ਅੰਮ੍ਰਿਤਸਰ ਦੀ ਹੋਟਲ ਇੰਡਸਟਰੀ ਹੋ ਸਕਦੀ ਠੱਪ! ਕਮਰਸ਼ੀਅਲ ਸਿਲੰਡਰਾਂ ਦੀ ਸਪਲਾਈ ਹੋਈ ਬੰਦ

Thursday, Mar 12, 2026 - 04:33 PM (IST)

ਅੰਮ੍ਰਿਤਸਰ ਦੀ ਹੋਟਲ ਇੰਡਸਟਰੀ ਹੋ ਸਕਦੀ ਠੱਪ! ਕਮਰਸ਼ੀਅਲ ਸਿਲੰਡਰਾਂ ਦੀ ਸਪਲਾਈ ਹੋਈ ਬੰਦ

ਅੰਮ੍ਰਿਤਸਰ (ਨੀਰਜ)- ਮਿਡਲ ਈਸਟ ਵਿਚ ਈਰਾਨ, ਅਮਰੀਕਾ ਅਤੇ ਇਜ਼ਰਾਈਲ ਦਰਮਿਆਨ ਚੱਲ ਰਹੇ ਟਕਰਾਅ ਦਾ ਅਸਰ ਹੁਣ ਅੰਮ੍ਰਿਤਸਰ ਤੱਕ ਵੀ ਦਿਖਾਈ ਦੇਣ ਲੱਗਾ ਹੈ। ਇਸ ਸਥਿਤੀ ਨੇ ਸ਼ਹਿਰ ਦੀ ਹੋਟਲ ਇੰਡਸਟਰੀ ਲਈ ਨਵੀਂ ਚਿੰਤਾ ਪੈਦਾ ਕਰ ਦਿੱਤੀ ਹੈ। ਜਾਣਕਾਰੀ ਮੁਤਾਬਕ ਵੱਡੇ ਹੋਟਲਾਂ ਤੋਂ ਲੈ ਕੇ ਛੋਟੇ ਹੋਟਲਾਂ ਅਤੇ ਢਾਬਿਆਂ ਤੱਕ ਵਰਤੇ ਜਾਣ ਵਾਲੇ ਕਮਰਸ਼ੀਅਲ ਐੱਲ. ਪੀ. ਜੀ. ਸਿਲੰਡਰਾਂ ਦੀ ਸਪਲਾਈ ਵਿਚ ਕਰੀਬ 90 ਫ਼ੀਸਦੀ ਤੱਕ ਕਟੌਤੀ ਕਰ ਦਿੱਤੀ ਗਈ ਹੈ। ਇਕ ਗੈਸ ਏਜੰਸੀ ਮਾਲਕ ਅਨੁਸਾਰ ਕਈ ਥਾਵਾਂ ’ਤੇ ਹੋਟਲਾਂ ਅਤੇ ਢਾਬਿਆਂ ਲਈ ਕਮਰਸ਼ੀਅਲ ਸਿਲੰਡਰਾਂ ਦੀ ਸਪਲਾਈ ਲਗਭਗ ਪੂਰੀ ਤਰ੍ਹਾਂ ਬੰਦ ਹੋ ਚੁੱਕੀ ਹੈ, ਜਿਸ ਕਾਰਨ ਹੋਟਲ ਕਾਰੋਬਾਰ ਨਾਲ ਜੁੜੇ ਲੋਕਾਂ ਵਿਚ ਚਿੰਤਾ ਦਾ ਮਾਹੌਲ ਬਣ ਗਿਆ ਹੈ।

ਇਹ ਵੀ ਪੜ੍ਹੋ- ਪੰਜਾਬ ਦੇ ਇਸ ਇਲਾਕੇ 'ਚ ਪੈ ਗਏ ਗੜ੍ਹੇ, ਫਿਰ ਤੋਂ ਬਦਲਿਆ ਮੌਸਮ ਦਾ ਮਿਜਾਜ਼

ਦਿ ਅੰਮ੍ਰਿਤਸਰ ਹੋਟਲ ਐਂਡ ਰੈਸਟੋਰੈਂਟ ਐਸੋਸੀਏਸ਼ਨ ਸਿਵਲ ਲਾਈਨਜ਼ ਦੇ ਪ੍ਰਧਾਨ ਏ. ਪੀ. ਐੱਸ. ਚੱਠਾ ਨੇ ਦੱਸਿਆ ਕਿ ਜਿਸ ਹੋਟਲ ਨੂੰ ਆਮ ਤੌਰ ’ਤੇ 50 ਕਮਰਸ਼ੀਅਲ ਸਿਲੰਡਰਾਂ ਦੀ ਲੋੜ ਹੁੰਦੀ ਹੈ, ਉਸ ਨੂੰ ਇਸ ਵੇਲੇ ਸਿਰਫ਼ ਦੋ ਸਿਲੰਡਰ ਹੀ ਦਿੱਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਇਹੀ ਹਾਲਾਤ ਰਹੇ ਤਾਂ ਆਉਣ ਵਾਲੇ ਦਿਨਾਂ ਵਿਚ ਹੋਟਲ ਇੰਡਸਟਰੀ ਅਸਥਾਈ ਤੌਰ ’ਤੇ ਪੂਰੀ ਤਰ੍ਹਾਂ ਠੱਪ ਹੋ ਸਕਦੀ ਹੈ। ਚੱਠਾ ਨੇ ਕਿਹਾ ਕਿ ਕੋਵਿਡ ਦੇ ਸਮੇਂ ਵੀ ਹੋਟਲਾਂ ਵਿਚ ਗਾਹਕ ਜਾਂ ਯਾਤਰੀ ਕਵਾਰੰਟੀਨ ਹੋਣ ਲਈ ਆ ਜਾਂਦੇ ਸਨ, ਪਰ ਜੇਕਰ ਕਿਚਨ ਹੀ ਨਹੀਂ ਚੱਲੇਗਾ ਤਾਂ ਕਿਸੇ ਵੀ ਹੋਟਲ ਜਾਂ ਢਾਬੇ ਵਿਚ ਨਾ ਗਾਹਕ ਆਏਗਾ ਅਤੇ ਨਾ ਹੀ ਬਾਹਰੋਂ ਆਉਣ ਵਾਲਾ ਟੂਰਿਸਟ ਠਹਿਰਣਾ ਪਸੰਦ ਕਰੇਗਾ। ਉਨ੍ਹਾਂ ਨੇ ਕਿਹਾ ਕਿ ਕਮਰਸ਼ੀਅਲ ਗੈਸ ਸਿਲੰਡਰਾਂ ਦੀ ਘਾਟ ਨਾਲ ਹੋਟਲ ਕਾਰੋਬਾਰ ਨਾਲ ਜੁੜੇ ਹਜ਼ਾਰਾਂ ਲੋਕਾਂ ਦੀ ਰੋਜ਼ੀ-ਰੋਟੀ ’ਤੇ ਵੀ ਅਸਰ ਪੈ ਸਕਦਾ ਹੈ।

ਇਹ ਵੀ ਪੜ੍ਹੋ- ਗੈਸ ਦੀ ਕਿੱਲਤ ਦਰਮਿਆਨ ਸ੍ਰੀ ਦਰਬਾਰ ਸਾਹਿਬ ਪ੍ਰਬੰਧਕਾਂ ਦਾ ਬਿਆਨ, ਕੇਂਦਰ ਨੂੰ ਲਿੱਖੀ ਚਿੱਠੀ

ਲੋਕਾਂ ਵਿਚ ਪੈਨਿਕ ਦੂਰ ਕਰਨ ਲਈ ਡੀ. ਸੀ. ਨੇ ਕੀਤੀ ਸਮੂਹ ਏਜੰਸੀਆਂ ਨਾਲ ਮੀਟਿੰਗ

ਮਿਡਲ ਈਸਟ ਵਿਚ ਚੱਲ ਰਹੀ ਜੰਗ ਦੇ ਮੱਦੇਨਜ਼ਰ ਕਈ ਕਿਸਮ ਦੀਆਂ ਅਫਵਾਹਾਂ ਫੈਲ ਰਹੀਆਂ ਹਨ, ਜਿਸ ਕਾਰਨ ਲੋਕ ਵੱਡੀ ਗਿਣਤੀ ਵਿਚ ਘਰੇਲੂ ਗੈਸ ਸਿਲੰਡਰਾਂ ਦੀ ਬੁਕਿੰਗ ਕਰਵਾ ਰਹੇ ਹਨ। ਇਨ੍ਹਾਂ ਤੋਂ ਇਲਾਵਾ ਪੈਟਰੋਲ ਅਤੇ ਡੀਜ਼ਲ ਦੀ ਕਾਲਾਬਾਜ਼ਾਰੀ ਹੋਣ ਦੀ ਸੰਭਾਵਨਾ ਵੀ ਜਤਾਈ ਜਾ ਰਹੀ ਹੈ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਨੇ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਚ ਸਮੂਹ ਗੈਸ ਏਜੰਸੀ ਮਾਲਕਾਂ, ਪੈਟਰੋਲ ਪੰਪ ਮਾਲਕਾਂ, ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ਦੇ ਅਧਿਕਾਰੀਆਂ ਅਤੇ ਹੋਰ ਸੰਬੰਧਤ ਅਧਿਕਾਰੀਆਂ ਨਾਲ ਮੀਟਿੰਗ ਕਰ ਕੇ ਹਾਲਾਤ ਦੀ ਸਮੀਖਿਆ ਕੀਤੀ। ਮੀਟਿੰਗ ਦੌਰਾਨ ਸਖ਼ਤ ਦਿਸ਼ਾ-ਨਿਰਦੇਸ਼ ਜਾਰੀ ਕਰਦੇ ਹੋਏ ਡੀ. ਸੀ. ਨੇ ਕਿਹਾ ਕਿ ਆਮ ਲੋਕਾਂ ਨੂੰ ਐੱਲ. ਪੀ. ਜੀ. ਸਿਲੰਡਰ ਦੀ ਸਪਲਾਈ ਵਿਚ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਨਹੀਂ ਆਉਣੀ ਚਾਹੀਦੀ। ਉਨ੍ਹਾਂ ਕਿਹਾ ਕਿ ਜ਼ਿਲੇ ਵਿਚ ਐੱਲ. ਪੀ. ਜੀ., ਪੈਟਰੋਲ ਅਤੇ ਡੀਜ਼ਲ ਦੀ ਕਿਸੇ ਵੀ ਕਿਸਮ ਦੀ ਕਮੀ ਨਹੀਂ ਹੈ ਅਤੇ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ।

ਇਹ ਵੀ ਪੜ੍ਹੋ- ਗੁਰਦਾਸਪੁਰ: ਸਰਾਫ ਦੇ ਘਰੋਂ 7,00,00,000 ਕਰੋੜ ਰੁਪਏ ਦੀ ਲੁੱਟ ਦੇ ਮਾਮਲੇ 'ਚ 4 ਮੁਲਜ਼ਮ ਗ੍ਰਿਫਤਾਰ

ਡੀ. ਸੀ. ਦਲਵਿੰਦਰਜੀਤ ਸਿੰਘ ਨੇ ਇਹ ਵੀ ਸਪੱਸ਼ਟ ਕੀਤਾ ਕਿ ਕਿਸੇ ਨੂੰ ਵੀ ਕਾਲਾਬਾਜ਼ਾਰੀ ਜਾਂ ਜਮ੍ਹਾਖੋਰੀ ਕਰਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਜੇਕਰ ਕੋਈ ਵਿਅਕਤੀ ਅਜਿਹਾ ਕਰਦਾ ਪਾਇਆ ਗਿਆ ਤਾਂ ਉਸ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ। ਡੀ. ਸੀ. ਨੇ ਦੱਸਿਆ ਕਿ ਜ਼ਿਲੇ ਵਿਚ ਕੁੱਲ 67 ਗੈਸ ਏਜੰਸੀਆਂ ਅਤੇ 303 ਪੈਟਰੋਲ ਪੰਪ ਹਨ ਅਤੇ ਇਨ੍ਹਾਂ ਵਿਚੋਂ ਕਿਸੇ ਵੀ ਗੈਸ ਏਜੰਸੀ ਜਾਂ ਪੈਟਰੋਲ ਪੰਪ ’ਤੇ ਐੱਲ. ਪੀ. ਜੀ., ਪੈਟਰੋਲ ਜਾਂ ਡੀਜ਼ਲ ਦੀ ਕੋਈ ਕਮੀ ਨਹੀਂ ਹੈ। ਉਨ੍ਹਾਂ ਕਿਹਾ ਕਿ ਕਮਰਸ਼ੀਅਲ ਗੈਸ ਦੀ ਸਪਲਾਈ ਵਿਚ ਜ਼ਰੂਰ ਕੁਝ ਘਾਟ ਆਈ ਹੈ ਪਰ ਇਸ ਸਮੱਸਿਆ ਨੂੰ ਵੀ ਜਲਦ ਹੀ ਦੂਰ ਕਰ ਲਿਆ ਜਾਵੇਗਾ। ਡੀ. ਸੀ. ਨੇ ਗੈਸ ਏਜੰਸੀ ਮਾਲਕਾਂ ਅਤੇ ਪੈਟਰੋਲ ਪੰਪ ਮਾਲਕਾਂ ਨੂੰ ਹਦਾਇਤ ਕੀਤੀ ਕਿ ਜੇ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਆਉਂਦੀ ਹੈ ਤਾਂ ਤੁਰੰਤ ਜ਼ਿਲਾ ਪ੍ਰਸ਼ਾਸਨ ਦੇ ਧਿਆਨ ਵਿਚ ਲਿਆਈ ਜਾਵੇ, ਤਾਂ ਜੋ ਸਰਕਾਰ ਵੱਲੋਂ ਉਸ ਦਾ ਤੁਰੰਤ ਹੱਲ ਕੀਤਾ ਜਾ ਸਕੇ। ਇਸ ਮੌਕੇ ਡੀ. ਐੱਫ਼. ਐੱਸ. ਸੀ. ਹਰਵਿੰਦਰ ਕੌਰ, ਆਈ. ਓ. ਸੀ. ਦੇ ਮੈਨੇਜਰ ਯਸ਼ ਪਾਠਕ ਸਮੇਤ ਸਮੂਹ ਗੈਸ ਏਜੰਸੀ ਮਾਲਕ ਵੀ ਮੌਜੂਦ ਸਨ।

ਇਹ ਵੀ ਪੜ੍ਹੋ- ਪੰਜਾਬ ਭਰ ਵਿੱਚ ਹੋਈ ਬੱਦਲਵਾਹੀ, ਜਾਣੋ ਕਦੋਂ ਪਵੇਗਾ ਮੀਂਹ

ਜੰਗ ਨਾ ਰੁਕੀ ਤਾਂ ਇਹ ਸੀਜ਼ਨ ਵੀ ਜਾਵੇਗਾ ਖਾਲੀ

ਸਾਲ 2025 ਵਿਚ ਜਦੋਂ ਹੋਟਲ ਅਤੇ ਰੈਸਟੋਰੈਂਟ ਇੰਡਸਟਰੀ ਦਾ ਸੀਜ਼ਨ ਚਰਮ ’ਤੇ ਸੀ ਤਾਂ ਆਪ੍ਰੇਸ਼ਨ ਸਿੰਧੂਰ ਸ਼ੁਰੂ ਹੋ ਗਿਆ ਸੀ, ਜਿਸ ਕਾਰਨ ਹੋਟਲ ਇੰਡਸਟਰੀ ਨੂੰ ਭਾਰੀ ਨੁਕਸਾਨ ਝੱਲਣਾ ਪਿਆ। ਹੁਣ ਮੁੜ ਸੀਜ਼ਨ ਸ਼ੁਰੂ ਹੋਣ ਵਾਲਾ ਹੈ ਜੋ ਆਮ ਤੌਰ ’ਤੇ ਜੂਨ ਮਹੀਨੇ ਤੱਕ ਚਲਦਾ ਹੈ ਪਰ ਮਿਡਲ ਈਸਟ ਵਿਚ ਚੱਲ ਰਹੀ ਜੰਗ ਲੰਬੀ ਖਿੱਚਣ ਅਤੇ ਹੋਟਲਾਂ ਨੂੰ ਕਮਰਸ਼ੀਅਲ ਗੈਸ ਸਿਲੰਡਰਾਂ ਦੀ ਸਪਲਾਈ ਵਿਚ ਕੀਤੀ ਗਈ ਕਟੌਤੀ ਕਾਰਨ ਆਉਣ ਵਾਲੇ ਸੀਜ਼ਨ ’ਤੇ ਵੀ ਮਾੜਾ ਅਸਰ ਪੈ ਸਕਦਾ ਹੈ। ਹੋਟਲ ਕਾਰੋਬਾਰ ਨਾਲ ਜੁੜੇ ਲੋਕਾਂ ਦਾ ਕਹਿਣਾ ਹੈ ਕਿ ਕੋਈ ਵੀ ਵੱਡਾ ਜਾਂ ਛੋਟਾ ਹੋਟਲ ਅਤੇ ਰੈਸਟੋਰੈਂਟ ਕਮਰਸ਼ੀਅਲ ਸਿਲੰਡਰਾਂ ਤੋਂ ਬਿਨਾਂ ਆਪਣੀ ਰਸੋਈ ਨਹੀਂ ਚਲਾ ਸਕਦਾ। ਜੇਕਰ ਰਸੋਈ ਹੀ ਬੰਦ ਰਹੇਗੀ ਤਾਂ ਕਿਸੇ ਵੀ ਟੂਰਿਸਟ ਦੇ ਹੋਟਲ ਜਾਂ ਰੈਸਟੋਰੈਂਟ ਵਿਚ ਆਉਣ ਦੀ ਸੰਭਾਵਨਾ ਘੱਟ ਰਹੇਗੀ, ਜਿਸ ਨਾਲ ਪੂਰੀ ਇੰਡਸਟਰੀ ਨੂੰ ਨੁਕਸਾਨ ਹੋ ਸਕਦਾ ਹੈ।

ਅੰਮ੍ਰਿਤਸਰ ਦੀ ਅਰਥ-ਵਿਵਸਥਾ ਹੋਟਲ ਇੰਡਸਟਰੀ ’ਤੇ ਨਿਰਭਰ : ਸੰਸਦ ਮੈਂਬਰ ਔਜਲਾ

ਸਰਹੱਦੀ ਜ਼ਿਲਾ ਅੰਮ੍ਰਿਤਸਰ ਦੀ ਅਰਥਵਿਵਸਥਾ ਪਹਿਲਾਂ ਆਈਸੀਪੀ ਅਟਾਰੀ ਰਾਹੀਂ ਭਾਰਤ-ਪਾਕਿਸਤਾਨ ਦਰਮਿਆਨ ਹੋਣ ਵਾਲੇ ਆਯਾਤ-ਨਿਰਯਾਤ ’ਤੇ ਵੀ ਕਾਫੀ ਹੱਦ ਤੱਕ ਨਿਰਭਰ ਰਹਿੰਦੀ ਸੀ ਪਰ ਇਹ ਕਾਰੋਬਾਰ ਬੰਦ ਹੋਣ ਤੋਂ ਬਾਅਦ ਹੁਣ ਸ਼ਹਿਰ ਦੀ ਅਰਥ-ਵਿਵਸਥਾ ਵੱਡੇ ਪੱਧਰ ’ਤੇ ਹੋਟਲ ਇੰਡਸਟਰੀ ਤੇ ਨਿਰਭਰ ਰਹਿ ਗਈ ਹੈ। ਅਜਿਹੇ ਹਾਲਾਤਾਂ ਵਿਚ ਜੇਕਰ ਹੋਟਲਾਂ ਨੂੰ ਕਮਰਸ਼ੀਅਲ ਗੈਸ ਸਿਲੰਡਰਾਂ ਦੀ ਸਪਲਾਈ ਵਿਚ ਭਾਰੀ ਕਟੌਤੀ ਕਰ ਦਿੱਤੀ ਜਾਂਦੀ ਹੈ ਜਾਂ ਸਪਲਾਈ ਬਿਲਕੁਲ ਹੀ ਬੰਦ ਹੋ ਜਾਂਦੀ ਹੈ ਤਾਂ ਹੋਟਲ ਇੰਡਸਟਰੀ ਨੂੰ ਵੱਡਾ ਨੁਕਸਾਨ ਝੱਲਣਾ ਪੈ ਸਕਦਾ ਹੈ। ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਇਸ ਸਬੰਧੀ ਕੇਂਦਰ ਸਰਕਾਰ ਨੂੰ ਪੱਤਰ ਲਿਖ ਕੇ ਅਪੀਲ ਕੀਤੀ ਹੈ ਕਿ ਸਰਹੱਦੀ ਜ਼ਿਲਾ ਹੋਣ ਕਰ ਕੇ ਅੰਮ੍ਰਿਤਸਰ ਵਿਚ ਹੋਰ ਕੋਈ ਵੱਡਾ ਉਦਯੋਗ ਜਾਂ ਕਾਰੋਬਾਰ ਨਹੀਂ ਹੈ। ਇਸ ਲਈ ਹੋਟਲ ਇੰਡਸਟਰੀ ਨੂੰ ਬਚਾਉਣ ਲਈ ਹੋਟਲਾਂ, ਰੈਸਟੋਰੈਂਟਾਂ ਅਤੇ ਢਾਬਿਆਂ ਨੂੰ ਕਮਰਸ਼ੀਅਲ ਗੈਸ ਸਿਲੰਡਰਾਂ ਦੀ ਸਪਲਾਈ ਨਿਰੰਤਰ ਜਾਰੀ ਰੱਖੀ ਜਾਵੇ। ਉਨ੍ਹਾਂ ਕਿਹਾ ਕਿ ਹੋਟਲ ਇੰਡਸਟਰੀ ਨਾਲ ਹਜ਼ਾਰਾਂ ਲੋਕਾਂ ਦੀ ਰੋਜ਼ੀ-ਰੋਟੀ ਜੁੜੀ ਹੋਈ ਹੈ, ਇਸ ਲਈ ਇਸ ਖੇਤਰ ਨੂੰ ਕਿਸੇ ਵੀ ਤਰ੍ਹਾਂ ਦੀ ਸਪਲਾਈ ਦੀ ਘਾਟ ਤੋਂ ਬਚਾਉਣਾ ਬਹੁਤ ਜ਼ਰੂਰੀ ਹੈ।

ਲੋਕਾਂ ਨੂੰ ਸਮੱਸਿਆ ਆਉਂਦੀ ਹੈ ਤਾਂ ਪ੍ਰਸ਼ਾਸਨ ਨਾਲ ਕਰਨ ਸੰਪਰਕ : ਡੀ. ਸੀ.

ਡੀ. ਸੀ. ਦਲਵਿੰਦਰਜੀਤ ਸਿੰਘ ਨੇ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਜ਼ਿਲਾ ਪ੍ਰਸ਼ਾਸਨ ਵੱਲੋਂ ਗੈਸ ਏਜੰਸੀਆਂ ਅਤੇ ਪੈਟਰੋਲ ਪੰਪਾਂ ’ਤੇ ਪੂਰੀ ਨਿਗਰਾਨੀ ਰੱਖੀ ਜਾ ਰਹੀ ਹੈ। ਜੇਕਰ ਕਿਸੇ ਵੀ ਨਾਗਰਿਕ ਨੂੰ ਕਿਸੇ ਤਰ੍ਹਾਂ ਦੀ ਸਮੱਸਿਆ ਆਉਂਦੀ ਹੈ ਤਾਂ ਉਹ ਸਿੱਧਾ ਜ਼ਿਲਾ ਪ੍ਰਸ਼ਾਸਨ ਨਾਲ ਸੰਪਰਕ ਕਰ ਸਕਦੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e


author

Shivani Bassan

Content Editor

Related News