ਹਿਮਾਚਲ ਜ਼ਿਮਨੀ ਚੋਣਾਂ ’ਚ ਪਹਿਲੀ ਉਂਗਲ ਦੀ ਥਾਂ ਵਿਚਕਾਰਲੀ ਉਂਗਲ ’ਤੇ ਲੱਗੇਗੀ ਸਿਆਹੀ

Thursday, Jun 20, 2024 - 09:48 AM (IST)

ਸ਼ਿਮਲਾ- ਹਿਮਾਚਲ ਪ੍ਰਦੇਸ਼ ਦੇ ਦੇਹਰਾ, ਹਮੀਰਪੁਰ ਅਤੇ ਨਾਲਾਗੜ੍ਹ ਵਿਧਾਨ ਸਭਾ ਹਲਕਿਆਂ ਵਿਚ 10 ਜੁਲਾਈ ਨੂੰ ਹੋਣ ਵਾਲੀਆਂ ਜ਼ਿਮਨੀ ਚੋਣਾਂ ’ਚ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਵਾਲੇ ਵੋਟਰਾਂ ਦੀ ਪਹਿਲੀ ਉਂਗਲ ਦੀ ਥਾਂ ਵਿਚਕਾਰਲੀ ਉਂਗਲ ’ਤੇ ਸਿਆਹੀ ਲਾਈ ਜਾਵੇਗੀ। ਇਹ ਜਾਣਕਾਰੀ ਹਿਮਾਚਲ ਪ੍ਰਦੇਸ਼ ਦੇ ਮੁੱਖ ਚੋਣ ਕਮਿਸ਼ਨਰ ਮਨੀਸ਼ ਗਰਗ ਨੇ ਦਿੱਤੀ। ਦੱਸ ਦੇਈਏ ਕਿ ਹਾਲ ਹੀ ’ਚ 7 ਪੜਾਵਾਂ ’ਚ ਹੋਈਆਂ ਲੋਕ ਸਭਾ ਚੋਣਾਂ ’ਚ ਹਿਮਾਚਲ ਪ੍ਰਦੇਸ਼ ਵਿਚ ਵੀ ਵੋਟਾਂ ਪਈਆਂ ਸਨ, ਜਿਸ ਦੌਰਾਨ ਵੋਟਰਾਂ ਦੇ ਹੱਥਾਂ ਦੀ ਪਹਿਲੀ ਉਂਗਲ ’ਤੇ ਸਿਆਹੀ ਲਾਈ ਗਈ ਸੀ ਅਤੇ ਹੁਣ ਤੱਕ ਕਈ ਇਲਾਕਿਆਂ ਦੇ ਵੋਟਰਾਂ ਦੀ ਉਂਗਲ ਤੋਂ ਸਿਆਹੀ ਨਹੀਂ ਮਿਟੀ ਹੈ। ਇਸ ਦੇ ਮੱਦੇਨਜ਼ਰ ਚੋਣ ਕਮਿਸ਼ਨ ਨੇ ਜ਼ਿਮਨੀ ਚੋਣਾਂ ਲਈ ਵਿਚਕਾਰਲੀ ਉਂਗਲ ’ਤੇ ਸਿਆਹੀ ਲਾਉਣ ਦਾ ਫ਼ੈਸਲਾ ਕੀਤਾ ਹੈ।

ਅਧਿਕਾਰੀਆਂ ਨੇ ਬੁੱਧਵਾਰ ਨੂੰ ਕਿਹਾ ਕਿ ਇਕ ਨੋਟੀਫਿਕੇਸ਼ਨ ’ਚ ਹਿਮਾਚਲ ਪ੍ਰਦੇਸ਼ ਦੇ ਮੁੱਖ ਚੋਣ ਕਮਿਸ਼ਨਰ ਮਨੀਸ਼ ਗਰਗ ਨੇ ਹਮੀਰਪੁਰ, ਕਾਂਗੜਾ ਅਤੇ ਸੋਲਨ ਜ਼ਿਲ੍ਹਿਆਂ ਦੇ ਜ਼ਿਲ੍ਹਾ ਚੋਣ ਕਮਿਸ਼ਨਰਾਂ ਨੂੰ ਖੱਬੇ ਹੱਥ ਦੀ ਪਹਿਲੀ ਉਂਗਲ ਦੀ ਬਜਾਏ ਵਿਚਕਾਰਲੀ ਉਂਗਲ ’ਤੇ ਸਿਆਹੀ ਲਾਉਣ ਦਾ ਨਿਰਦੇਸ਼ ਦਿੱਤਾ ਹੈ।

ਨੋਟੀਫਿਕੇਸ਼ਨ ਪੱਤਰ ’ਚ ਕਿਹਾ ਗਿਆ ਹੈ ਕਿ ਜੇ ਮੌਜੂਦਾ ਚੋਣਾਂ ਦੀ ਤਾਰੀਖ਼ ਤੋਂ ਦੋ ਮਹੀਨੇ ਪਹਿਲਾਂ ਕੋਈ ਵੋਟਿੰਗ ਹੋਈ ਹੈ ਤਾਂ ਜ਼ਿਮਨੀ ਚੋਣਾਂ ’ਚ ਵਿਚਕਾਰਲੀ ਉਂਗਲ ’ਤੇ ਚੋਣ ਸਿਆਹੀ ਲਾਈ ਜਾਵੇਗੀ। ਸਰਕਾਰੀ ਬੁਲਾਰੇ ਨੇ ਦੱਸਿਆ ਕਿ ਚੋਣਾਂ ਕਰਵਾਉਣ ਵਾਲਿਆਂ ਅਤੇ ਇਸ ਨਾਲ ਸਬੰਧਿਤ ਪਾਰਟੀਆਂ ਨੂੰ ਹਦਾਇਤਾਂ ਦਿੱਤੀਆਂ ਗਈਆਂ ਹਨ।


Tanu

Content Editor

Related News