ਸੰਵਿਧਾਨ ਦੇਸ਼ ਦਾ ਡੀ. ਐੱਨ. ਏ. ਪਰ ਭਾਜਪਾ ਤੇ ਸੰਘ ਲਈ ਇਹ ਕੋਰੀ ਕਿਤਾਬ : ਰਾਹੁਲ

Saturday, Nov 16, 2024 - 08:42 PM (IST)

ਅਮਰਾਵਤੀ, (ਭਾਸ਼ਾ)- ਕਾਂਗਰਸ ਦੇ ਨੇਤਾ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਉਨ੍ਹਾਂ ਦੀ ਪਾਰਟੀ ਸੰਵਿਧਾਨ ਨੂੰ ਦੇਸ਼ ਦਾ ਡੀ. ਐੱਨ. ਏ. ਮੰਨਦੀ ਹੈ, ਜਦੋਂ ਕਿ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਅਤੇ ਰਾਸ਼ਟਰੀ ਸਵੈਮਸੇਵਕ ਸੰਘ (ਆਰ. ਐੱਸ. ਐੱਸ.) ਲਈ ਇਹ ਕੋਰੀ ਕਿਤਾਬ ਹੈ।

ਮਹਾਰਾਸ਼ਟਰ ਦੇ ਅਮਰਾਵਤੀ ’ਚ ਸ਼ਨੀਵਾਰ ਇਕ ਰੈਲੀ ’ਚ ਬੋਲਦਿਆਂ ਉਨ੍ਹਾਂ ਭਾਜਪਾ ’ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ ਸੰਵਿਧਾਨ ’ਚ ਕਿਤੇ ਵੀ ਇਹ ਨਹੀਂ ਲਿਖਿਆ ਕਿ ‘ਹਾਰਸ ਟ੍ਰੇਡਿੰਗ’ ਰਾਹੀਂ ਮਹਾਰਾਸ਼ਟਰ ’ਚ ਸਰਕਾਰਾਂ ਨੂੰ ਡੇਗਿਆ ਜਾ ਸਕਦਾ ਹੈ। ਇਸ ’ਚ ਇਹ ਵੀ ਨਹੀਂ ਲਿਖਿਆ ਕਿ ਵੱਡੇ ਉਦਯੋਗਪਤੀਆਂ ਦੇ 16 ਲੱਖ ਕਰੋੜ ਰੁਪਏ ਦੇ ਕਰਜ਼ੇ ਮੁਆਫ਼ ਕੀਤੇ ਜਾ ਸਕਦੇ ਹਨ।

ਕਾਂਗਰਸ ਆਗੂ ਨੇ ਇਹ ਟਿੱਪਣੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਹੋਰ ਭਾਜਪਾ ਆਗੂਆਂ ਵੱਲੋਂ ਕੁਝ ਦਿਨ ਪਹਿਲਾਂ ਕੀਤੇ ਗਏ ਇਨ੍ਹਾਂ ਦਾਅਵਿਆਂ ਤੋਂ ਬਾਅਦ ਕੀਤੀ ਹੈ ਕਿ ਮੈਂ ਆਪਣੀਆਂ ਚੋਣ ਰੈਲੀਆਂ ’ਚ ਖਾਲੀ ਪੰਨਿਆਂ ਵਾਲੀ ਸੰਵਿਧਾਨ ਦੀ ਕਾਪੀ ਵਿਖਾ ਰਿਹਾ ਹਾਂ।

ਰਾਹੁਲ ਨੇ ਕਿਹਾ ਕਿ ਮੇਰੀ ਭੈਣ ਨੇ ਮੈਨੂੰ ਦੱਸਿਆ ਕਿ ਅੱਜਕੱਲ੍ਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਸੇ ਮੁੱਦੇ ’ਤੇ ਬੋਲ ਰਹੇ ਹਨ, ਜਿਸ ਨੂੰ ਮੈਂ ਉਠਾਉਂਦਾ ਰਿਹਾ ਹਾਂ। ਮੈਂ ਉਨ੍ਹਾਂ ਨੂੰ ਲੋਕ ਸਭਾ ’ਚ ਕਿਹਾ ਸੀ ਕਿ ਜਾਤੀ ਮਰਦਮਸ਼ੁਮਾਰੀ ਕਰਵਾਈ ਜਾਵੇ ਤੇ ਰਿਜ਼ਰਵੇਸ਼ਨ ਦੀ 50 ਫੀਸਦੀ ਦੀ ਹੱਦ ਨੂੰ ਹਟਾਇਆ ਜਾਵੇ। ਹੁਣ ਉਹ ਆਪਣੀਆਂ ਚੋਣ ਰੈਲੀਆਂ ’ਚ ਮੇਰੇ ਬਾਰੇ ਕਹਿ ਰਹੇ ਹਨ ਕਿ ਮੈਂ ਰਿਜ਼ਰਵੇਸ਼ਨ ਦੇ ਵਿਰੁੱਧ ਹਾਂ।

ਰਾਹੁਲ ਨੇ ਕਿਹਾ ਕਿ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਵਾਂਗ ਉਹ ਵੀ ਯਾਦਦਾਸ਼ਤ ਘਟਣ ਦੀ ਸਮੱਸਿਆ ਨਾਲ ਜੂਝ ਰਹੇ ਹਨ। ਪ੍ਰਧਾਨ ਮੰਤਰੀ ਹੁਣ ਇਹ ਵੀ ਕਹਿਣਗੇ ਕਿ ਰਾਹੁਲ ਗਾਂਧੀ ਜਾਤੀ ਮਰਦਮਸ਼ੁਮਾਰੀ ਦੇ ਖਿਲਾਫ ਹਨ।

ਕਾਂਗਰਸੀ ਆਗੂ ਨੇ ਦਾਅਵਾ ਕੀਤਾ ਕਿ ਵਿਰੋਧੀਆਂ ਨੇ ਮੇਰਾ ਅਕਸ ਖਰਾਬ ਕਰਨ ਤੇ ਮੈਨੂੰ ਬਦਨਾਮ ਕਰਨ ਲਈ ਕਰੋੜਾਂ ਰੁਪਏ ਖਰਚ ਕੀਤੇ ਜਦ ਕਿ ਮੈਂ ਦਲਿਤਾਂ, ਆਦਿਵਾਸੀਆਂ ਤੇ ਪੱਛੜੀਆਂ ਸ਼੍ਰੇਣੀਆਂ ਦੇ ਹੱਕਾਂ ਲਈ ਖੜ੍ਹਾ ਹਾਂ।

ਰਾਹੁਲ ਗਾਂਧੀ ਨੇ ਕਿਹਾ ਕਿ ਜੀ. ਐੱਸ. ਟੀ. ਤੇ ਨੋਟਬੰਦੀ ਕਿਸਾਨਾਂ ਅਤੇ ਛੋਟੇ ਕਾਰੋਬਾਰਾਂ ਨੂੰ ਤਬਾਹ ਕਰਨ ਦੇ ਹਥਿਆਰ ਹਨ। ਬੇਰੁਜ਼ਗਾਰੀ ਵਧ ਰਹੀ ਹੈ। ਇਸ ਕਾਰਨ ਸਮਾਜ ’ਚ ਨਫ਼ਰਤ ਫੈਲ ਰਹੀ ਹੈ। ਮੈਂ ਮੋਦੀ ਜੀ ਨੂੰ ਦੱਸਣਾ ਚਾਹੁੰਦਾ ਹਾਂ ਕਿ ਉਨ੍ਹਾਂ ਨੂੰ ਉਦਯੋਗਪਤੀਆਂ ਨੇ ਪ੍ਰਧਾਨ ਮੰਤਰੀ ਨਹੀਂ ਚੁਣਿਆ, ਦੇਸ਼ ਦੇ ਲੋਕਾਂ ਨੇ ਚੁਣਿਆ ਹੈ। ਇਹ ਸੱਚ ਹੈ ਕਿ ਉਦਯੋਗਪਤੀਆਂ ਨੇ ਉਨ੍ਹਾਂ ਦਾ ਪ੍ਰਚਾਰ ਕੀਤਾ ਹੈ।


Rakesh

Content Editor

Related News