ਰਾਜਸਥਾਨ ਕੈਬਨਿਟ ਦਾ ਹੋਇਆ ਵਿਸਥਾਰ, 22 ਵਿਧਾਇਕਾਂ ਨੇ ਚੁੱਕੀ ਸਹੁੰ
Saturday, Dec 30, 2023 - 04:52 PM (IST)
ਜੈਪੁਰ (ਭਾਸ਼ਾ)- ਰਾਜਸਥਾਨ ਵਿਚ ਸੱਤਾਧਾਰੀ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ 22 ਵਿਧਾਇਕਾਂ ਨੇ ਸ਼ਨੀਵਾਰ ਨੂੰ ਮੰਤਰੀਆਂ ਵਜੋਂ ਸਹੁੰ ਚੁੱਕੀ, ਜਿਨ੍ਹਾਂ ਵਿਚੋਂ 12 ਨੂੰ ਕੈਬਨਿਟ ਮੰਤਰੀ, 5 ਨੂੰ ਰਾਜ ਮੰਤਰੀ (ਸੁਤੰਤਰ ਚਾਰਜ) ਅਤੇ 5 ਨੂੰ ਰਾਜ ਮੰਤਰੀ ਬਣਾਇਆ ਗਿਆ ਹੈ। ਰਾਜਪਾਲ ਕਲਰਾਜ ਮਿਸ਼ਰਾ ਨੇ ਰਾਜ ਭਵਨ ਵਿਚ ਵਿਧਾਇਕਾਂ ਨੂੰ ਅਹੁਦੇ ਅਤੇ ਨਿੱਜਤਾ ਪ੍ਰਦਾਨ ਕੀਤੀ। ਜਿਨ੍ਹਾਂ ਵਿਧਾਇਕਾਂ ਨੂੰ ਮੰਤਰੀ ਬਣਾਇਆ ਗਿਆ ਹੈ, ਉਨ੍ਹਾਂ ਵਿਚ ਕਰਨਪੁਰ ਵਿਧਾਨ ਸਭਾ ਸੀਟ ਤੋਂ ਚੋਣ ਲੜ ਰਹੇ ਸੁਰਿੰਦਰਪਾਲ ਸਿੰਘ ਟੀਟੀ ਵੀ ਸ਼ਾਮਲ ਹਨ। ਇਸ ਸੀਟ 'ਤੇ 5 ਜਨਵਰੀ ਨੂੰ ਵੋਟਿੰਗ ਹੋਣੀ ਹੈ। ਕੈਬਨਿਟ ਮੰਤਰੀਆਂ ਵਿਚ ਡਾ. ਕਿਰੋੜੀ ਲਾਲ ਮੀਨਾ, ਗਜੇਂਦਰ ਸਿੰਘ ਖੀਂਵਸਰ, ਰਾਜਵਰਧਨ ਸਿੰਘ ਰਾਠੌੜ, ਬਾਬੂਲਾਲ ਖਰਾੜੀ, ਮਦਨ ਦਿਲਾਵਰ, ਜੋਗਾਰਾਮ ਪਟੇਲ, ਸੁਰੇਸ਼ ਸਿੰਘ ਰਾਵਤ, ਅਵਿਨਾਸ਼ ਗਹਿਲੋਤ, ਜ਼ੋਰਾਰਾਮ ਕੁਮਾਵਤ, ਹੇਮੰਤ ਮੀਨਾ, ਕਨ੍ਹਈਲਾਲ ਚੌਧਰੀ ਅਤੇ ਸੁਮਿਤ ਗੋਦਾਰਾ ਸ਼ਾਮਲ ਹਨ।
ਉੱਥੇ ਹੀ ਵਿਧਾਇਕ ਸੰਜੇ ਸ਼ਰਮਾ, ਗੌਤਮ ਕੁਮਾਰ, ਝਾਬਰ ਸਿੰਘ ਖਰੜਾ, ਸੁਰਿੰਦਰ ਪਾਲ ਸਿੰਘ ਟੀਟੀ ਅਤੇ ਹੀਰਾਲਾਲ ਨਾਗਰ ਨੂੰ ਰਾਜ ਮੰਤਰੀ (ਸੁਤੰਤਰ ਚਾਰਜ) ਵਜੋਂ ਸਹੁੰ ਚੁਕਾਈ ਗਈ ਹੈ। ਇਸ ਤੋਂ ਇਲਾਵਾ ਵਿਧਾਇਕ ਓਟਾਰਾਮ ਦੇਵਾਸੀ, ਡਾ. ਮੰਜੂ ਬਾਘਮਾਰ, ਵਿਜੇ ਸਿੰਘ ਚੌਧਰੀ, ਕੇ.ਕੇ. ਬਿਸ਼ਨੋਈ ਅਤੇ ਜਵਾਹਰ ਸਿੰਘ ਬੇਢਮ ਨੇ ਰਾਜ ਮੰਤਰੀ ਅਹੁਦੇ ਦੀ ਸਹੁੰ ਚੁੱਕੀ। ਦੱਸਣਯੋਗ ਹੈ ਕਿ ਰਾਜ 'ਚ ਵਿਧਾਨ ਸਭਾ ਦੀਆਂ 200 'ਚੋਂ 199 ਸੀਟਾਂ ਲਈ 25 ਨਵੰਬਰ ਨੂੰ ਵੋਟਿੰਗ ਹੋਈ। ਚੋਣ ਨਤੀਜੇ ਤਿੰਨ ਦਸੰਬਰ ਨੂੰ ਐਲਾਨ ਕੀਤੇ ਗਏ ਸਨ। ਉਨ੍ਹਾਂ ਨਾਲ ਨਵੇਂ ਚੁਣੇ ਵਿਧਾਇਕ ਦੀਆ ਕੁਮਾਰ ਅਤੇ ਪ੍ਰੇਮਚੰਦ ਬੈਰਵਾ ਨੂੰ ਉੱਪ ਮੁੱਖ ਮੰਤਰੀ ਬਣਾਇਆ ਗਿਆ ਸੀ। ਰਾਜ ਦੀ ਕਰਨਪੁਰ ਸੀਟ 'ਤੇ ਕਾਂਗਰਸ ਉਮੀਦਵਾਰ ਗੁਰਮੀਤ ਸਿੰਘ ਕੁਨੂੰਰ ਦੇ ਦਿਹਾਂਤ ਕਾਰਨ ਚੋਣ ਮੁਲਤਵੀ ਕਰ ਦਿੱਤੀ ਗਈ ਸੀ। ਇਸ ਸੀਟ 'ਤੇ ਹੁਣ 5 ਜਨਵਰੀ ਨੂੰ ਵੋਟਿੰਗ ਹੋਵੇਗੀ। ਇੱਥੇ ਭਾਜਪਾ ਵਲੋਂ ਸਾਬਕਾ ਮੰਤਰੀ ਸੁਰਿੰਦਰਪਾਲ ਉਮੀਦਵਾਰ ਹਨ ਤਾਂ ਕਾਂਗਰਸ ਨੇ ਕੁਨੂੰਰ ਦੇ ਪੁੱਤਰ ਰੂਪਿੰਦਰ ਸਿੰਘ ਨੂੰ ਉਮੀਦਵਾਰ ਬਣਾਇਆ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8