ਨੂੰ ਲਾਗੂ ਹੋਣਗੇ ਅਤੇ ਇਸ ਦਿਨ ਤੋਂ ਬਾਅਦ ਤੁਸੀਂ ਕੋਈ ਵੀ ਜਿਓ ਪਲਾਨ ਖਰੀਦੋਗੇ ਤਾਂ ਉਹ ਤੁਹਾਨੂੰ 39 ਫੀਸਦੀ ਮਹਿੰਗੇ ਮਿਲਣਗੇ। ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਕੀਮਤਾਂ ਵਧਾਉਣ ਦੇ ਬਾਵਜੂਦ ਜਿਓ ਦੇ ਪਲਾਨ ਡਾਟਾ ਅਤੇ ਕਾਲਿੰਗ ਏਅਰਟੈੱਲ ਅਤੇ ਵੋਡਾਫੋਨ-ਆਈਡੀਆ ਤੋਂ ਕਰੀਬ 25 ਫੀਸਦੀ ਤੱਕ ਸਸਤੇ ਹਨ। ਨਵੇਂ ਮੋਬਾਇਲ ਐਂਡ ਡਾਟਾ ਪਲਾਨ ਮੁਤਾਬਕ, ਜਿਓ ਦੇ ਗਾਹਕਾਂ ਨੂੰ 84 ਦਿਨ ਦੀ ਮਿਆਦ ਅਤੇ 1.5 ਜੀ. ਬੀ. ਪ੍ਰਤੀ ਦਿਨ ਡਾਟਾ ਵਾਲੇ ਪਲਾਨ ਲਈ ਹੁਣ 555 ਰੁਪਏ ਖਰਚ ਕਰਨੇ ਪੈਣਗੇ।

ਫਿਲਹਾਲ ਇਹ ਸੁਵਿਧਾ ਕੰਪਨੀ ਦੇ 399 ਰੁਪਏ ਦੇ ਮੌਜੂਦਾ ਪਲਾਨ 'ਚ ਮਿਲ ਰਹੀ ਹੈ। ਇਸ ਲਿਹਾਜ਼ ਨਾਲ ਨਵਾਂ ਪਲਾਨ 39 ਫੀਸਦੀ ਮਹਿੰਗਾ ਹੈ। ਇਸੇ ਦਿਨ ਤੋਂ ਹੀ ਜਿਓ ਨੰਬਰ 'ਤੇ ਅਨਲਿਮੀਟਡ ਕਾਲਿੰਗ ਮਿਲੇਗੀ। 'ਅੰਡਰ ਫੇਅਰ ਯੂਸੇਜ ਪਾਲਸੀ' (ਐੱਫ. ਯੂ. ਪੀ.) ਦੇ ਤਹਿਤ ਜਿਓ ਤੋਂ ਦੂਜੇ ਨੈੱਟਵਰਕ 'ਤੇ ਕਾਲ ਕਰਨ ਲਈ 3,000 ਮਿੰਟ ਮਿਲਣਗੇ। ਜਿਓ ਨੇ 153 ਰੁਪਏ ਦੇ ਪਲਾਨ ਦੀ ਕੀਮਤ ਵਧਾ ਕੇ 199 ਰੁਪਏ, 198 ਰੁਪਏ ਵਾਲੇ ਪਲਾਨ ਦੀ 249 ਰੁਪਏ, 299 ਰੁਪਏ ਦੇ ਪਲਾਨ ਦੀ 349 ਰੁਪਏ, 349 ਰੁਪਏ ਦੇ ਪਲਾਨ ਦੀ 399 ਰੁਪਏ, 448 ਰੁਪਏ ਵਾਲੇ ਪਲਾਨ ਦੀ 599 ਰੁਪਏ ਅਤੇ 1,699 ਰੁਪਏ ਦੇ ਪਲਾਨ ਨੂੰ  ਵਧਾ ਕੇ 2,199 ਰੁਪਏ ਕਰ ਦਿੱਤੀ ਹੈ।

ਇਸੇ ਤਰ੍ਹਾਂ 98 ਰੁਪਏ ਦੇ ਪਲਾਨ ਨੂੰ ਵਧਾ ਕੇ 129 ਰੁਪਏ ਦਾ ਕਰ ਦਿੱਤਾ ਗਿਆ ਹੈ। ਇਸ 'ਚ ਗਾਹਕਾਂ ਨੂੰ 28 ਦਿਨ ਦੀ ਮਿਆਦ ਦੇ ਨਾਲ 2 ਜੀ. ਬੀ. ਡਾਟਾ ਅਤੇ ਹੋਰ ਨੈੱਟਵਰਕ 'ਤੇ ਕਾਲ ਲਈ 1,000 ਮਿੰਟ ਮਿਲਣਗੇ। ਜਿਓ 28 ਦਿਨ ਦੀ ਮਿਆਦ ਵਾਲੇ 199 ਰੁਪਏ ਦੇ ਪਲਾਨ 'ਚ ਡੇਢ ਜੀ. ਬੀ. ਡਾਟਾ ਰੋਜ਼ਾਨਾ ਦੇ ਰਹੀ ਹੈ, ਜਿਹੜੀ ਕਿ ਦੂਜੀਆਂ ਕੰਪਨੀਆਂ ਦੇ ਪਲਾਨ ਤੋਂ ਕਰੀਬ 25 ਫੀਸਦੀ ਸਸਤਾ ਹੈ। ਦੂਜੀਆਂ ਕੰਪਨੀਆਂ ਇਹ ਸਾਰੀਆਂ ਸੁਵਿਧਾਵਾਂ ਕਰੀਬ 249 ਰੁਪਏ ਦੇ ਪਲਾਨ 'ਚ ਦੇ ਰਹੀ ਹੈ।


Khushdeep Jassi

Content Editor

Related News