ਈਰਾਨ-ਇਜ਼ਰਾਈਲ ਤਣਾਅ ਦਾ ਅਸਰ : ਗੈਸ ਸਿਲੰਡਰਾਂ ਦੀ ਕਮੀ ਕਾਰਨ ਹੋਟਲ ਅਤੇ ਰੈਸਟੋਰੈਂਟ ਮਾਲਕ ਪ੍ਰੇਸ਼ਾਨ

Sunday, Mar 15, 2026 - 03:47 PM (IST)

ਈਰਾਨ-ਇਜ਼ਰਾਈਲ ਤਣਾਅ ਦਾ ਅਸਰ : ਗੈਸ ਸਿਲੰਡਰਾਂ ਦੀ ਕਮੀ ਕਾਰਨ ਹੋਟਲ ਅਤੇ ਰੈਸਟੋਰੈਂਟ ਮਾਲਕ ਪ੍ਰੇਸ਼ਾਨ

ਗੁਰਦਾਸਪੁਰ (ਹਰਮਨ)-ਵਿਸ਼ਵ ਸਿਆਸਤ ’ਚ ਈਰਾਨ, ਇਜ਼ਰਾਈਲ ਅਤੇ ਅਮਰੀਕਾ ਦਰਮਿਆਨ ਵਧਦੇ ਹੋਏ ਤਣਾਅਪੂਰਨ ਹਾਲਾਤ ਦਾ ਅਸਰ ਹੁਣ ਪੰਜਾਬ ਦੇ ਸਰਹੱਦੀ ਜ਼ਿਲੇ ਗੁਰਦਾਸਪੁਰ ਦੀਆਂ ਰਸੋਈਆਂ ਅਤੇ ਕਾਰੋਬਾਰਾਂ ’ਚ ਸਪੱਸ਼ਟ ਤੌਰ ’ਤੇ ਦੇਖਣ ਨੂੰ ਮਿਲ ਰਿਹਾ ਹੈ। ਜਿੱਥੇ ਕੌਮਾਂਤਰੀ ਪੱਧਰ ’ਤੇ ਬਣੀ ਅਣਿਸ਼ਚਿਤਤਾ ਕਾਰਨ ਸ਼ੇਅਰ ਬਾਜ਼ਾਰ ਅਤੇ ਤੇਲ ਦੀਆਂ ਕੀਮਤਾਂ ’ਚ ਉਤਾਰ-ਚੜ੍ਹਾਅ ਜਾਰੀ ਹੈ, ਉੱਥੇ ਹੀ ਰਸੋਈ ਗੈਸ ਦੀ ਸੰਭਾਵਿਤ ਕਮੀ ਦੇ ਡਰ ਨੇ ਸਥਾਨਕ ਲੋਕਾਂ ਅਤੇ ਵਪਾਰੀਆਂ ਦੀ ਨੀਂਦ ਹਰਾਮ ਕਰ ਦਿੱਤੀ ਹੈ। ਗੁਰਦਾਸਪੁਰ ਜ਼ਿਲੇ ’ਚ ਵਿਆਹ ਸਮਾਗਮਾਂ ਦੇ ਚੱਲ ਰਹੇ ਸੀਜ਼ਨ ਦੌਰਾਨ ਗੈਸ ਸਿਲੰਡਰਾਂ ਦੀ ਕਿੱਲਤ ਨੇ ਜਸ਼ਨਾਂ ਨੂੰ ਫਿੱਕਾ ਕਰ ਦਿੱਤਾ ਹੈ ਅਤੇ ਸਮਾਗਮ ਕਰਵਾਉਣ ਵਾਲੇ ਪਰਿਵਾਰ ਗੰਭੀਰ ਚਿੰਤਾ ’ਚ ਹਨ।

ਇਹ ਵੀ ਪੜ੍ਹੋ- ਪੰਜਾਬੀਆਂ ਦੇ ਅਚਾਨਕ ਖੜਕਣ ਲੱਗੇ ਫੋਨ! ਨਾ ਨਿਕਲਿਓ ਘਰੋਂ ਬਾਹਰ, ਅਗਲੇ 3 ਘੰਟੇ ਅਹਿਮ

ਭਾਵੇਂ ਕੇਂਦਰ ਸਰਕਾਰ ਅਤੇ ਜ਼ਿਲਾ ਪ੍ਰਸ਼ਾਸਨ ਵੱਲੋਂ ਲਗਾਤਾਰ ਇਹ ਦਾਅਵੇ ਕੀਤੇ ਜਾ ਰਹੇ ਹਨ ਕਿ ਘਰੇਲੂ ਗੈਸ ਦੀ ਸਪਲਾਈ ’ਚ ਕੋਈ ਵੱਡੀ ਰੁਕਾਵਟ ਨਹੀਂ ਆਉਣ ਦਿੱਤੀ ਜਾਵੇਗੀ ਪਰ ਲੋਕਾਂ ਦੇ ਮਨਾਂ ’ਚ ਬੈਠੇ ਭਵਿੱਖ ਦੇ ਡਰ ਨੇ ਸਥਿਤੀ ਨੂੰ ਗੰਭੀਰ ਬਣਾ ਦਿੱਤਾ ਹੈ। ਖਪਤਕਾਰਾਂ ’ਚ ਵੱਧ ਤੋਂ ਵੱਧ ਗੈਸ ਸਿਲੰਡਰ ਇਕੱਠੇ ਕਰਨ ਦੀ ਦੌੜ ਲੱਗੀ ਹੋਈ ਹੈ। ਰੋਜ਼ਾਨਾ ਹਜ਼ਾਰਾਂ ਦੀ ਗਿਣਤੀ ’ਚ ਲੋਕ ਗੈਸ ਬੁਕਿੰਗ ਲਈ ਹੈਲਪਲਾਈਨ ਨੰਬਰਾਂ ਅਤੇ ਕੰਪਨੀਆਂ ਦੀਆਂ ਵੈੱਬਸਾਈਟਾਂ ’ਤੇ ਸੰਪਰਕ ਕਰ ਰਹੇ ਹਨ। ਮੰਗ ਇੰਨੀ ਜ਼ਿਆਦਾ ਵਧ ਗਈ ਹੈ ਕਿ ਕਈ ਵਾਰ ਗੈਸ ਕੰਪਨੀਆਂ ਦੇ ਸਰਵਰ ਅਤੇ ਟੈਲੀਫੋਨ ਲਾਈਨਾਂ ਕ੍ਰੈਸ਼ ਹੋ ਰਹੀਆਂ ਹਨ। ਪ੍ਰਸ਼ਾਸਨਿਕ ਅਪੀਲਾਂ ਦੇ ਬਾਵਜੂਦ ਲੋਕਾਂ ਦੀ ਦਹਿਸ਼ਤ ਘੱਟ ਨਹੀਂ ਹੋ ਰਹੀ।

ਇਹ ਵੀ ਪੜ੍ਹੋ- ਪੰਜਾਬ 'ਚ ਮੁੜ ਪਰਤੀ ਠੰਡ, ਕਈ ਇਲਾਕਿਆਂ 'ਚ ਪਿਆ ਮੀਂਹ, ਵਿਭਾਗ ਨੇ 18 ਮਾਰਚ ਤੱਕ ਕਰ'ਤਾ ਅਲਰਟ

ਹੋਟਲ ਅਤੇ ਰੈਸਟੋਰੈਂਟ ਉਦਯੋਗ ’ਤੇ ਪਈ ਵੱਡੀ ਮਾਰ

ਮੌਜੂਦਾ ਸਥਿਤੀ ’ਚ ਸਭ ਤੋਂ ਵੱਧ ਨੁਕਸਾਨ ਕਮਰਸ਼ੀਅਲ ਗੈਸ ਸਿਲੰਡਰਾਂ ਦੀ ਵਰਤੋਂ ਕਰਨ ਵਾਲੇ ਅਦਾਰਿਆਂ ਦਾ ਹੋ ਰਿਹਾ ਹੈ। ਕਮਰਸ਼ੀਅਲ ਸਿਲੰਡਰਾਂ ਦੀ ਸਪਲਾਈ ’ਚ ਆਈ ਭਾਰੀ ਕਟੌਤੀ ਕਾਰਨ ਹੋਟਲਾਂ ਅਤੇ ਰੈਸਟੋਰੈਂਟਾਂ ਦਾ ਕੰਮਕਾਜ ਠੱਪ ਹੋਣ ਦੇ ਕੰਢੇ ਪਹੁੰਚ ਗਿਆ ਹੈ। ਗੁਰਦਾਸਪੁਰ ਹੋਟਲਜ਼ ਅਤੇ ਰੈਸਟੋਰੈਂਟ ਐਸੋਸੀਏਸ਼ਨ ਦੇ ਪ੍ਰਧਾਨ ਰੋਮੇਸ਼ ਮਹਾਜਨ ਨੇ ਦੱਸਿਆ ਕਿ ਹੋਟਲ ਚਲਾਉਣਾ ਹੁਣ ਇਕ ਵੱਡੀ ਚੁਣੌਤੀ ਬਣ ਗਿਆ ਹੈ। ਉਨ੍ਹਾਂ ਦੱਸਿਆ ਕਿ ਕਈ ਰੈਸਟੋਰੈਂਟ ਮਾਲਕਾਂ ਨੇ ਮਜਬੂਰੀ ਵੱਸ ਵਿਆਹਾਂ ਅਤੇ ਵੱਡੀਆਂ ਪਾਰਟੀਆਂ ਦੀਆਂ ਬੁਕਿੰਗਾਂ ਲੈਣੀਆਂ ਬੰਦ ਕਰ ਦਿੱਤੀਆਂ ਹਨ ਕਿਉਂਕਿ ਉਨ੍ਹਾਂ ਕੋਲ ਰੋਜ਼ਾਨਾ ਦੇ ਗਾਹਕਾਂ ਲਈ ਵੀ ਲੋੜੀਂਦੀ ਗੈਸ ਉਪਲਬਧ ਨਹੀਂ ਹੈ।

ਇਹ ਵੀ ਪੜ੍ਹੋ- ਅਕਾਲੀ ਦਲ ਨੇ ਕੰਚਨਪ੍ਰੀਤ ਕੌਰ ਨੂੰ ਤਰਨਤਾਰਨ ਤੋਂ ਨਿਯੁਕਤ ਕੀਤਾ ਹਲਕਾ ਇੰਚਾਰਜ

ਹਾਲਾਤ ਇੰਨੇ ਖਰਾਬ ਹੋ ਚੁੱਕੇ ਹਨ ਕਿ ਰੈਸਟੋਰੈਂਟਾਂ ਨੂੰ ਆਪਣੇ ‘ਮੈਨਯੂ’ ਵਿੱਚ ਕਟੌਤੀ ਕਰਨੀ ਪਈ ਹੈ। ਹੁਣ ਸਿਰਫ਼ ਉਹੀ ਪਕਵਾਨ ਬਣਾਏ ਜਾ ਰਹੇ ਹਨ ਜਿਨ੍ਹਾਂ ਵਿੱਚ ਗੈਸ ਦੀ ਖਪਤ ਘੱਟ ਹੁੰਦੀ ਹੈ। ਗੈਸ ਦੀ ਕਮੀ ਨੂੰ ਪੂਰਾ ਕਰਨ ਲਈ ਕਈ ਅਦਾਰੇ ਮਾਈਕਰੋਵੇਵ ਅਤੇ ਇੰਡਕਸ਼ਨ ਵਰਗੇ ਬਿਜਲੀ ਦੇ ਉਪਕਰਣਾਂ ਦੀ ਵਰਤੋਂ ਕਰ ਰਹੇ ਹਨ। ਵਪਾਰੀਆਂ ਦਾ ਕਹਿਣਾ ਹੈ ਕਿ ਕਮਰਸ਼ੀਅਲ ਬਿਜਲੀ ਦੇ ਰੇਟ ਪਹਿਲਾਂ ਹੀ ਬਹੁਤ ਜ਼ਿਆਦਾ ਹਨ, ਜੇਕਰ ਰਸੋਈ ਪੂਰੀ ਤਰ੍ਹਾਂ ਬਿਜਲੀ ’ਤੇ ਸ਼ਿਫਟ ਕੀਤੀ ਗਈ ਤਾਂ ਬਿੱਲਾਂ ਦਾ ਬੋਝ ਕਾਰੋਬਾਰ ਨੂੰ ਡੋਬ ਦੇਵੇਗਾ।

ਵਿਆਹਾਂ ਦੇ ਜਸ਼ਨਾਂ ’ਚ ਆਈ ਰੁਕਾਵਟ

ਜ਼ਿਲੇ ਦੇ ਮੈਰਿਜ ਪੈਲੇਸਾਂ ’ਚ ਕਮਰਸ਼ੀਅਲ ਸਿਲੰਡਰਾਂ ਦੀ ਸਪਲਾਈ ਨਾ ਮਿਲਣ ਕਾਰਨ ਲੋਕ ਹੁਣ ਜੁਗਾੜ ਰਾਹੀਂ ਘਰੇਲੂ ਸਿਲੰਡਰਾਂ ਦਾ ਪ੍ਰਬੰਧ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਜਿਨ੍ਹਾਂ ਘਰਾਂ ’ਚ ਵਿਆਹ ਹਨ, ਉਹ ਚਾਰ-ਪੰਜ ਸਿਲੰਡਰ ਇਕੱਠੇ ਕਰਨ ਲਈ ਰਿਸ਼ਤੇਦਾਰਾਂ ਅਤੇ ਗੁਆਂਢੀਆਂ ਦੀ ਮਦਦ ਮੰਗ ਰਹੇ ਹਨ ਪਰ ਹਾਲਾਤ ਅਜਿਹੇ ਹਨ ਕਿ ਲੋਕ ਭਵਿੱਖ ਦੀ ਚਿੰਤਾ ਕਾਰਨ ਆਪਣੇ ਘਰੇਲੂ ਸਿਲੰਡਰ ਕਿਸੇ ਨੂੰ ਦੇਣ ਤੋਂ ਕੰਨੀ ਕਤਰਾ ਰਹੇ ਹਨ। ਕਈ ਪਰਿਵਾਰਾਂ ਨੇ ਵਿਆਹਾਂ ਦੇ ਖਾਣੇ ’ਚ ਪਕਵਾਨਾਂ ਦੀ ਗਿਣਤੀ ਘਟਾ ਦਿੱਤੀ ਹੈ ਤਾਂ ਜੋ ਸੀਮਤ ਗੈਸ ਨਾਲ ਸਮਾਗਮ ਨੇਪਰੇ ਚੜ੍ਹ ਸਕੇ।

ਗੈਸ ਏਜੰਸੀਆਂ ਵੱਲੋਂ ਸਪਲਾਈ ’ਚ ਕਟੌਤੀ

ਗੁਰਦਾਸਪੁਰ ਦੀ ਇਕ ਪ੍ਰਮੁੱਖ ਗੈਸ ਏਜੰਸੀ ਦੇ ਮਾਲਕ ਨੇ ਪੁਸ਼ਟੀ ਕੀਤੀ ਕਿ ਕੰਪਨੀਆਂ ਵੱਲੋਂ ਸਪਲਾਈ ’ਚ ਕਟੌਤੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਜਿੱਥੇ ਪਹਿਲਾਂ ਏਜੰਸੀ ਨੂੰ 6000 ਸਿਲੰਡਰਾਂ ਦੀ ਸਪਲਾਈ ਮਿਲਦੀ ਸੀ, ਹੁਣ ਉਹ ਘਟ ਕੇ 4000 ਦੇ ਕਰੀਬ ਰਹਿ ਗਈ ਹੈ। ਇਸ ਕਮੀ ਨੂੰ ਮੈਨੇਜ ਕਰਨ ਲਈ ਕੰਪਨੀਆਂ ਨੇ ਹੁਣ ਦੋ ਬੁਕਿੰਗਾਂ ਵਿਚਕਾਰ ਘੱਟੋ-ਘੱਟ 25 ਦਿਨਾਂ ਦਾ ਵਕਫਾ ਲਾਜ਼ਮੀ ਕਰ ਦਿੱਤਾ ਹੈ।ਏਜੰਸੀ ਮਾਲਕਾਂ ਅਨੁਸਾਰ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ, ਜੇਕਰ ਨਿਰਧਾਰਿਤ ਸਮੇਂ ਅਨੁਸਾਰ ਬੁਕਿੰਗ ਕੀਤੀ ਜਾਵੇ ਤਾਂ ਸਪਲਾਈ ਮਿਲ ਰਹੀ ਹੈ, ਪਰ ਇਕੱਠੇ ਸਿਲੰਡਰ ਜਮ੍ਹਾ ਕਰਨ ਦੀ ਪ੍ਰਵਿਰਤੀ ਸਮੱਸਿਆ ਨੂੰ ਵਧਾ ਰਹੀ ਹੈ।

ਪਾਈਪਲਾਈਨ ਗੈਸ ਖਪਤਕਾਰਾਂ ਨੂੰ ਰਾਹਤ

ਇਸ ਸੰਕਟ ਦੇ ਦੌਰ ’ਚ ਉਹ ਲੋਕ ਸਭ ਤੋਂ ਵੱਧ ਸੁਖੀ ਨਜ਼ਰ ਆ ਰਹੇ ਹਨ ਜਿਨ੍ਹਾਂ ਨੇ ਸ਼ਹਿਰ ਵਿੱਚ ਵਿਛਾਈ ਗਈ ਗੈਸ ਪਾਈਪਲਾਈਨ ਦੇ ਕਨੈਕਸ਼ਨ ਲਏ ਹੋਏ ਹਨ। ਕੰਪਨੀ ਅਧਿਕਾਰੀਆਂ ਅਨੁਸਾਰ ਗੁਰਦਾਸਪੁਰ ਵਿਚ 2000 ਅਤੇ ਬਟਾਲਾ ਵਿੱਚ 5000 ਦੇ ਕਰੀਬ ਘਰਾਂ ’ਚ ਪਾਈਪਲਾਈਨ ਰਾਹੀਂ ਗੈਸ ਸਪਲਾਈ ਹੋ ਰਹੀ ਹੈ। ਇਨ੍ਹਾਂ ਖਪਤਕਾਰਾਂ ਨੂੰ ਨਾ ਤਾਂ ਸਪਲਾਈ ਦੀ ਕੋਈ ਕਮੀ ਆ ਰਹੀ ਹੈ ਅਤੇ ਨਾ ਹੀ ਰੇਟਾਂ ’ਚ ਕੋਈ ਵਾਧਾ ਕੀਤਾ ਗਿਆ ਹੈ। ਹਾਲਾਂਕਿ, ਇਹ ਚਿੰਤਾ ਦਾ ਵਿਸ਼ਾ ਹੈ ਕਿ ਜ਼ਿਲੇ ਦੇ ਡੇਢ ਲੱਖ ਗੈਸ ਖਪਤਕਾਰਾਂ ’ਚੋਂ ਸਿਰਫ਼ 7000 ਨੇ ਹੀ ਇਹ ਸਹੂਲਤ ਲਈ ਹੈ, ਜਦਕਿ ਬਾਕੀ ਵੱਡੀ ਆਬਾਦੀ ਅਜੇ ਵੀ ਸਿਲੰਡਰਾਂ ਦੀ ਕਿੱਲਤ ਨਾਲ ਜੂਝ ਰਹੀ ਹੈ। ਪ੍ਰਸ਼ਾਸਨ ਨੇ ਲੋਕਾਂ ਅਪੀਲ ਕੀਤੀਹੈ ਕਿ ਉਹ ਅਫਵਾਹਾਂ ’ਤੇ ਵਿਸ਼ਵਾਸ ਨਾ ਕਰਨ ਅਤੇ ਸਿਲੰਡਰਾਂ ਦੀ ਬਲੈਕ ਮਾਰਕੀਟਿੰਗ ਨੂੰ ਰੋਕਣ ਵਿੱਚ ਸਹਿਯੋਗ ਦੇਣ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e


author

Shivani Bassan

Content Editor

Related News