ਪੰਜ ਤੱਤਾਂ 'ਚ ਵਿਲੀਨ ਹੋਏ ਰਾਮਵਿਲਾਸ ਪਾਸਵਾਨ, ਪੁੱਤਰ ਚਿਰਾਗ ਨੇ ਦਿੱਤੀ ਅਗਨੀ

10/10/2020 5:43:39 PM

ਪਟਨਾ— ਕੇਂਦਰੀ ਮੰਤਰੀ ਰਾਮਵਿਲਾਸ ਪਾਸਵਾਨ ਦਾ ਪਟਨਾ 'ਚ ਅੱਜ ਯਾਨੀ ਕਿ ਸ਼ਨੀਵਾਰ ਨੂੰ ਅੰਤਿਮ ਸੰਸਕਾਰ ਕੀਤਾ ਗਿਆ। ਦੀਘਾ ਘਾਟ 'ਤੇ ਪੁੱਤਰ ਚਿਰਾਗ ਪਾਸਵਾਨ ਨੇ ਉਨ੍ਹਾਂ ਨੂੰ ਅਗਨੀ ਦਿੱਤੀ। ਪਾਸਵਾਨ ਨੂੰ ਅੰਤਿਮ ਵਿਦਾਈ ਦੇਣ ਲਈ ਹਜ਼ਾਰਾਂ ਦੀ ਗਿਣਤੀ ਵਿਚ ਸਮਰਥਕ ਜੁੱਟੇ। ਰਾਮਵਿਲਾਸ ਪਾਸਵਾਨ ਨੂੰ ਸਰਕਾਰੀ ਸਨਮਾਨ ਨਾਲ ਅੰਤਿਮ ਵਿਦਾਈ ਦਿੱਤੀ ਗਈ। ਇਸ ਮੌਕੇ 'ਤੇ ਮੁੱਖ ਮੰਤਰੀ ਨਿਤੀਸ਼ ਕੁਮਾਰ, ਕੇਂਦਰੀ ਮੰਤਰੀ ਰਵੀਸ਼ੰਕਰ ਪ੍ਰਸਾਦ, ਗਿਰੀਰਾਜ ਸਿੰਘ, ਉੱਪ ਮੁੱਖ ਮਤੰਰੀ ਸੁਸ਼ੀਲ ਕੁਮਾਰ ਮੋਦੀ ਅਤੇ ਆਰ. ਜੇ. ਡੀ. ਨੇਤਾ ਤੇਜਸਵੀ ਯਾਦਵ ਵੀ ਮੌਜੂਦ ਸਨ। ਸਾਰੇ ਨੇਤਾਵਾਂ ਨੇ ਵਾਰੀ-ਵਾਰੀ ਮਰਹੂਮ ਸਰੀਰ 'ਤੇ ਫੁੱਲ ਭੇਟ ਕਰ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ। 

PunjabKesari

ਵੀਰਵਾਰ ਸ਼ਾਮ ਨੂੰ ਲੰਬੀ ਬੀਮਾਰੀ ਤੋਂ ਬਾਅਦ ਰਾਮਵਿਲਾਸ ਪਾਸਵਾਨ ਦਾ ਦਿਹਾਂਤ ਹੋ ਗਿਆ ਸੀ। 74 ਸਾਲ ਦੇ ਪਾਸਵਾਨ ਕਈ ਦਿਨਾਂ ਤੋਂ ਹਸਪਤਾਲ ਵਿਚ ਦਾਖ਼ਲ ਸਨ। ਉਨ੍ਹਾਂ ਦਾ ਮਰਹੂਮ ਸਰੀਰ ਸ਼ੁੱਕਰਵਾਰ ਸ਼ਾਮ ਪਟਨਾ ਲਿਆਂਦਾ ਗਿਆ, ਜਿਸ ਤੋਂ ਬਾਅਦ ਵਿਧਾਨ ਸਭਾ ਅਤੇ ਪਾਰਟੀ ਵਰਕਰਾਂ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਰਾਸ਼ਟਰਪਤੀ ਰਾਮਨਾਥ ਕੋਵਿੰਦ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਸਮੇਤ ਸੀਨੀਅਰ ਨੇਤਾਵਾਂ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਸੀ। 

PunjabKesari

ਦੱਸ ਦੇਈਏ ਕਿ ਰਾਮਵਿਲਾਸ ਪਾਸਵਾਨ ਦੇ ਨਾਂ 6 ਪ੍ਰਧਾਨ ਮੰਤਰੀਆਂ ਨਾਲ ਕੰਮ ਕਰਨ ਦਾ ਅਨੋਖਾ ਰਿਕਾਰਡ ਹੈ। ਉਹ ਵੀ. ਪੀ. ਸਿੰਘ, ਐੱਚ. ਡੀ. ਦੇਵੇਗੌੜਾ, ਇੰਦਰ ਕੁਮਾਰ ਗੁਜਰਾਲ, ਅਟਲ ਬਿਹਾਰੀ ਵਾਜਪਾਈ, ਮਨਮੋਹਨ ਸਿੰਘ ਅਤੇ ਮੌਜੂਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਕੈਬਨਿਟ ਵਿਚ ਰਹਿ ਕੇ ਕੰਮ ਕਰ ਚੁੱਕੇ ਹਨ।

PunjabKesari

 


Tanu

Content Editor Tanu