''ਅਮਰੀਕਾ ਦੀ ਨਜ਼ਰ ਸਾਡੇ ਤੇਲ ''ਤੇ, ਦੇਸ਼ ਨੂੰ ਵੰਡਣ ਦੀ ਕੋਸ਼ਿਸ਼'', ਈਰਾਨੀ ਅਧਿਕਾਰੀ ਬਗ਼ਾਈ ਦਾ ਦਾਅਵਾ

Monday, Mar 09, 2026 - 06:32 PM (IST)

''ਅਮਰੀਕਾ ਦੀ ਨਜ਼ਰ ਸਾਡੇ ਤੇਲ ''ਤੇ, ਦੇਸ਼ ਨੂੰ ਵੰਡਣ ਦੀ ਕੋਸ਼ਿਸ਼'', ਈਰਾਨੀ ਅਧਿਕਾਰੀ ਬਗ਼ਾਈ ਦਾ ਦਾਅਵਾ

ਤੇਹਰਾਨ: ਅਮਰੀਕਾ ਅਤੇ ਇਜ਼ਰਾਈਲ ਦੇ ਨਾਲ ਚੱਲ ਰਹੇ ਭਾਰੀ ਤਣਾਅ ਦੇ ਵਿਚਕਾਰ ਈਰਾਨ ਨੇ ਦੋਵਾਂ ਦੇਸ਼ਾਂ 'ਤੇ ਬੇਹੱਦ ਗੰਭੀਰ ਦੋਸ਼ ਲਗਾਏ ਹਨ। ਈਰਾਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਇਸਮਾਈਲ ਬਗ਼ਾਈ ਨੇ ਦਾਅਵਾ ਕੀਤਾ ਹੈ ਕਿ ਅਮਰੀਕਾ ਦਾ ਮੁੱਖ ਉਦੇਸ਼ ਈਰਾਨ ਦੀ ਪ੍ਰਭੂਸੱਤਾ ਦੀ ਉਲੰਘਣਾ ਕਰਨਾ, ਦੇਸ਼ ਨੂੰ ਵੰਡਣਾ ਅਤੇ ਉਸਦੇ ਵਿਸ਼ਾਲ ਤੇਲ ਭੰਡਾਰਾਂ 'ਤੇ ਨਜਾਇਜ਼ ਕਬਜ਼ਾ ਕਰਨਾ ਹੈ।

ਜੰਗਬੰਦੀ ਦੀ ਕੋਈ ਗੁੰਜਾਇਸ਼ ਨਹੀਂ 
ਸੋਮਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਦੌਰਾਨ ਬਗ਼ਾਈ ਨੇ ਸਪੱਸ਼ਟ ਕੀਤਾ ਕਿ ਜਦੋਂ ਤੱਕ ਈਰਾਨ 'ਤੇ ਫੌਜੀ ਹਮਲੇ ਜਾਰੀ ਰਹਿਣਗੇ, ਉਦੋਂ ਤੱਕ ਕਿਸੇ ਵੀ ਤਰ੍ਹਾਂ ਦੀ ਜੰਗਬੰਦੀ ਜਾਂ ਗੱਲਬਾਤ ਦੀ ਕੋਈ ਗੁੰਜਾਇਸ਼ ਨਹੀਂ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਅਤੇ ਇਜ਼ਰਾਈਲ ਨੇ ਅਜਿਹੇ ਸਮੇਂ ਹਮਲੇ ਕੀਤੇ ਜਦੋਂ ਈਰਾਨ ਕੂਟਨੀਤਕ ਗੱਲਬਾਤ ਵਿੱਚ ਰੁੱਝਿਆ ਹੋਇਆ ਸੀ, ਜਿਸ ਕਾਰਨ ਚੱਲ ਰਹੀ ਗੱਲਬਾਤ ਪੂਰੀ ਤਰ੍ਹਾਂ ਪਟੜੀ ਤੋਂ ਉਤਰ ਗਈ ਹੈ। ਈਰਾਨੀ ਅਧਿਕਾਰੀ ਮੁਤਾਬਕ ਇਨ੍ਹਾਂ ਫੌਜੀ ਕਾਰਵਾਈਆਂ ਨੇ ਸਾਰੇ ਅੰਤਰਰਾਸ਼ਟਰੀ ਨਿਯਮਾਂ ਅਤੇ ਕੂਟਨੀਤਕ ਪਰੰਪਰਾਵਾਂ ਨੂੰ ਛਿੱਕੇ ਟੰਗ ਦਿੱਤਾ ਹੈ।

ਮੋਜਤਬਾ ਖਾਮੇਨੇਈ ਬਣੇ ਨਵੇਂ ਸੁਪਰੀਮ ਲੀਡਰ 
ਈਰਾਨ ਵਿੱਚ ਇਸ ਸਮੇਂ ਵੱਡੀ ਸਿਆਸੀ ਤਬਦੀਲੀ ਵੀ ਦੇਖਣ ਨੂੰ ਮਿਲੀ ਹੈ। 28 ਫਰਵਰੀ, 2026 ਨੂੰ ਅਮਰੀਕਾ ਅਤੇ ਇਜ਼ਰਾਈਲ ਦੇ ਸਾਂਝੇ ਹਮਲੇ 'ਚ ਸਰਵਉੱਚ ਨੇਤਾ ਅਲੀ ਖਮੇਨੇਈ ਦੀ ਮੌਤ ਹੋ ਗਈ ਸੀ। ਇਸ ਤੋਂ ਬਾਅਦ 'ਅਸੈਂਬਲੀ ਆਫ ਐਕਸਪਰਟਸ' ਨੇ ਸਰਵਸੰਮਤੀ ਨਾਲ ਉਨ੍ਹਾਂ ਦੇ ਬੇਟੇ ਮੋਜਤਬਾ ਖਾਮੇਨੇਈ ਨੂੰ ਈਰਾਨ ਦਾ ਤੀਜਾ ਸਰਵਉੱਚ ਨੇਤਾ (ਸੁਪਰੀਮ ਲੀਡਰ) ਨਿਯੁਕਤ ਕੀਤਾ ਹੈ। ਰੂਸੀ ਰਾਸ਼ਟਰਪਤੀ ਪੁਤਿਨ ਨੇ ਵੀ ਮੋਜਤਬਾ ਨੂੰ ਵਧਾਈ ਦਿੰਦਿਆਂ ਪੂਰਨ ਸਮਰਥਨ ਦਾ ਭਰੋਸਾ ਦਿੱਤਾ ਹੈ।

ਕੱਚੇ ਤੇਲ ਦੀਆਂ ਕੀਮਤਾਂ ਵਿੱਚ ਉਛਾਲ 
ਮੱਧ ਪੂਰਬ ਵਿੱਚ ਵਧਦੇ ਤਣਾਅ ਦਾ ਅਸਰ ਵਿਸ਼ਵ ਪੱਧਰ 'ਤੇ ਵੀ ਪੈ ਰਿਹਾ ਹੈ। ਜਾਣਕਾਰੀ ਅਨੁਸਾਰ 2022 ਤੋਂ ਬਾਅਦ ਪਹਿਲੀ ਵਾਰ ਕੱਚਾ ਤੇਲ 100 ਡਾਲਰ ਦੇ ਪਾਰ ਪਹੁੰਚ ਗਿਆ ਹੈ, ਜਿਸ ਨਾਲ ਆਉਣ ਵਾਲੇ ਦਿਨਾਂ ਵਿੱਚ ਤੇਲ ਦੀਆਂ ਕੀਮਤਾਂ ਵਿੱਚ ਹੋਰ ਵਾਧਾ ਹੋਣ ਦੀ ਸੰਭਾਵਨਾ ਹੈ। ਬਗ਼ਾਈ ਨੇ ਕਿਹਾ ਕਿ ਈਰਾਨ ਦੀ ਜਨਤਾ ਆਪਣੇ ਦੇਸ਼ ਦੀ ਰੱਖਿਆ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ ਦੇਸ਼ ਦਾ ਭਵਿੱਖ ਜਨਤਾ ਦੀ ਇੱਛਾ ਸ਼ਕਤੀ ਨਾਲ ਤੈਅ ਹੋਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 

 


author

Baljit Singh

Content Editor

Related News