ਇਟਲੀ ''ਚ ਨਗਰ ਕੌਂਸਲ ਦੀਆਂ ਚੋਣਾਂ ''ਚ ਭਾਰਤੀ ਮੂਲ ਦੇ ਮਨਜੀਤ ਸਿੰਘ ਦੀ ਪਹਿਲੀ ਸਿਆਸੀ ਜਿੱਤ
Saturday, Jun 15, 2024 - 04:29 PM (IST)
ਮਿਲਾਨ ਇਟਲੀ (ਸਾਬੀ ਚੀਨੀਆ)- ਇਟਲੀ ਯੂਰਪ ਦਾ ਅਜਿਹਾ ਦੂਜਾ ਦੇਸ਼ ਹੈ, ਜਿੱਥੇ ਇੰਗਲੈਂਡ ਤੋਂ ਬਾਅਦ ਵੱਡੀ ਗਿਣਤੀ 'ਚ ਭਾਰਤੀ ਜਿਨ੍ਹਾਂ 'ਚ ਬਹੁਗਿਣਤੀ ਸਿੱਖ ਭਾਈਚਾਰੇ ਦੇ ਲੋਕ ਰਹਿੰਦੇ ਹਨ। ਇਟਲੀ 'ਚ 8 ਅਤੇ 9 ਜੂਨ ਨੂੰ ਹੋਈਆਂ ਨਗਰ ਕੌਸਲ ਦੀਆਂ ਚੋਣਾਂ 'ਚ ਵੱਖ ਵੱਖ ਸਿਆਸੀ ਪਾਰਟੀਆਂ ਨੇ ਭਾਰਤੀ ਮੂਲ ਦੇ ਉਮੀਦਵਾਰਾਂ ਨੂੰ ਚੋਣ ਮੈਦਾਨ 'ਚ ਉਤਾਰਿਆ। ਇਸੇ ਤਰਾਂ ਇਟਲੀ ਦੇ ਲੰਬਾਰਦੀਆ ਸਟੇਟ ਦੇ ਜ਼ਿਲ੍ਹਾ ਕਰੇਮੋਨਾ 'ਚ ਪੈਂਦੇ ਪਾਦੇਰਨੋ ਪੋਨਕੀਏਲੀ (ਕਰੇਮੋਨਾ) ਤੋਂ ਨਗਰ ਕੌਂਸਲ ਚੋਣਾਂ 'ਚ ਮਨਜੀਤ ਸਿੰਘ ਨੇ ਜਿੱਤ ਪ੍ਰਾਪਤ ਕੀਤੀ। ਜਿਸ 'ਤੇ ਪਾਦੇਰਨੋ ਪੋਨਕੀਏਲੀ (ਕਰੇਮੋਨਾ) ਵੱਸਦੇ ਭਾਰਤੀਆ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ।
ਪੰਜਾਬ ਦੇ ਜੰਮਪਲ ਮਨਜੀਤ ਸਿੰਘ ਪਿਛੋਕੜ ਤੋਂ ਦਸੂਹਾ ਜ਼ਿਲ੍ਹਾ ਹੁਸ਼ਿਆਰਪੁਰ ਨਾਲ ਸਬੰਧਿਤ ਹਨ। ਜਿਨ੍ਹਾਂ ਨੇ ਸ. ਜੈਮਲ ਸਿੰਘ ਅਤੇ ਮਹਿੰਦਰ ਕੌਰ ਦੇ ਘਰ ਜਨਮ ਲਿਆ। ਉਹ 1999 'ਚ ਭਾਰਤ ਤੋਂ ਇਟਲੀ ਪਹੁੰਚੇ ਸਨ। 19 ਸਾਲ ਦੀ ਉਮਰ 'ਚ ਪਹੁੰਚੇ ਮਨਜੀਤ ਸਿੰਘ ਨੇ ਇਟਲੀ 'ਚ ਮਿਹਨਤ ਨਾਲ ਚੰਗੀ ਨੌਕਰੀ ਪ੍ਰਾਪਤ ਕੀਤੀ , ਉੱਥੇ ਹੀ ਉਨ੍ਹਾਂ ਨੇ ਵੱਖ ਵੱਖ ਕੋਰਸ ਵੀ ਕੀਤੇ। ਉੱਥੇ ਉਹ ਸਮਾਜਿਕ ਅਤੇ ਧਾਰਮਿਕ ਕਾਰਜਾਂ 'ਚ ਵੀ ਵੱਡਾ ਯੋਗਦਾਨ ਪਾਉਂਦੇ ਆ ਰਹੇ ਹਨ। ਮਨਜੀਤ ਨੇ ਮਜ਼ਦੂਰ ਯੂਨੀਅਨ ਚੀਸਲ ਨਾਲ ਮਿਲ ਕੇ ਮਜ਼ਦੂਰਾਂ ਦੇ ਹੱਕਾਂ ਲਈ ਵੀ ਆਵਾਜ਼ ਬੁਲੰਦ ਕੀਤੀ। ਮਨਜੀਤ ਸਿੰਘ ਨੇੜੇ-ਤੇੜੇ ਦੇ ਇਲਾਕਿਆ 'ਚ ਵਸਦੇ ਭਾਰਤੀ ਭਾਈਚਾਰੇ ਦੇ ਨਾਲ ਇਟਾਲੀਅਨ ਲੋਕਾਂ ਅੰਦਰ ਵੀ ਕਾਫ਼ੀ ਚੰਗਾ ਅਕਸ ਰੱਖਦੇ ਹਨ। ਉਨ੍ਹਾਂ ਦੇ ਨਗਰ ਕੌਸਲ ਦੀਆਂ ਚੋਣਾਂ 'ਚ ਜਿੱਤ ਪ੍ਰਾਪਤ ਕਰਨ ਨਾਲ ਸਮੁੱਚੇ ਭਾਰਤੀਆਂ ਦਾ ਮਾਣ ਵਧਿਆ ਹੈ। ਪਰਿਵਾਰ ਦੁਆਰਾ ਮਨਜੀਤ ਸਿੰਘ ਦੀ ਜਿੱਤ ਪ੍ਰਾਪਤ ਕਰਨ ਅਤੇ ਸਾਰੇ ਭਾਰਤੀ ਅਤੇ ਹੋਰਨਾਂ ਮੂਲ ਦੇ ਲੋਕਾਂ ਦਾ ਧੰਨਵਾਦ ਕੀਤਾ। ਇੱਥੇ ਹੀ ਗੱਲਬਾਤ ਕਰਦਿਆਂ ਮਨਜੀਤ ਸਿੰਘ ਨੇ ਦੱਸਿਆ ਕਿ ਜਿੱਥੇ ਉਨ੍ਹਾਂ ਨੂੰ ਅੱਗੇ ਲੈ ਜਾਣ ਵਿਚ ਭਾਰਤੀ ਭਾਈਚਾਰੇ ਦਾ ਯੋਗਦਾਨ ਹੈ। ਉੱਥੇ ਹੀ ਉਨ੍ਹਾਂ ਦੇ ਪਰਿਵਾਰ ਅਤੇ ਉਨ੍ਹਾਂ ਦੀ ਪਤਨੀ ਮਨਦੀਪ ਦਾ ਵੀ ਪੂਰਾ ਸਾਥ ਮਿਲਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8