ਬਿਨਾਂ ਮੈਨੂਫੈਕਚਰਿੰਗ ਤੇ ਐਕਸਪਾਇਰੀ ਮਿਤੀ ਦੇ ਵਿਕ ਰਹੇ ਪੈਕਡ ਸਾਮਾਨ, ਵਿਭਾਗ ਦੀ ਕਾਰਗੁਜ਼ਾਰੀ ’ਤੇ ਉੱਠੇ ਸਵਾਲ

Tuesday, May 06, 2025 - 01:58 AM (IST)

ਬਿਨਾਂ ਮੈਨੂਫੈਕਚਰਿੰਗ ਤੇ ਐਕਸਪਾਇਰੀ ਮਿਤੀ ਦੇ ਵਿਕ ਰਹੇ ਪੈਕਡ ਸਾਮਾਨ, ਵਿਭਾਗ ਦੀ ਕਾਰਗੁਜ਼ਾਰੀ ’ਤੇ ਉੱਠੇ ਸਵਾਲ

ਲੁਧਿਆਣਾ (ਡੇਵਿਨ) - ਲੁਧਿਆਣਾ ਦੀ ਸਿਵਲ ਲਾਇਨਜ਼ ਰੋਡ ’ਤੇ ਜਿਥੋਂ ਸਿਹਤ ਵਿਭਾਗ ਦਾ ਦਫ਼ਤਰ ਸਿਰਫ ਕੁਝ ਕਦਮਾਂ ਦੀ ਦੂਰੀ ’ਤੇ ਹੈ, ਉਥੇ ਇਕ ਮਸ਼ਹੂਰ ਬੇਕਰੀ ਖੁੱਲ੍ਹੇਆਮ ਖਾਦ ਸੁਰੱਖਿਆ ਨਿਯਮਾਂ ਦੀ ਉਲੰਘਣਾ ਕਰ ਰਹੀ ਹੈ। ਇਹ ਬੇਕਰੀ ਚਲਾਉਣ ਵਾਲਾ ਬਿਨਾਂ ਮੈਨੂਫੈਕਚਰਿੰਗ ਅਤੇ ਐਕਸਪਾਇਰੀ ਮਿਤੀ ਦੇ ਪੈਕਡ ਬੇਕਰੀ ਉਤਪਾਦ ਵੇਚ ਰਿਹਾ ਹੈ। ਪੈਸਾ ਕਮਾਉਣ ਦੀ ਹੋੜ ’ਚ ਇਹ ਦੁਕਾਨਦਾਰ ਲੋਕਾਂ ਦੀ ਸਿਹਤ ਨਾਲ ਖੁੱਲ੍ਹਾ ਖਿਲਵਾੜ ਕਰ ਰਿਹਾ ਹੈ।

ਗਾਹਕਾਂ ਕੋਲ ਕੋਈ ਵੀ ਢੰਗ ਨਹੀਂ ਬਚਿਆ ਕਿ ਉਹ ਪਛਾਣ ਸਕਣ ਕਿ ਜੋ ਚੀਜ਼ ਉਹ ਖਰੀਦ ਰਹੇ ਹਨ, ਉਹ ਤਾਜ਼ਾ ਹੈ ਜਾਂ ਖਰਾਬ ਕਿਉਂਕਿ ਉਕਤ ਬੇਕਰੀ ਦੁਆਰਾ ਵਿਕ ਰਹੇ ਪੈਕਡ ਸਾਮਾਨ ’ਤੇ ਨਾ ਤਾਂ ਮੈਨੂਫੈਕਚਰਿੰਗ ਮਿਤੀ ਹੈ ਤੇ ਨਾ ਐਕਸਪਾਇਰੀ ਮਿਤੀ। ਗਾਹਕਾਂ ਨੂੰ ਸਿਰਫ਼ ਸਾਮਾਨ ਦੀ ਸ਼ਕਲ ਤੇ ਸੁਗੰਧ ਤੋਂ ਹੀ ਅੰਦਾਜ਼ਾ ਲਗਾਉਣਾ ਪੈਂਦਾ ਹੈ ਕਿ ਉਹ ਖਾਣਯੋਗ ਹੈ ਜਾਂ ਨਹੀਂ।

ਖਾਦ ਸੁਰੱਖਿਆ ਅਤੇ ਮਾਪਦੰਡ ਕਾਨੂੰਨ-2006 ਦੇ ਤਹਿਤ ਭਾਰਤ ’ਚ ਵਿਕਣ ਵਾਲੇ ਹਰ ਪੈਕਡ ਖਾਦ ਉਤਪਾਦ ’ਤੇ ਕੁਝ ਜ਼ਰੂਰੀ ਜਾਣਕਾਰੀਆਂ ਲਿਖੀਆਂ ਹੋਣੀਆਂ ਲਾਜ਼ਮੀ ਹਨ। ਇਨ੍ਹਾਂ 'ਚ ਉਤਪਾਦ ਦੇ ਵੈਜ ਜਾਂ ਨਾਨ-ਵੈਜ ਹੋਣ ਦਾ ਨਿਸ਼ਾਨ, ਬੈਚ ਜਾਂ ਲਾਟ ਨੰਬਰ, ਉਤਪਾਦਨ ਦੀ ਮਿਤੀ, ਖਪਤ ਦੀ ਆਖਰੀ ਮਿਤੀ, ਨਿਰਮਾਤਾ ਸਥਾਨ ਦਾ ਪਤਾ ਅਤੇ ਸਮੱਗਰੀ ਦੀ ਸੂਚੀ ਸ਼ਾਮਲ ਹਨ। ਇਹ ਜਾਣਕਾਰੀ ਉਪਭੋਗਤਾਵਾਂ ਦੇ ਹੱਕਾਂ ਦੀ ਰੱਖਿਆ ਕਰਦੀ ਹੈ ਅਤੇ ਉਨ੍ਹਾਂ ਨੂੰ ਇਹ ਜਾਣਨ ਦਾ ਮੌਕਾ ਦਿੰਦੀ ਹੈ ਕਿ ਉਹ ਕੀ ਖਾ ਰਹੇ ਹਨ ਅਤੇ ਕਿੰਨੇ ਸਮੇਂ ਤੱਕ ਖਾ ਸਕਦੇ ਹਨ।

ਬਿਨਾ ਮੈਨੂਫੈਕਚਰਿੰਗ ਅਤੇ ਐਕਸਪਾਇਰੀ ਮਿਤੀ ਦੇ ਸਮਾਨ ਵੇਚਣਾ ਨਾ ਸਿਰਫ਼ ਕਾਨੂੰਨ ਦੀ ਉਲੰਘਣਾ ਹੈ, ਸਗੋਂ ਇਹ ਗਾਹਕ ਦੀ ਸਿਹਤ ਲਈ ਵੀ ਬਹੁਤ ਖ਼ਤਰਨਾਕ ਹੈ। ਇਸ ਗੰਭੀਰ ਮਾਮਲੇ ਬਾਰੇ ਜਦੋਂ ਜ਼ਿਲਾ ਸਿਹਤ ਅਧਿਕਾਰੀ (ਡੀ. ਐੱਚ. ਓ.) ਅਮਰਜੀਤ ਕੌਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਹ ਨਿਸ਼ਚਿਤ ਤੌਰ ’ਤੇ ਗੰਭੀਰ ਉਲੰਘਣਾ ਹੈ। ਮੈਂ ਆਪਣੀ ਟੀਮ ਨੂੰ ਭੇਜ ਕੇ ਉਕਤ ਬੇਕਰੀ ਦੀ ਜਾਂਚ ਕਰਵਾਵਾਂਗੀ, ਜੋ ਵੀ ਦੋਸ਼ੀ ਪਾਇਆ ਜਾਵੇਗਾ, ਉਸ ਖਿਲਾਫ ਸਕਤ ਕਾਰਵਾਈ ਕੀਤੀ ਜਾਵੇਗੀ।
 


author

Inder Prajapati

Content Editor

Related News