ਦੋ ਟਰੱਕਾਂ ਵਿਚਾਲੇ ਭਿਆਨਕ ਟੱਕਰ ਮਗਰੋਂ ਲੱਗੀ ਅੱਗ, ਜ਼ਿੰਦਾ ਸੜੇ 3 ਲੋਕ

04/24/2023 5:17:05 PM

ਬਾੜਮੇਰ- ਰਾਜਸਥਾਨ ਦੇ ਬਾੜਮੇਰ ਜ਼ਿਲ੍ਹੇ 'ਚ ਸੋਮਵਾਰ ਤੜਕੇ ਦੋ ਟਰੱਕਾਂ ਦੀ ਟੱਕਰ ਤੋਂ ਬਾਅਦ ਅੱਗ ਲੱਗਣ ਕਾਰਨ 3 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ ਇਕ ਹੋਰ ਗੰਭੀਰ ਰੂਪ 'ਚ ਝੁਲਸ ਗਿਆ। ਪੁਲਸ ਨੇ ਦੱਸਿਆ ਕਿ ਇਹ ਹਾਦਸਾ ਗੁਡਾਮਲਾਨੀ ਥਾਣਾ ਖੇਤਰ ਦੇ ਅਲਪੁਰਾ ਪਿੰਡ 'ਚ ਪੈਟਰੋਲ ਪੰਪ ਨੇੜੇ ਵਾਪਰਿਆ। ਝੁਲਸੇ ਵਿਅਕਤੀ ਨੂੰ ਗੰਭੀਰ ਹਾਲਤ 'ਚ ਹਸਪਤਾਲ ਪਹੁੰਚਾਇਆ ਗਿਆ।

ਜਾਣਕਾਰੀ ਮੁਤਾਬਕ ਬੀਕਾਨੇਰ ਤੋਂ ਸਾਂਚੋਰ ਜਾ ਰਹੇ ਹਾਈਵੇਅ 'ਤੇ ਸਵੇਰੇ ਦੋ ਟਰੱਕਾਂ ਵਿਚਾਲੇ ਟੱਕਰ ਹੋ ਗਈ। ਟੱਕਰ ਮਗਰੋਂ ਦੋਹਾਂ ਵਿਚ ਅੱਗ ਲੱਗ ਗਈ। ਪੁਲਸ ਮੁਤਾਬਕ ਇਕ ਟਰੱਕ ਬੀਕਾਨੇਰ ਤੋਂ ਮਿੱਟੀ ਭਰ ਕੇ ਸਾਂਚੋਰ ਵੱਲ ਜਾ ਰਿਹਾ ਸੀ। ਦੂਜਾ ਟਰੱਕ ਟਾਈਲਾਂ ਨਾਲ ਭਰਿਆ ਹੋਇਆ ਸੀ, ਜੋ ਕਿ ਸਾਹਮਣੇ ਤੋਂ ਆ ਰਿਹਾ ਸੀ। ਸ਼ੁਰੂਆਤੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਟਰੱਕ ਡਰਾਈਵਰ ਨੂੰ ਨੀਂਦ ਦੀ ਝਪਕੀ ਲੱਗਣ ਕਾਰਨ ਦੋਹਾਂ ਵਿਚ ਟੱਕਰ ਹੋ ਗਈ। 

ਪੁਲਸ ਮੁਤਾਬਕ ਦੋਹਾਂ ਟਰੱਕਾਂ ਵਿਚ 4 ਲੋਕ ਸਵਾਰ ਸਨ। ਹੈੱਡ ਕਾਂਸਟੇਬਲ ਸੁਲਤਾਨ ਸਿੰਘ ਨੇ ਕਿਹਾ ਕਿ ਦੋ ਟਰੱਕਾਂ ਦੀ ਟੱਕਰ ਮਗਰੋਂ ਦੋਹਾਂ ਵਾਹਨਾਂ ਵਿਚ ਅੱਗ ਲੱਗ ਜਾਣ ਨਾਲ 3 ਲੋਕਾਂ ਦੀ ਜ਼ਿੰਦਾ ਸੜ ਕੇ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਅੱਗ ਬੁਝਾਉਣ ਲਈ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਬੁਲਾਈਆਂ ਗਈਆਂ। ਉਦੋਂ ਤੱਕ ਦੋਵੇਂ ਟਰਾਲੇ 60-80 ਫੀਸਦੀ ਤੋਂ ਵੱਧ ਸੜ ਚੁੱਕੇ ਸਨ। ਹੈੱਡ ਕਾਂਸਟੇਬਲ ਨੇ ਕਿਹਾ ਕਿ ਘਟਨਾ ਮਗਰੋਂ ਮੌਕੇ 'ਤੇ ਲੰਬਾ ਜਾਮ ਲੱਗ ਗਿਆ। ਦੋ ਘੰਟੇ ਆਵਾਜਾਈ ਠੱਪ ਰਹੀ। ਮ੍ਰਿਤਕਾਂ ਦੀ ਪਛਾਣ ਪ੍ਰਦੀਪ ਅਤੇ ਮੁਹੰਮਦ ਹਾਸਫ ਦੇ ਰੂਪ ਵਿਚ ਹੋਈ ਹੈ। ਦੋਵੇਂ ਹੀ ਬੀਕਾਨੇਰ ਦੇ ਨੋਖਾ ਵਿਚ ਪਿੰਡ ਧਰਨੋਕ ਦੇ ਰਹਿਣ ਵਾਲੇ ਹਨ। ਜਦਕਿ ਇਕ ਹੋਰ ਮ੍ਰਿਤਕ ਦੀ ਪਛਾਣ ਅਜੇ ਨਹੀਂ ਹੋ ਸਕੀ ਹੈ।


Tanu

Content Editor

Related News