...ਜਦੋਂ ਰਤਨ ਟਾਟਾ ਨੇ ਤਾਜ ਮਹਿਲ ਹੋਟਲ ''ਚ ਪੇਂਟਰ ਦੀਆਂ ਲਗਵਾਈਆਂ ਪੇਂਟਿੰਗਾਂ
Thursday, Oct 10, 2024 - 04:13 PM (IST)

ਮੁੰਬਈ- ਰਾਸ਼ਟਰੀ ਪ੍ਰਦਰਸ਼ਨ ਕਲਾ ਕੇਂਦਰ (NCPA) 'ਚ ਮਰਹੂਮ ਰਤਨ ਟਾਟਾ ਨੂੰ ਸ਼ਰਧਾਂਜਲੀ ਦੇਣ ਪਹੁੰਚੇ ਲੋਕਾਂ ਦੇ ਭਰਵੇਂ ਜਜ਼ਬਾਤ ਦਰਮਿਆਨ ਪੇਂਟਰ ਨੀਲੇਸ਼ ਮੋਹਿਤੇ ਉਦਯੋਗਪਤੀ ਨੂੰ ਯਾਦ ਕਰਕੇ ਭਾਵੁਕ ਹੋ ਗਏ। ਉਨ੍ਹਾਂ ਦੱਸਿਆ ਕਿ ਕਿਵੇਂ ਇਸ ਨੇਕ ਦਿਲ ਵਿਅਕਤੀ ਨੇ ਉਨ੍ਹਾਂ ਦੀਆਂ ਪੇਂਟਿੰਗਾਂ ਨੂੰ ਤਾਜ ਮਹਿਲ ਪੈਲੇਸ ਹੋਟਲ 'ਚ ਲਗਵਾਈਆਂ ਸੀ।
ਮੋਹਿਤੇ (30) ਪੇਸ਼ੇ ਤੋਂ ਇਕ ਪੇਂਟਰ ਹਨ ਅਤੇ ਦੱਖਣੀ ਮੁੰਬਈ 'ਚ ਇਕ ਝੁੱਗੀ-ਝੌਂਪੜੀ ਵਿਚ ਰਹਿੰਦੇ ਹਨ। ਮੋਹਿਤੇ ਨੇ ਕਿਹਾ ਕਿ ਟਾਟਾ ਤੋਂ ਉਹ ਕੋਵਿਡ-19 ਮਹਾਮਾਰੀ ਤੋਂ ਪਹਿਲਾਂ ਮਿਲੇ ਸਨ ਅਤੇ ਉਨ੍ਹਾਂ ਨੇ ਆਪਣੀ ਇਕ ਪੇਂਟਿੰਗ ਤੋਹਫੇ ਵਿਚ ਦਿੱਤੀ ਸੀ। ਇਹ ਤਸਵੀਰ ਹੁਣ ਉੱਘੇ ਉਦਯੋਗਪਤੀ ਦੇ ਕੋਲਾਬਾ ਘਰ ਦੀ ਸ਼ੋਭਾ ਬਣੀ ਹੋਈ ਹੈ।
ਮੋਹਿਤੇ ਨੇ ਕਿਹਾ ਕਿ ਟਾਟਾ ਨੇ ਇਸ ਤਸਵੀਰ ਦੇ ਬਦਲੇ ਇਕ ਲਿਫਾਫੇ ਵਿਚ ਚੈੱਕ ਦਿੱਤਾ ਪਰ ਉਨ੍ਹਾਂ ਨੇ ਚੈੱਕ ਲੈਣ ਤੋਂ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਕੀ ਉਹ ਇਸ ਦੀ ਬਜਾਏ ਉਨ੍ਹਾਂ ਨੂੰ ਨੌਕਰੀ ਦੇ ਸਕਦਾ ਹਨ। ਮੋਹਿਤੇ ਦੱਸਿਆ ਕਿ ਨੌਕਰੀ 'ਤੇ ਗੱਲਬਾਤ ਸਫਲ ਨਹੀਂ ਹੋਈ ਪਰ ਰਤਨ ਟਾਟਾ ਨੇ ਮੈਨੂੰ ਕੋਵਿਡ-19 ਮਹਾਮਾਰੀ ਤੋਂ ਬਾਅਦ ਕੋਲਾਬਾ ਦੇ ਤਾਜ ਮਹਿਲ ਪੈਲੇਸ ਹੋਟਲ ਵਿਚ ਇਕ ਹਫ਼ਤੇ ਲਈ ਆਪਣੀਆਂ ਤਸਵੀਰਾਂ ਦੀ ਪ੍ਰਦਰਸ਼ਨੀ ਲਗਾਉਣ ਦਾ ਮੌਕਾ ਦਿੱਤਾ।
ਦੱਸ ਦੇਈਏ ਕਿ ਟਾਟਾ ਸੰਸ ਦੇ ਚੇਅਰਮੈਨ ਰਤਨ ਟਾਟਾ ਦਾ ਬੁੱਧਵਾਰ ਰਾਤ ਇੱਥੇ ਇਕ ਹਸਪਤਾਲ 'ਚ ਦਿਹਾਂਤ ਹੋ ਗਿਆ। ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਅੰਤਿਮ ਦਰਸ਼ਨਾਂ ਲਈ ਦੱਖਣੀ ਮੁੰਬਈ ਦੇ NCPA ਵਿਖੇ ਰੱਖਿਆ ਗਿਆ ਹੈ। ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਮੁੰਬਈ ਦੇ ਵਰਲੀ ਇਲਾਕੇ 'ਚ ਕੀਤਾ ਗਿਆ।