ਰਾਹੁਲ ਗਾਂਧੀ ਨੇ PM ਮੋਦੀ ''ਤੇ ਵਿੰਨ੍ਹਿਆ ਨਿਸ਼ਾਨਾ, ਕੀਤੇ ਇਹ ਸਵਾਲ

02/20/2023 5:12:21 PM

ਨਵੀਂ ਦਿੱਲੀ (ਭਾਸ਼ਾ)- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਸੋਮਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਵਿਅੰਗ ਕਰਦਿਆਂ ਕਿਹਾ ਕਿ 'ਹਰ ਕਿਸੇ ਨੂੰ ਮੁਕੰਮਲ ਜਹਾਂ ਨਹੀਂ ਮਿਲਦਾ' ਦੀ ਕਹਾਵਤ ਪ੍ਰਧਾਨ ਮੰਤਰੀ ਦੇ 'ਪਸੰਦੀਦਾ ਦੋਸਤ' ਗੌਤਮ ਅਡਾਨੀ 'ਤੇ ਲਾਗੂ ਨਹੀਂ ਹੁੰਦੀ ਹੈ, ਕਿਉਂਕਿ ਜ਼ਮੀਨ, ਸਮੁੰਦਰ ਅਤੇ ਆਕਾਸ਼ ਸਭ ਉਨ੍ਹਾਂ ਦੇ ਹਨ। ਰਾਹੁਲ ਗਾਂਧੀ ਨੇ ‘ਮਿੱਤਰਕਾਲ: ਅਡਾਨੀ ਕੀ ਉਡਾਨ’ ਲੜੀ ਤਹਿਤ ਇਕ ਵੀਡੀਓ ਜਾਰੀ ਕਰਕੇ ਦੋਸ਼ ਲਾਇਆ ਹੈ ਕਿ ਮੁੰਬਈ ਹਵਾਈ ਅੱਡੇ ਸਮੇਤ ਦੇਸ਼ ਦੇ 6 ਵੱਡੇ ਹਵਾਈ ਅੱਡੇ ਨਿਯਮਾਂ ਦੀਆਂ ਧੱਜੀਆਂ ਉਡਾ ਕੇ ਅਤੇ ਜਾਂਚ ਏਜੰਸੀਆਂ ਦੀ ਦੁਰਵਰਤੋਂ ਕਰਕੇ ਅਡਾਨੀ ਸਮੂਹ ਨੂੰ ਦਿੱਤੇ ਗਏ ਹਨ। ਉਨ੍ਹਾਂ ਵੀਡੀਓ 'ਚ ਕਿਹਾ,“ਸੰਸਦ 'ਚ ਮੈਂ ਸੱਚ ਬੋਲਿਆ। ਨਰਿੰਦਰ ਮੋਦੀ ਜੀ ਅਤੇ ਅਡਾਨੀ ਜੀ ਦੇ ਰਿਸ਼ਤੇ ਬਾਰੇ ਸੱਚਾਈ ਦੱਸੀ। ਹਿੰਦੁਸਤਾਨ ਦੇ ਪੈਸਿਆਂ ਨੂੰ ਕਿਸ ਤਰ੍ਹਾਂ ਲੁੱਟਿਆ ਜਾ ਰਿਹਾ ਹੈ, ਉਸ ਬਾਰੇ ਸਬੂਤ ਦੇ ਕੇ ਸੱਚ ਦੱਸਿਆ। ਮੇਰੀਆਂ ਟਿੱਪਣੀਆਂ ਨੂੰ ਸੰਸਦ ਦੀ ਕਾਰਵਾਈ ਤੋਂ ਹਟਾ ਦਿੱਤਾ ਗਿਆ।'' 

ਰਾਹੁਲ ਗਾਂਧੀ ਨੇ ਕਿਹਾ,''ਮੈਂ ਕਾਰੋਬਾਰ ਦੇ ਖ਼ਿਲਾਫ਼ ਨਹੀਂ ਹਾਂ। ਮੈਂ ਵਪਾਰ ਦੇ ਪੱਖ 'ਚ ਹਾਂ ਪਰ ਏਕਾਧਿਕਾਰ ਅਤੇ ਜਾਦੂ ਖ਼ਿਲਾਫ ਹਾਂ। ਕਿਹੜਾ ਜਾਦੂ? 609ਵੇਂ ਸਭ ਤੋਂ ਅਮੀਰ ਤੋਂ ਦੂਜਾ ਸਭ ਤੋਂ ਅਮੀਰ ਬਣਨ ਦਾ ਜਾਦੂ? ਚਾਰ ਖੇਤਰਾਂ ਤੋਂ 14 ਖੇਤਰਾਂ 'ਚ ਵਪਾਰ ਵਧਾਉਣ ਦਾ ਜਾਦੂ? ਅਤੇ 6 ਹਵਾਈ ਅੱਡੇ ਹਾਸਲ ਕਰਨ ਦਾ ਜਾਦੂ?'' ਉਨ੍ਹਾਂ ਪ੍ਰਧਾਨ ਮੰਤਰੀ 'ਤੇ ਵਿਅੰਗ ਕਰਦੇ ਹੋਏ ਕਿਹਾ,''ਕਹਿੰਦੇ ਹਨ ਕਿ ਹਰ ਕਿਸੇ ਨੂੰ ਮੁਕੰਮਲ ਜਹਾਂ ਨਹੀਂ ਮਿਲਦਾ ਪਰ ਇਹ ਗੱਲ ਪ੍ਰਧਾਨ ਮੰਤਰੀ ਦੇ ਪਸੰਦੀਦਾ ਮਿੱਤਰ 'ਤੇ ਲਾਗੂ ਨਹੀਂ ਹੁੰਦੀ। ਇਹ ਜ਼ਮੀਨ, ਸਮੁੰਦਰ ਅਤੇ ਆਸਮਾਨ ਸਭ ਉਨ੍ਹਾਂ (ਅਡਾਨੀ) ਦਾ ਹੈ।'' ਉਨ੍ਹਾਂ ਸਵਾਲ ਕੀਤਾ,''ਇਕ ਹੀ ਵਿਅਕਤੀ ਨੂੰ 6 ਹਵਾਈ ਅੱਡੇ ਕਿਉਂ ਦਿੱਤੇ ਗਏ? ਵਿੱਤ ਮੰਤਰਾਲ ਅਤੇ ਨੀਤੀ ਆਯੋਗ ਦੇ ਇਤਰਾਜ਼ ਨੂੰ ਨਜ਼ਰਅੰਦਾਜ ਕਿਉਂ ਕੀਤਾ ਗਿਆ? ਮਾਲੀਆ ਮਾਡਲ ਕਿਉਂ ਬਦਲਿਆ ਅਤੇ ਕਿਸ ਨੇ ਬਦਲਿਆ?'' 

ਪੀ.ਐੱਮ. ਮੋਦੀ ਨੇ ਸੰਸਦ 'ਚ ਰਾਹੁਲ 'ਤੇ ਵਿਅੰਗਮਈ ਢੰਗ ਨਾਲ ਕਿਹਾ ਸੀ,''ਤੁਹਾਡੇ ਪੈਰਾਂ ਹੇਠਾਂ ਕੋਈ ਜ਼ਮੀਨ ਨਹੀਂ ਹੈ, ਕਮਾਲ ਇਹ ਹੈ ਕਿ ਫਿਰ ਵੀ ਤੁਹਾਨੂੰ ਯਕੀਨ ਨਹੀਂ?'' ਇਸ ਨੂੰ ਲੈ ਕੇ ਰਾਹੁਲ ਨੇ ਕਿਹਾ,''ਪ੍ਰਧਾਨ ਮੰਤਰੀ ਜੀ ਨੇ ਸ਼ਾਇਦ ਦੁਸ਼ਯੰਤ ਕੁਮਾਰ ਜੀ ਦੀ ਕਵਿਤਾ ਦੀਆਂ 2 ਲਾਈਨਾਂ ਨਹੀਂ ਪੜ੍ਹੀਆਂ ਹਨ : ਮੈਂ ਬੇਪਨਾਹ ਹਨ੍ਹੇਰੇ ਨੂੰ ਸਵੇਰੇ ਕਿਵੇਂ ਕਹਾਂ, ਮੈਂ ਇਨ੍ਹਾਂ ਨਜ਼ਾਰਿਆਂ ਦਾ ਅੰਨ੍ਹਾ ਤਮਾਸ਼ਬੀਨ ਨਹੀਂ।'' ਰਾਹੁਲ ਨੇ ਪਿਛਲੇ ਦਿਨੀਂ ਲੋਕ ਸਭਾ 'ਚ ਰਾਸ਼ਟਰਪਤੀ  ਦੇ ਭਾਸ਼ਣ 'ਤੇ ਧੰਨਵਾਦ ਪ੍ਰਸਤਾਵ 'ਤੇ ਚਰਚਾ 'ਚ ਹਿੱਸਾ ਲੈਂਦੇ ਹੋਏ ਅਡਾਨੀ ਸਮੂਹ ਦੇ ਸੰਦਰਭ 'ਚ ਹਿੰਡਨਬਰਗ ਰਿਸਰਚ ਦੀ ਰਿਪੋਰਟ ਨਾਲ ਜੁੜੇ ਮਾਮਲੇ ਨੂੰ ਲੈ ਕੇ ਕਈ ਦੋਸ਼ ਲਗਾਏ ਸਨ, ਜਿਸ ਨੂੰ ਬਾਅਦ 'ਚ ਸਦਨ ਦੀ ਕਾਰਵਾਈ ਤੋਂ ਹਟਾ ਦਿੱਤਾ ਗਿਆ ਸੀ। ਦੱਸਣਯੋਗ ਹੈ ਕਿ ਅਡਾਨੀ ਸਮੂਹ ਨੇ ਹਿੰਡਨਬਰਗ ਦੀ ਰਿਪੋਰਟ 'ਚ ਲਗਾਏ ਗਏ ਦੋਸ਼ਾਂ ਨੂੰ ਖਾਰਜ ਕੀਤਾ ਹੈ। 


DIsha

Content Editor

Related News