‘ਰਾਮ ਮੰਦਰ ਨਿਰਮਾਣ ਦੇ ਖਰਚ ਨਾਲੋਂ ਡੇਢ ਗੁਣਾ ਜ਼ਿਆਦਾ 2100 ਕਰੋੜ ਇਕੱਠਾ ਹੋਇਆ ਚੰਦਾ’

Monday, Mar 01, 2021 - 10:23 AM (IST)

‘ਰਾਮ ਮੰਦਰ ਨਿਰਮਾਣ ਦੇ ਖਰਚ ਨਾਲੋਂ ਡੇਢ ਗੁਣਾ ਜ਼ਿਆਦਾ 2100 ਕਰੋੜ ਇਕੱਠਾ ਹੋਇਆ ਚੰਦਾ’

ਅਯੁੱਧਿਆ (ਇੰਟ.)– ਅਯੁੱਧਿਆ ਵਿਚ ਬਣ ਰਹੇ ਸ਼ਾਨਦਾਰ ਰਾਮ ਮੰਦਰ ਨਿਰਮਾਣ ਲਈ ਸ਼ਨੀਵਾਰ ਸ਼ਾਮ ਤੱਕ ਲਗਭਗ 2100 ਕਰੋੜ ਰੁਪਏ ਦਾ ਚੰਦਾ ਇਕੱਠਾ ਹੋ ਚੁੱਕਾ ਹੈ। ਜੋ ਕਿ ਮੰਦਰ ਦੇ ਨਿਰਮਾਣ ਖਰਚ ਨਾਲੋਂ ਡੇਢ ਗੁਣਾ ਜ਼ਿਆਦਾ ਹੈ। ਰਾਮ ਮੰਦਰ ਦੇ ਨਿਰਮਾਣ ਵਿਚ ਲਗਭਗ 1500 ਕਰੋੜ ਰੁਪਏ ਖਰਚ ਹੋਣ ਦਾ ਅਨੁਮਾਨ ਲਾਇਆ ਗਿਆ ਹੈ।

ਜ਼ਿਕਰਯੋਗ ਹੈ ਕਿ ਮੰਦਰ ਨਿਰਮਾਣ ਲਈ ਵਿਸ਼ਵ ਹਿੰਦੂ ਪ੍ਰੀਸ਼ਦ ਨੇ 15 ਜਨਵਰੀ ਤੋਂ ਪੂਰੇ ਦੇਸ਼ ਵਿਚ ਫੰਡ ਸਮਰਪਣ ਮੁਹਿੰਮ ਸ਼ੁਰੂ ਕੀਤੀ ਸੀ, ਜਿਸ ਦੇ ਤਹਿਤ 44 ਦਿਨ ਵਿਚ ਲਗਭਗ 1500 ਕਰੋੜ ਰੁਪਏ ਇਕੱਠੇ ਕਰਨੇ ਸਨ ਪਰ ਚੰਦੇ ਦੀ ਰਾਸ਼ੀ ਅਨੁਮਾਨ ਨਾਲੋਂ ਵਧ ਇਕੱਠੀ ਹੋ ਗਈ ਹੈ। ਅਯੁੱਧਿਆ ਵਿਚ ਸ਼੍ਰੀਰਾਮ ਮੰਦਰ ਨਿਰਮਾਣ ਲਈ ਸ਼੍ਰੀਰਾਮ ਜਨਮ ਭੂਮੀ ਫੰਡ ਸਮਰਪਣ ਮੁਹਿੰਮ ਸ਼ਨੀਵਾਰ ਨੂੰ ਖ਼ਤਮ ਹੋ ਗਈ। ਟਰੱਸਟ ਦੇ ਮੈਂਬਰ ਡਾ. ਅਨਿਲ ਮਿਸ਼ਰ ਨੇ ਦੱਸਿਆ ਕਿ ਇਨ੍ਹਾਂ ਵਿਚ ਵੱਡੀ ਗਿਣਤੀ ਵਿਚ ਮੁਸਲਿਮ ਸਮਾਜ ਦੇ ਲੋਕ ਵੀ ਸ਼ਾਮਲ ਹਨ। ਉਥੇ ਹੀ ਟਰੱਸਟ ਦੇ ਜਨਰਲ ਸਕੱਤਰ ਚੰਪਤ ਰਾਏ ਦਾ ਕਹਿਣਾ ਹੈ ਕਿ ਅਜੇ ਕੋਈ ਹੱਦ ਨਹੀਂ ਹੈ ਕਿ ਇਸ ਦੀ ਲਾਗਤ ਕਿੰਨੀ ਹੋਵੇਗੀ। ਮੰਦਰ ਬਣਨ ਤੋਂ ਬਾਅਦ ਇਸ ਦਾ ਵਿਸਤਾਰ ਵੀ ਹੋਣਾ ਹੈ।

ਉਧਰ ਕਈ ਦਹਾਕਿਆਂ ਵਿਚ ਲੰਬੇ ਵਿਵਾਦ ਦੌਰਾਨ ਬਾਬਰੀ ਮਸਜਿਦ ਦੇ ਮੁੱਦਈ ਰਹੇ ਇਕਬਾਲ ਅੰਸਾਰੀ ਨੇ ਵੀ ਰਾਮ ਮੰਦਰ ਲਈ ਗੁਪਤ ਦਾਨ ਦਿੱਤਾ ਹੈ। ਸਮਰਪਣ ਦੌਰਾਨ ਇਕਬਾਲ ਅੰਸਾਰੀ ਨੇ ਆਪਣੇ ਵਾਲਿਦ ਅਤੇ ਬਾਬਰੀ ਮਸਜਿਦ ਦੇ ਸਾਬਕਾ ਹਮਾਇਤੀ ਹਾਜੀ ਮੁਹੰਮਦ ਹਾਸ਼ਿਮ ਅੰਸਾਰੀ, ਪਤਨੀ, ਬੇਟੇ ਅਤੇ ਬੇਟੀ ਸਮੇਤ ਆਪਣੇ ਨਾਂ ਦਾ ਕੂਪਨ ਵੀ ਕਟਵਾਇਆ ਹੈ।


author

DIsha

Content Editor

Related News