ਜਦੋਂ ਸੱਚ ਦੀ ਕਿਤਾਬ ਖੁੱਲ੍ਹਦੀ ਹੈ, ਰਿਸ਼ਤਿਆਂ ਦਾ ਹਿਸਾਬ ਭਾਰੀ ਪੈ ਜਾਂਦਾ ਹੈ : ਸੌਰਭ ਸ਼ੁਕਲਾ
Saturday, Mar 14, 2026 - 09:56 AM (IST)
ਮੁੰਬਈ- ਰੋਮਾਂਟਿਕ ਕਾਮੇਡੀ-ਡਰਾਮਾ ਫ਼ਿਲਮ ‘ਜਬ ਖੁਲੀ ਕਿਤਾਬ’ ਇਕ ਅਜਿਹੇ ਜੋੜੇ ਦੀ ਕਹਾਣੀ ਹੈ, ਜੋ 50 ਸਾਲ ਤੱਕ ਨਾਲ ਰਹਿਣ ਤੋਂ ਬਾਅਦ ਇਕ-ਦੂਜੇ ਤੋਂ ਤਲਾਕ ਲੈਣਾ ਚਾਹੁੰਦੇ ਹਨ। ਫ਼ਿਲਮ ਵਿਚ ਪੰਕਜ ਕਪੂਰ ਤੇ ਡਿੰਪਲ ਕਪਾੜੀਆ ਮੁੱਖ ਕਿਰਦਾਰਾਂ ਵਿਚ ਹਨ। ਅਪਾਰਸ਼ਕਤੀ ਖੁਰਾਣਾ ਤੇ ਸਮੀਰ ਸੋਨੀ ਵਰਗੇ ਕਲਾਕਾਰ ਵੀ ਫ਼ਿਲਮ ਵਿਚ ਨਜ਼ਰ ਆ ਰਹੇ ਹਨ। ਫ਼ਿਲਮ 6 ਮਾਰਚ ਨੂੰ ਜ਼ੀ-5 ’ਤੇ ਰਿਲੀਜ਼ ਹੋ ਚੁੱਕੀ ਹੈ। ਫ਼ਿਲਮ ਬਾਰੇ ਡਾਇਰੈਕਟਰ ਸੌਰਭ ਸ਼ੁਕਲਾ ਨੇ ਪੰਜਾਬ ਕੇਸਰੀ/ ਨਵੋਦਿਆ ਟਾਈਮਜ਼/ ਜਗ ਬਾਣੀ/ ਹਿੰਦ ਸਮਾਚਾਰ ਨਾਲ ਖ਼ਾਸ ਗੱਲਬਾਤ ਕੀਤੀ ਅਤੇ ਦਿਲਚਸਪ ਗੱਲਾਂ ਸਾਂਝੀਆਂ ਕੀਤੀਆਂ...
Q ਫ਼ਿਲਮ ‘ਜਬ ਖੁਲੀ ਕਿਤਾਬ’ ਦਾ ਆਈਡੀਆ ਕਿੱਥੋਂ ਆਇਆ?
-ਜਦੋਂ ਮੈਂ ਕਿਸੇ ਕਹਾਣੀ ’ਤੇ ਕੰਮ ਕਰਦਾ ਹਾਂ ਤਾਂ ਮੈਂ ਹਮੇਸ਼ਾ ਉਸ ਦੀ ਰੂਹ ਨਾਲ ਜੁੜਿਆ ਟਾਈਟਲ ਲੱਭਦਾ ਹਾਂ। ‘ਜਬ ਖੁਲੀ ਕਿਤਾਬ’ ਇਕ ਅਜਿਹਾ ਹੀ ਟਾਈਟਲ ਹੈ, ਜਿਸ ਵਿਚ ਥੋੜ੍ਹਾ ਭੇਤ ਵੀ ਹੈ। ਇਹ ਲਾਈਨ ਅਕਸਰ ਅਸੀਂ ਸੁਣਦੇ ਹਾਂ ਕਿ ‘ਭਰਾ, ਮੇਰੀ ਜ਼ਿੰਦਗੀ ਤਾਂ ਖੁੱਲ੍ਹੀ ਕਿਤਾਬ ਹੈ’ ਪਰ ਫ਼ਿਲਮ ਦੇਖਣ ਤੋਂ ਬਾਅਦ ਤੁਸੀਂ ਸਮਝ ਜਾਵੋਗੇ ਕਿ ਜਦੋਂ ਸੱਚ ਦੀ ਕਿਤਾਬ ਖੁੱਲ੍ਹਦੀ ਹੈ ਤਾਂ ਹਿਸਾਬ-ਕਿਤਾਬ ਬਹੁਤ ਭਾਰੀ ਪੈ ਸਕਦਾ ਹੈ। ਇਹੀ ਫ਼ਿਲਮ ਦਾ ਮੂਲ ਸੁਨੇਹਾ ਵੀ ਹੈ।
Q ਇਹ ਕਹਾਣੀ ਕਿੰਨੀ ਵੱਖਰੀ ਤੇ ਇਮੋਸ਼ਨਲ ਹੈ?
-ਤੁਸੀਂ ਜਾਣਦੇ ਹੋ, ਕਹਾਣੀਕਾਰ ਲਈ ਪਹਿਲਾਂ ਇਹ ਜ਼ਰੂਰੀ ਹੈ ਕਿ ਕਹਾਣੀ ਦਿਲਚਸਪ ਤੇ ਡਰਾਮੈਟਿਕ ਹੋਵੇ। ਫਿਰ ਜਿਵੇਂ-ਜਿਵੇਂ ਕਹਾਣੀ ਬੁਣੀ ਜਾਂਦੀ ਹੈ, ਲੇਖਕ ਦਾ ਨਜ਼ਰੀਆ, ਉਸ ਦਾ ਸਮਾਜ ਤੇ ਰਿਸ਼ਤਿਆਂ ਨੂੰ ਦੇਖਣ ਦਾ ਤਰੀਕਾ, ਸਭ ਕਹਾਣੀ ਵਿਚ ਝਲਕਦਾ ਹੈ। ਅਖੀਰ ਵਿਚ ਅਕਸਰ ਤੁਸੀਂ ਖੁਦ ਵੀ ਨਹੀਂ ਜਾਣਦੇ ਕਿ ਮੁੱਖ ਸੁਨੇਹਾ ਕੀ ਹੋਵੇਗਾ ਪਰ ਕਹਾਣੀ ਦੇ ਖ਼ਤਮ ਹੋਣ ’ਤੇ ਸਭ ਸਪੱਸ਼ਟ ਹੋ ਜਾਂਦਾ ਹੈ। ਮੁੱਖ ਨਿਚੋੜ ਇਹ ਹੈ ਕਿ ਰਿਸ਼ਤਿਆਂ ਵਿਚ ਸੱਚ ਵੱਡੀ ਚੀਜ਼ ਹੈ, ਸੱਚ ਨਾਲ ਸ਼ਿਕਾਇਤ ਨਹੀਂ ਹੁੰਦੀ।
Q ਇਕ ਅਦਾਕਾਰ ਤੇ ਨਿਰਦੇਸ਼ਕ ਵਜੋਂ ਤੁਹਾਨੂੰ ਕੀ ਸਭ ਤੋਂ ਵੱਧ ਆਨੰਦ ਦਿੰਦਾ ਹੈ–ਐਕਟਿੰਗ, ਡਾਇਰੈਕਸ਼ਨ ਜਾਂ ਰਾਈਟਿੰਗ?
-ਇਹ ਥੋੜ੍ਹਾ ਮੁਸ਼ਕਲ ਸਵਾਲ ਹੈ ਕਿਉਂਕਿ ਇਹ ਸਭ ਇਕੋ ਸਰੀਰ ਦੇ ਹਿੱਸੇ ਵਾਂਗ ਹਨ। ਮੈਂ ਸਭ ਦਾ ਆਨੰਦ ਲੈਂਦਾ ਹਾਂ–ਐਕਟਿੰਗ, ਡਾਇਰੈਕਸ਼ਨ ਤੇ ਰਾਈਟਿੰਗ। ਹਰ ਹਿੱਸੇ ਦਾ ਆਪਣਾ ਮਜ਼ਾ ਤੇ ਚੁਣੌਤੀ ਹੈ। ਸਾਰੇ ਕਲਾਕਾਰ ਪੈਸ਼ਨੇਟ ਹੁੰਦੇ ਹਨ, ਫਰਕ ਬਸ ਸਮੇਂ ਤੇ ਤਜਰਬੇ ਦਾ ਹੁੰਦਾ ਹੈ।
Q ਤੁਸੀਂ ਵੱਡੇ ਸਿਤਾਰਿਆਂ ਨਾਲ ਕੰਮ ਕੀਤਾ ਹੈ। ਨਵੇਂ ਕਲਾਕਾਰਾਂ ਤੇ ਪੁਰਾਣੇ ਸਿਤਾਰਿਆਂ ਵਿਚਕਾਰ ਕੀ ਫਰਕ ਹੈ?
-ਸਾਰੇ ਕਲਾਕਾਰ ਬਰਾਬਰ ਪੈਸ਼ਨੇਟ ਹੁੰਦੇ ਹਨ। ਫਰਕ ਬਸ ਸਮੇਂ ਤੇ ਤਜਰਬੇ ਦਾ ਹੁੰਦਾ ਹੈ। ਜਿਹੜੇ ਕਲਾਕਾਰ ਸਮੇਂ ਦੀ ਕਸੌਟੀ ’ਤੇ ਖਰੇ ਉਤਰਦੇ ਹਨ, ਉਹੀ ਲੰਮੇ ਸਮੇਂ ਤੱਕ ਸਟਾਰ ਬਣੇ ਰਹਿੰਦੇ ਹਨ।
