ਉਮੀਦਵਾਰਾਂ ਦੇ ਹੱਕ ’ਚ ਪ੍ਰਚਾਰ ਲਈ ਆਏ ਬਾਹਰਲੇ ਵਿਅਕਤੀਆਂ ਨੂੰ ਜ਼ਿਲ੍ਹਾ ਛੱਡਣ ਦੇ ਹੁਕਮ ਜਾਰੀ
Thursday, May 30, 2024 - 12:31 PM (IST)
ਮੋਹਾਲੀ (ਨਿਆਮੀਆਂ) : ਆਸ਼ਿਕਾ ਜੈਨ ਜ਼ਿਲ੍ਹਾ ਮੈਜਿਸਟਰੇਟ ਮੋਹਾਲੀ ਨੇ ਲੋਕ ਸਭਾ ਚੋਣਾਂ-2024 ਲਈ ਚੋਣ ਲੜ ਰਹੇ ਉਮੀਦਵਾਰਾਂ ਦੇ ਹੱਕ 'ਚ ਪ੍ਰਚਾਰ ਲਈ ਆਏ ਬਾਹਰਲੇ ਵਿਅਕਤੀਆਂ, ਰਿਸ਼ੇਤਾਦਾਰਾਂ ਅਤੇ ਸਮੱਰਥਕਾਂ (ਜੇਕਰ ਉਹ ਇਸ ਜ਼ਿਲ੍ਹੇ ਦੇ ਵੋਟਰ ਨਹੀਂ ਹਨ) ਲਈ 30 ਮਈ, 2024 ਨੂੰ ਸ਼ਾਮ 6 ਵਜੇ ਚੋਣ ਪ੍ਰਚਾਰ ਖ਼ਤਮ ਹੋਣ ਤੋਂ ਤੁਰੰਤ ਬਾਅਦ ਜ਼ਿਲ੍ਹਾ ਮੋਹਾਲੀ ਤੋਂ ਬਾਹਰ ਚਲੇ ਜਾਣ ਦੇ ਹੁਕਮ ਜਾਰੀ ਕੀਤੇ ਹਨ।
ਉਨ੍ਹਾਂ ਕਿਹਾ ਕਿ ਪੰਜਾਬ ਲੋਕ ਸਭਾ ਚੋਣਾਂ-2024 ਮਿਤੀ 1 ਜੂਨ 2024 ਨੂੰ ਪੰਜਾਬ ਰਾਜ ਵਿਚ ਹੋਣੀਆਂ ਨਿਯਤ ਹੋਈਆਂ ਹਨ। ਲੋਕ ਪ੍ਰਤੀਨਿਧਤਾ ਐਕਟ, 1951 ਦੀ ਧਾਰਾ 126 ਵਿਚ ਕੀਤੀ ਗਈ ਵਿਵਸਥਾ ਅਨੁਸਾਰ ਚੋਣ ਲੜ ਰਹੇ ਉਮੀਦਵਾਰਾਂ ਦੇ ਸਮੱਰਥਕ, ਰਿਸ਼ਤੇਦਾਰ ਅਤੇ ਉਨ੍ਹਾਂ ਨਾਲ ਹਮਦਰਦੀ ਰੱਖਣ ਵਾਲੇ ਵਿਅਕਤੀ ਜੋ ਇਸ ਤੋਂ ਪਹਿਲਾਂ ਉਮੀਦਵਾਰਾਂ ਦੇ ਹੱਕ 'ਚ ਪ੍ਰਚਾਰ ਕਰਨ ਲਈ ਆਏ ਹਨ, ਉਨ੍ਹਾਂ ਨੂੰ 30 ਮਈ 2024 ਨੂੰ ਸ਼ਾਮ 6 ਵਜੇ ਤੋਂ ਚੋਣ ਪ੍ਰਚਾਰ/ਮੁਹਿੰਮ ਖ਼ਤਮ ਹੋਣ ’ਤੇ ਆਪਣੇ ਉਮੀਦਵਾਰ ਦਾ ਹਲਕਾ ਛੱਡਣ ਲਈ ਕਿਹਾ ਹੈ।
ਅਜਿਹੇ ਵਿਅਕਤੀਆਂ ਵੱਲੋਂ ਉਮੀਦਵਾਰਾਂ ਦੇ ਹਲਕਿਆਂ ’ਚ ਵੋਟਾਂ ਪੈਣ ਸਮੇਂ ਹਾਜ਼ਰ ਰਹਿਣ ਨਾਲ ਅਮਨ ਪੂਰਵਕ ਤੇ ਸਹੀ ਤਰੀਕੇ ਨਾਲ ਚੱਲ ਰਹੀ ਵੋਟ ਪ੍ਰਕੀਰਿਆ ਪ੍ਰਭਾਵਿਤ ਹੋ ਸਕਦੀ ਹੈ। ਇਸ ਸਥਿਤੀ ਨੂੰ ਮੁੱਖ ਰੱਖਦੇ ਹੋਏ ਇਸ ਜ਼ਿਲ੍ਹੇ ’ਚੋਂ ਉਮੀਦਵਾਰਾਂ ਦੇ ਰਿਸ਼ਤੇਦਾਰਾਂ ਤੇ ਸਮੱਰਥਕਾਂ ਦਾ ਬਾਹਰ ਜਾਣਾ ਜ਼ਰੂਰੀ ਹੋ ਗਿਆ ਹੈ, ਜੇ ਉਹ ਇਸ ਜ਼ਿਲ੍ਹੇ ਦੇ ਵੋਟਰ ਨਹੀਂ ਹਨ। ਇਹ ਹੁਕਮ ਸਿਵਲ ਪ੍ਰਸੋਨਲ, ਆਰਮੀ ਪ੍ਰਸੋਨਲ, ਪੈਰਾ ਮਿਲਟਰੀ ਫੋਰਸ ਅਤੇ ਬਾਵਰਦੀ ਪੁਲਸ ਮੁਲਾਜ਼ਮਾਂ ’ਤੇ ਲਾਗੂ ਨਹੀਂ ਹੋਵੇਗਾ।