ਰਾਜਸਥਾਨ ਚੋਣਾਂ : ਬੀ.ਜੇ.ਪੀ. ਨੇ ਜਾਰੀ ਕੀਤੀ ਉਮੀਦਵਾਰਾਂ ਦੀ ਪਹਿਲੀ ਸੂਚੀ

11/12/2018 3:58:04 PM

ਨਵੀਂ ਦਿੱਲੀ (ਬਿਊਰੋ)- ਭਾਰਤੀ ਜਨਤਾ ਪਾਰਟੀ (ਬੀ.ਜੇ.ਪੀ.) ਨੇ ਰਾਜਸਥਾਨ ਵਿਧਾਨ ਸਭਾ ਚੋਣਾਂ ਲਈ 131 ਉਮੀਦਵਾਰਾਂ ਦੇ ਨਾਂ 'ਤੇ ਮੋਹਰ ਲਗਾ ਦਿੱਤੀ ਹੈ। ਜਿਨ੍ਹਾਂ ਵਿਚੋਂ 85 ਮੌਜੂਦਾ ਵਿਧਾਇਕ ਅਤੇ 25 ਚਿਹਰੇ ਨਵੇਂ ਹਨ। ਕੇਂਦਰੀ ਮੰਤਰੀ ਜੇ.ਪੀ. ਨੱਡਾ ਨੇ ਐਤਵਾਰ ਨੂੰ ਦੱਸਿਆ ਕਿ ਰਾਜਸਥਾਨ ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਬੀ.ਜੇ.ਪੀ. ਨੇ 131 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਰਾਜਸਥਾਨ 'ਚ 7 ਦਸੰਬਰ ਨੂੰ ਵੋਟਿੰਗ ਹੋਣੀ ਹੈ। ਇਸ ਤੋਂ ਪਹਿਲਾਂ ਸੋਮਵਾਰ ਨੂੰ ਨੋਟੀਫਿਕੇਸ਼ਨ ਜਾਰੀ ਹੋਣ ਦੇ ਨਾਲ ਹੀ ਸੂਬੇ ਵਿਚ ਨਾਮਜ਼ਦਗੀ ਪੱਤਰ ਭਰਨ ਦਾ ਕੰਮ ਸ਼ੁਰੂ ਹੋ ਜਾਵੇਗਾ। ਜੋ 19 ਨਵੰਬਰ ਤੱਕ ਚੱਲੇਗਾ।

ਐਤਵਾਰ ਸ਼ਾਮ ਨੂੰ ਦਿੱਲੀ ਵਿਚ ਬੀ.ਜੇ.ਪੀ. ਕੇਂਦਰੀ ਚੋਣ ਕਮੇਟੀ ਦੀ ਮੀਟਿੰਗ ਹੋਈ, ਜਿਸ ਤੋਂ ਬਾਅਦ ਇਹ ਲਿਸਟ ਜਾਰੀ ਹੋਈ। ਇਸ ਮੀਟਿੰਗ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਬੀ.ਜੇ.ਪੀ. ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਮੌਜੂਦ ਰਹੇ। ਮੀਟਿੰਗ ਵਿਚ ਰਾਜਸਥਾਨ ਦੀ ਮੁੱਖ ਮੰਤਰੀ ਵਸੁੰਧਰਾ ਰਾਜੇ ਵੀ ਸ਼ਾਮਲ ਹੋਈ। ਜੇ.ਪੀ. ਨੱਡਾ ਨੇ ਦੱਸਿਆ ਕਿ ਰਾਜਸਥਾਨ ਵਿਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ 131 ਉਮੀਦਵਾਰਾਂ ਦੀ ਸੂਚੀ ਵਿਚ 12 ਔਰਤਾਂ ਉਮੀਦਵਾਰ, 32 ਨੌਜਵਾਨ ਉਮੀਦਵਾਰ, ਐਸ.ਸੀ. ਸ਼੍ਰੇਣੀ ਤੋਂ 17, ਐਸ.ਟੀ. ਸ਼੍ਰੇਣੀ ਤੋਂ 19 ਉਮੀਦਵਾਰ ਹਨ। ਨੱਡਾ ਨੇ ਕਿਹਾ ਕਿ ਸਾਰੀਆਂ ਸੀਟਾਂ ਲਈ ਜਿਨ੍ਹਾਂ ਉਮੀਦਵਾਰਾਂ ਦੇ ਨਾਂ 'ਤੇ ਚਰਚਾ ਕੀਤੀ ਗਈ ਉਹ ਮੀਟਿੰਗ ਵਿਚ ਮੌਜੂਦ ਸਨ। ਹੋਰ ਉਮੀਦਵਾਰਾਂ ਦੇ ਨਾਂ ਬਾਰੇ ਛੇਤੀ ਐਲਾਨ ਹੋਵੇਗਾ।

ਕਈ ਚੋਣ ਸਰਵੇਖਣਾਂ ਵਿਚ ਕਾਂਗਰਸ ਨੂੰ ਸੂਬੇ ਵਿਚ ਭਾਜਪਾ 'ਤੇ ਬੜ੍ਹਤ ਲੈਂਦੇ ਹੋਏ ਦਿਖਾਇਆ ਗਿਆ ਹੈ ਹਾਲਾਂਕਿ ਭਾਜਪਾ ਦਾ ਦਾਅਵਾ ਹੈ ਕਿ ਵਿਰੋਧੀ ਧਿਰ ਚੁਣੌਤੀ ਦਾ ਮੁਕਾਬਲਾ ਕਰਨ ਲਈ ਤਿਆਰ ਰਹੇ। ਵਸੁੰਧਰਾ ਰਾਜੇ ਦੀ ਅਗਵਾਈ ਵਿਚ ਪਾਰਟੀ ਨੇ 2013 ਵਿਚ ਸੂਬੇ ਦੀਆਂ 200 ਵਿਧਾਨ ਸਭਾ ਸੀਟਾਂ ਵਿਚੋਂ 163 ਸੀਟਾਂ 'ਤੇ ਜਿੱਤ ਹਾਸਲ ਕਰਕੇ ਕਾਂਗਰਸ ਨੂੰ ਸਭ ਤੋਂ ਕਰਾਰੀ ਹਾਰ ਦਿੱਤੀ ਸੀ।


Sunny Mehra

Content Editor

Related News