ਬਟਾਲਾ ਤੇ ਗੁਰਦਾਸਪੁਰ ਸ਼ਹਿਰਾਂ ''ਚ ਰਾਤ 9 ਤੋਂ ਸਾਢੇ 9 ਵਜੇ ਤੱਕ ਹੋਵੇਗਾ ਬਲੈਕ ਆਊਟ

Wednesday, May 07, 2025 - 06:51 PM (IST)

ਬਟਾਲਾ ਤੇ ਗੁਰਦਾਸਪੁਰ ਸ਼ਹਿਰਾਂ ''ਚ ਰਾਤ 9 ਤੋਂ ਸਾਢੇ 9 ਵਜੇ ਤੱਕ ਹੋਵੇਗਾ ਬਲੈਕ ਆਊਟ

ਗੁਰਦਾਸਪੁਰ (ਗੁਰਪ੍ਰੀਤ) : ਡਿਪਟੀ ਕਮਿਸ਼ਨਰ ਗੁਰਦਾਸਪੁਰ ਦਲਵਿੰਦਰਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਰਕਾਰ ਵੱਲੋਂ ਆਈਆਂ ਹਦਾਇਤਾਂ ਦੇ ਮੱਦੇਨਜ਼ਰ ਕਿਸੇ ਵੀ ਹੰਗਾਮੀ ਸਥਿਤੀ ਨਾਲ ਨਜਿੱਠਣ ਲਈ ਅੱਜ 7 ਮਈ ਨੂੰ ਰਾਤ 9:00 ਵਜੇ ਤੋਂ 9:30 ਵਜੇ ਤੱਕ ਗੁਰਦਾਸਪੁਰ ਤੇ ਬਟਾਲਾ ਸ਼ਹਿਰਾਂ ਵਿੱਚ ਬਲੈਕ ਆਉਟ ਦਾ ਅਭਿਆਸ ਕੀਤਾ ਜਾਵੇਗਾ।

ਉਨ੍ਹਾਂ ਦੱਸਿਆ ਕਿ ਅੱਜ ਰਾਤ 9:00 ਵਜੇ ਬਟਾਲਾ ਤੇ ਗੁਰਦਾਸਪੁਰ ਸ਼ਹਿਰਾਂ ਵਿੱਚ ਸਾਇਰਨ ਵਜੇਗਾ ਅਤੇ ਬਲੈਕ ਆਊਟ ਦਾ ਅਭਿਆਸ ਕੀਤਾ ਜਾਵੇਗਾ। ਬਲੈਕ ਆਊਟ ਦੀ ਸਮਾਪਤੀ ਅੱਧੇ ਘੰਟੇ ਬਾਅਦ ਰਾਤ 9:30 ਹੋਵੇਗੀ। ਉਨ੍ਹਾਂ ਦੱਸਿਆ ਕਿ ਬਲੈਕ ਆਊਟ ਦੌਰਾਨ ਸਾਰੇ ਸ਼ਹਿਰ ਦੀ ਲਾਈਟ ਬੰਦ ਰਹੇਗੀ ਅਤੇ ਸ਼ਹਿਰ ਦੀ ਜਨਤਾ ਨੂੰ ਵੀ ਇਹ ਅਪੀਲ ਹੈ ਕਿ ਉਹ ਇਸ ਦੌਰਾਨ ਆਪਣੇ ਘਰਾਂ ਵਿੱਚ ਇਨਵਰਟਰ ਜਾਂ ਜਨਰੇਟਰ ਬੰਦ ਰੱਖਣ। ਇਸ ਤੋਂ ਇਲਾਵਾ ਸੀਸੀਟੀਵੀ ਕੈਮਰਿਆਂ ਦੀ ਜੋ ਲਾਈਟ ਹਨੇਰਾ ਹੋਣ 'ਤੇ ਆਪਣੇ ਆਪ ਚਲਦੀ ਹੈ, ਨੂੰ ਵੀ ਇਸ ਸਮੇਂ ਦੌਰਾਨ ਬੰਦ ਕੀਤਾ ਜਾਵੇ ਤਾਂ ਜੋ ਸ਼ਹਿਰ ਦੇ ਵਿੱਚ ਪੂਰੀ ਤਰ੍ਹਾਂ ਹਨੇਰਾ ਵਿਖਾਈ ਦੇਵੇ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਸਮੇਂ ਦੌਰਾਨ ਸੜਕ ਉੱਪਰ ਆਵਾਜਾਈ ਤੋਂ ਵੀ ਪਰਹੇਜ ਕੀਤਾ ਜਾਵੇ। ਉਨ੍ਹਾਂ ਨੇ ਕਿਹਾ ਕਿ ਇਸ ਦੌਰਾਨ ਕਿਸੇ ਵੀ ਤਰ੍ਹਾਂ ਘਬਰਾਉਣ ਦੀ ਲੋੜ ਨਹੀਂ ਹੈ, ਇਹ ਸਿਰਫ਼ ਇੱਕ ਅਭਿਆਸ ਹੈ। ਉਨ੍ਹਾਂ ਜਨਤਾ ਨੂੰ ਜਾਰੀ ਹਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਹੈ। ਡਿਪਟੀ ਕਮਿਸ਼ਨਰ ਸ੍ਰੀ ਦਲਵਿੰਦਰਜੀਤ ਸਿੰਘ ਨੇ ਅੱਗੇ ਦੱਸਿਆ ਕਿ ਬਟਾਲਾ ਅਤੇ ਗੁਰਦਾਸਪੁਰ ਸ਼ਹਿਰਾਂ ਵਿੱਚ ਅੱਜ ਹੋਣ ਵਾਲੇ ਬਲੈਕ ਆਊਟ ਤੋਂ ਇਲਾਵਾ ਜ਼ਿਲ੍ਹੇ ਦੇ ਸਮੂਹ ਪਿੰਡਾਂ ਵਿੱਚ ਵੀ ਅੱਜ ਰਾਤ 9:00 ਵਜੇ ਤੋਂ 9:30 ਵਜੇ ਤੱਕ ਬਲੈਕ ਆਊਟ ਦਾ ਇੱਕ ਸੁਰੱਖਿਆ ਅਭਿਆਸ ਕੀਤਾ ਜਾਵੇਗਾ।

ਉਨ੍ਹਾਂ ਕਿਹਾ ਕਿ ਇਸ ਸਮੇਂ ਦੌਰਾਨ ਪਿੰਡ ਵਾਸੀ ਆਪਣੇ ਆਪ ਹੀ ਸਾਰੀ ਲਾਈਟ ਬੰਦ ਰੱਖਣ। ਘਰਾਂ ਦੀਆਂ ਬੱਤੀਆਂ, ਗਲੀਆਂ ਦੀਆਂ ਲਾਈਟਾਂ ਅਤੇ ਹੋਰ ਚਮਕਦਾਰ ਚੀਜ਼ਾਂ ਨੂੰ ਬੰਦ ਰੱਖਿਆ ਜਾਵੇ। ਉਨ੍ਹਾਂ ਕਿਹਾ ਕਿ ਇਹ ਅਭਿਆਸ ਸਿਰਫ਼ ਸੁਰੱਖਿਆ ਤਿਆਰੀ ਦੀ ਜਾਂਚ ਲਈ ਹੈ, ਇਸ ਲਈ ਕੋਈ ਘਬਰਾਉਣ ਵਾਲੀ ਗੱਲ ਨਹੀਂ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

Baljit Singh

Content Editor

Related News