ਰਾਜਸਥਾਨ ਕ੍ਰਾਈਮ ਰਿਪੋਰਟ 2019 : ਰੇਪ ਦੇ ਮਾਮਲਿਆਂ ''ਚ ਹੋਇਆ 81 ਫੀਸਦੀ ਵਾਧਾ

Tuesday, Jan 07, 2020 - 01:30 PM (IST)

ਰਾਜਸਥਾਨ ਕ੍ਰਾਈਮ ਰਿਪੋਰਟ 2019 : ਰੇਪ ਦੇ ਮਾਮਲਿਆਂ ''ਚ ਹੋਇਆ 81 ਫੀਸਦੀ ਵਾਧਾ

ਜੈਪੁਰ— ਰਾਜਸਥਾਨ ਪੁਲਸ ਨੇ ਸਾਲ 2019 'ਚ ਹੋਏ ਅਪਰਾਧਾਂ ਦਾ ਅੰਕੜਾ ਜਾਰੀ ਕੀਤਾ ਹੈ। ਲੰਘਿਆ ਸਾਲ ਰਾਜਸਥਾਨ 'ਚ ਕਾਨੂੰਨ ਵਿਵਸਥਾ ਦੀ ਭਿਆਨਕ ਤਸਵੀਰ ਪੇਸ਼ ਕਰ ਗਿਆ। ਰਾਜਸਥਾਨ ਪੁਲਸ ਵਲੋਂ ਜਾਰੀ ਅੰਕੜਿਆਂ ਅਨੁਸਾਰ ਲੰਘਿਆ ਸਾਲ ਔਰਤਾਂ ਅਤੇ ਐੱਸ.ਸੀ.-ਐੱਸ.ਟੀ. ਵਰਗ ਲਈ ਬੁਰਾ ਰਿਹਾ। ਪ੍ਰਦੇਸ਼ 'ਚ ਔਰਤਾਂ ਨਾਲ ਅੱਤਿਆਚਾਰ ਦੇ 41 ਹਜ਼ਾਰ 155 ਮਾਮਲੇ ਦਰਜ ਕੀਤੇ ਗਏ। ਉੱਥੇ ਹੀ ਐੱਸ.ਸੀ.-ਐੱਸ.ਟੀ. ਵਰਗ ਨਾਲ ਅੱਤਿਆਚਾਰ ਦੇ 8 ਹਜ਼ਾਰ 591 ਮਾਮਲੇ ਦਰਜ ਕੀਤੇ ਗਏ। ਮਹਿਲਾ ਅਪਰਾਧਾਂ 'ਚ ਸਭ ਤੋਂ ਵਧ ਛੇੜਛਾੜ ਦੇ ਮਾਮਲੇ ਦਰਜ ਕੀਤੇ ਗਏ। ਮਾਸੂਮ ਕੁੜੀਆਂ ਨਾਲ ਹੋਏ ਹਾਦਸਿਆਂ 'ਚ ਵੀ 44 ਫੀਸਦੀ ਵਾਧਾ ਦਰਜ ਕੀਤਾ ਗਿਆ। ਉੱਥੇ ਹੀ ਐੱਸ.ਸੀ.-ਐੱਸ.ਟੀ. ਵਰਗ ਨਾਲ ਅਪਰਾਧਾਂ 'ਚ 51 ਫੀਸਦੀ ਵਾਧਾ ਦਰਜ ਕੀਤਾ ਗਿਆ। 2017 'ਚ 3305 ਰੇਪ ਦੇ ਮਾਮਲੇ ਦਰਜ ਕੀਤੇ ਗਏ, ਉੱਥੇ ਹੀ 2019 'ਚ 5997 ਰੇਪ ਦੇ ਮਾਮਲੇ (81.45 ਫੀਸਦੀ) ਵਧ ਦਰਜ ਕੀਤੇ ਗਏ।

ਹਾਲਾਂਕਿ ਪੁਲਸ ਹੈੱਡ ਕੁਆਟਰ ਸਾਲ 2019 'ਚ ਵਾਪਰੇ ਅਪਰਾਧਾਂ ਦੇ ਅੰਕੜੇ ਜਾਰੀ ਕਰਦੇ ਹੋਏ ਡੀ.ਜੀ.ਪੀ. ਨੇ ਕਿਹਾ ਕਿ ਰਾਜਸਥਾਨ ਪੁਲਸ ਅਪਰਾਧਾਂ ਦੀ ਰੋਕਥਾਮ ਅਤੇ ਕਾਨੂੰਨ ਵਿਵਸਥਾ ਦੀ ਪਾਲਣਾ ਲਈ ਜੁਟੀ ਹੋਈ ਹੈ। ਪ੍ਰਦੇਸ਼ ਦੇ ਨੌਜਵਾਨਾਂ ਨੂੰ ਨਸ਼ੇ ਅਤੇ ਅਪਰਾਧਾਂ ਤੋਂ ਦੂਰ ਕਰਨ ਲਈ ਰਾਜਸਥਾਨ ਪੁਲਸ ਨੇ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਹੈ। ਜਿਸ ਦੇ ਸਕਾਰਾਤਮਕ ਨਤੀਜੇ ਸਾਹਮਣੇ ਆਏ ਹਨ। ਅੱਗੇ ਵੀ ਅਪਰਾਧਾਂ ਦੀ ਰੋਕਥਾਮ 'ਤੇ ਪੁਲਸ ਵਿਸ਼ੇਸ਼ ਕੰਮ ਕਰੇਗੀ।

ਪੁਲਸ ਅਨੁਸਾਰ ਕ੍ਰਾਈਮ 'ਚ ਭਾਵੇਂ ਹੀ ਵਾਧਾ ਦੇਖਿਆ ਗਿਆ ਹੋਵੇ ਪਰ ਫਿਰਕੂ ਹਿੰਸਾ 'ਚ ਭਾਰੀ ਕਮੀ ਦੇਖੀ ਗਈ ਹੈ। 2018 'ਚ ਜਿੱਥੇ ਫਿਰਕੂ ਹਿੰਸਾ ਨਾਲ ਜੁੜੇ 313 ਮਾਮਲੇ ਸਾਹਮਣੇ ਆਏ ਸਨ, ਉੱਥੇ ਹੀ ਲੰਘੇ ਸਾਲ ਸਿਰਫ਼ 7 ਮਾਮਲੇ ਹੀ ਸਾਹਮਣੇ ਆਏ। 2019 'ਚ 2,07,319 ਕੇਸਾਂ ਦਾ ਨਿਪਟਾਰਾ ਕੀਤਾ ਗਿਆ, ਜੋ ਕਿ 2018 ਦੇ ਮੁਕਾਬਲੇ 28 ਫੀਸਦੀ ਵਧ ਹੈ। ਡੀ.ਜੀ.ਪੀ. ਨੇ ਅੱਗੇ ਦੱਸਿਆ ਕਿ ਸਪੈਸ਼ਲ ਆਪਰੇਸ਼ਨ ਗਰੁੱਪ ਨੇ ਸੀਰੀਅਸ ਫਰਾਡ ਇਨਵੈਸਟੀਗੇਸ਼ਨ ਯੂਨਿਟ ਅਤੇ ਸਾਈਬਰ ਕ੍ਰਾਈਮ ਯੂਨਿਟ ਵੀ ਬਣਾਈ ਹੈ। ਆਉਣ  ਵਾਲੇ ਸਮੇਂ ਦੀਆਂ ਯੋਜਨਾਵਾਂ ਨੂੰ ਦੱਸਦੇ ਹੋਏ ਡੀ.ਜੀ.ਪੀ. ਨੇ ਕਿਹਾ ਕਿ ਸੜਕ ਹਾਦਸੇ ਰੋਕਣ, ਔਰਤਾਂ ਅਤੇ ਬੱਚਿਆਂ ਵਿਰੁੱਧ ਅਪਰਾਧ ਰੋਕਣ ਅਤੇ ਅਪਰਾਧਾਂ ਦੀ ਜਾਂਚ 'ਤੇ ਧਿਆਨ ਦੇਣ ਦੀ ਯੋਜਨਾ ਹੈ।


author

DIsha

Content Editor

Related News