ਤੇਜ਼ਾਬ ਨਾਲ ਨੁਹਾ ਕੇ ਕਰ 'ਤਾ ਕਤਲ, ਮੁਆਫੀ ਮੰਗਣ ਗਏ ਜ਼ਬਰ-ਜਨਾਹ ਦੇ ਦੋਸ਼ੀ ਨੂੰ 'ਤਾਲਿਬਾਨੀ ਸਜ਼ਾ'

Saturday, Jul 27, 2024 - 02:53 PM (IST)

ਤੇਜ਼ਾਬ ਨਾਲ ਨੁਹਾ ਕੇ ਕਰ 'ਤਾ ਕਤਲ, ਮੁਆਫੀ ਮੰਗਣ ਗਏ ਜ਼ਬਰ-ਜਨਾਹ ਦੇ ਦੋਸ਼ੀ ਨੂੰ 'ਤਾਲਿਬਾਨੀ ਸਜ਼ਾ'

ਭਾਗਲਪੁਰ : ਬਿਹਾਰ ਦੇ ਭਾਗਲਪੁਰ ਜ਼ਿਲ੍ਹੇ ਤੋਂ ਇੱਕ ਸਨਸਨੀਖੇਜ਼ ਘਟਨਾ ਸਾਹਮਣੇ ਆਈ ਹੈ। ਇੱਥੇ ਜਬਰ-ਜ਼ਨਾਹ ਦੇ ਦੋਸ਼ 'ਚ ਇਕ ਬਜ਼ੁਰਗ ਨੂੰ ਮਾਸੂਮ ਪੀੜਤਾ ਦੇ ਪਰਿਵਾਰਕ ਮੈਂਬਰਾਂ ਨੇ ਤੇਜ਼ਾਬ ਪਾ ਕੇ ਕਤਲ ਕਰ ਦਿੱਤਾ। ਉਸ ਦੀ ਲਾਸ਼ ਨੂੰ ਝਾੜੀਆਂ ਵਿੱਚ ਸੁੱਟ ਦਿੱਤਾ ਗਿਆ। ਬਦਬੂ ਆਉਣ 'ਤੇ ਬਜ਼ੁਰਗ ਦੀ ਮੌਤ ਦਾ ਪਤਾ ਲੱਗਾ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ। ਲਾਸ਼ 'ਚੋਂ ਨਿਕਲ ਰਹੀ ਬਦਬੂ ਇੰਨੀ ਭਿਆਨਕ ਸੀ ਕਿ ਪੁਲਸ ਨੂੰ ਰੂਮ ਸਪਰੇਅ ਵੀ ਕਰਨਾ ਪਿਆ। ਮੌਤ ਤੋਂ ਪਹਿਲਾਂ ਦੋਸ਼ੀ ਬਜ਼ੁਰਗ ਨੇ ਹੱਥ ਜੋੜ ਕੇ ਕੰਨ ਫੜ ਕੇ ਮੁਆਫੀ ਵੀ ਮੰਗੀ ਸੀ। ਇਸ ਦਾ ਵੀਡੀਓ ਵਾਇਰਲ ਹੋ ਰਿਹਾ ਹੈ।

ਪੁਲਸ ਨੇ ਮ੍ਰਿਤਕ ਬਜ਼ੁਰਗ ਦੇ ਲੜਕੇ ਦੀ ਸ਼ਿਕਾਇਤ 'ਤੇ ਮਾਮਲਾ ਦਰਜ ਕਰ ਲਿਆ ਹੈ। ਕਤਲ ਦੇ ਦੋਸ਼ੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਤਲ ਕਰਨ ਤੋਂ ਇਨਕਾਰ ਕੀਤਾ ਹੈ। ਪੁਲਸ ਨੇ ਫੋਰੈਂਸਿਕ ਅਤੇ ਡੌਗ ਸਕੁਐਡ ਟੀਮਾਂ ਬੁਲਾ ਕੇ ਸਬੂਤ ਇਕੱਠੇ ਕੀਤੇ ਹਨ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਕੁਝ ਦਿਨ ਫਰਾਰ ਰਹਿਣ ਤੋਂ ਬਾਅਦ ਬਜ਼ੁਰਗ ਪੀੜਤਾ ਦੇ ਘਰ ਮੁਆਫੀ ਮੰਗਣ ਗਿਆ ਸੀ ਅਤੇ ਉਸੇ ਸਮੇਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ। ਬਜ਼ੁਰਗ ਨੂੰ ਤੇਜ਼ਾਬ ਪਾ ਕੇ ਸਾੜ ਦਿੱਤਾ ਗਿਆ ਅਤੇ ਮੌਤ ਤੋਂ ਬਾਅਦ ਉਸ ਦੀ ਲਾਸ਼ ਘਰ ਦੇ ਪਿੱਛੇ ਝਾੜੀਆਂ ਵਿੱਚ ਸੁੱਟ ਦਿੱਤੀ ਗਈ।

ਤੇਜ਼ਾਬ ਪਾ ਕੇ ਮਾਰਿਆ 

ਮਾਮਲਾ ਬਾਥ ਬਲਾਕ ਦੇ ਇਕ ਪਿੰਡ ਦਾ ਹੈ, ਜਿਸ 'ਚ 6 ਸਾਲਾ ਬੱਚੀ ਨਾਲ ਜ਼ਬਰ-ਜਨਾਹ ਦੇ ਦੋਸ਼ 'ਚ ਫਰਾਰ ਦੋਸ਼ੀ ਦਿਨੇਸ਼ ਪ੍ਰਸਾਦ ਸਿੰਘ ਦਾ ਪਿੰਡ 'ਚ ਹੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ। ਜ਼ਬਰ-ਜਨਾਹ ਪੀੜਤਾ ਦੇ ਘਰ ਦੇ ਪਿੱਛੇ ਝਾੜੀਆਂ 'ਚੋਂ ਲਾਸ਼ ਮਿਲਣ ਤੋਂ ਬਾਅਦ ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਦੇ ਪੁੱਤਰ ਨੇ ਪੁਲਸ ਨੂੰ ਦਿੱਤੇ ਬਿਆਨ 'ਚ ਕਿਹਾ ਕਿ ਉਸ ਦੇ ਪਿਤਾ ਨੂੰ ਕਿਸੇ ਹੋਰ ਦੇ ਗੁਨਾਹ ਦੀ ਸਜ਼ਾ ਦਿੱਤੀ ਗਈ। ਉਸ ਨੂੰ ਤੇਜ਼ਾਬ ਨਾਲ ਨੁਹਾ ਕੇ ਮਾਰ ਦਿੱਤਾ ਗਿਆ।

23 ਜੁਲਾਈ ਤੋਂ ਲਾਪਤਾ ਸੀ ਮ੍ਰਿਤਕ 

ਮ੍ਰਿਤਕ 23 ਜੁਲਾਈ ਤੋਂ ਆਪਣੇ ਘਰ ਤੋਂ ਲਾਪਤਾ ਸੀ। ਉਸ ਦੇ ਵੱਡੇ ਬੇਟੇ ਅਭਿਨੰਦਨ ਕੁਮਾਰ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਉਸ ਦੇ ਪਿਤਾ 'ਤੇ 6 ਸਾਲ ਦੀ ਬੱਚੀ ਨਾਲ ਜ਼ਬਰ-ਜਨਾਹ ਕਰਨ ਦਾ ਦੋਸ਼ ਲੱਗਾ ਸੀ। ਜਿਸ ਤੋਂ ਬਾਅਦ ਉਹ 23 ਜੁਲਾਈ ਨੂੰ ਪੀੜਤਾ ਦੇ ਘਰ ਉਸ ਦੀ ਮਾਂ ਤੋਂ ਮੁਆਫੀ ਮੰਗਣ ਗਿਆ। ਪੀੜਤ ਪਰਿਵਾਰ ਨੇ ਦੋਸ਼ੀ ਵੱਲੋਂ ਹੱਥ ਜੋੜ ਕੇ ਮੁਆਫੀ ਮੰਗਣ ਦੀ ਵੀਡੀਓ ਵੀ ਬਣਾਈ ਅਤੇ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤੀ। ਇਲਜ਼ਾਮ ਹੈ ਕਿ ਉਸੇ ਦਿਨ ਉਸ ਨੂੰ ਘਰ ਵਿੱਚ ਬੰਦ ਕਰਕੇ ਤੇਜ਼ਾਬ ਨਾਲ ਨੁਹਾ ਕੇ ਕਤਲ ਕਰ ਦਿੱਤਾ ਗਿਆ।

ਸਿਰ 'ਤੇ ਸੱਟ ਦੇ ਮਿਲੇ ਹਨ ਨਿਸ਼ਾਨ 

ਉਧਰ, ਮਾਮਲੇ ਸਬੰਧੀ ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਮੁਲਜ਼ਮ ਦਿਨੇਸ਼ ਸਿੰਘ ਉਨ੍ਹਾਂ ਦੇ ਘਰ ਮੁਆਫ਼ੀ ਮੰਗਣ ਆਇਆ ਸੀ ਪਰ ਉਸ ਨੂੰ ਪਿੰਡ ਵਾਸੀਆਂ ਵੱਲੋਂ ਸੱਦ ਕੇ ਸਾਰਿਆਂ ਦੇ ਸਾਹਮਣੇ ਉਸ ਦਾ ਪੱਖ ਸੁਣਨ ਦੀ ਗੱਲ ਕੀਤੀ, ਜਿਸ ਤੋਂ ਬਾਅਦ ਦੋਸ਼ੀ ਚਾਰਦੀਵਾਰੀ ਟੱਪ ਕੇ ਭੱਜ ਗਿਆ। ਸਾਨੂੰ ਨਹੀਂ ਪਤਾ ਕਿ ਉਸਦੀ ਮੌਤ ਕਿਵੇਂ ਹੋਈ। ਇਸ ਮਾਮਲੇ 'ਚ ਥਾਣਾ ਮੁਖੀ ਕਨ੍ਹਈਆ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਦੇ ਸਿਰ 'ਤੇ ਸੱਟਾਂ ਦੇ ਨਿਸ਼ਾਨ ਪਾਏ ਗਏ ਹਨ। ਪੁਲਸ ਘਟਨਾ ਦੀ ਜਾਂਚ ਵਿੱਚ ਜੁਟੀ ਹੋਈ ਹੈ। ਡੌਗ ਸਕੁਐਡ ਅਤੇ ਫੋਰੈਂਸਿਕ ਟੀਮ ਮੌਕੇ 'ਤੇ ਮਾਮਲੇ ਦੀ ਜਾਂਚ ਕਰ ਰਹੀ ਹੈ।
 


author

DILSHER

Content Editor

Related News