ਰਾਫੇਲ ਸੌਦੇ ਨਾਲ ਜੁੜੇ ਦੋਸ਼ ਸ਼ਰਮਨਾਕ- ਨਿਰਮਲਾ ਸੀਤਾਰਮਨ
Friday, Nov 17, 2017 - 05:07 PM (IST)

ਨਵੀਂ ਦਿੱਲੀ— ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ 36 ਰਾਫੇਲ ਲੜਾਕੂ ਜਹਾਜ਼ ਦੀ ਖਰੀਦ ਸੰਬੰਧੀ ਸੌਦੇ ਨਾਲ ਜੁੜੇ ਦੋਸ਼ ਸ਼ਰਮਨਾਕ ਹਨ ਅਤੇ ਅਜਿਹੇ ਕਲੇਸ਼ ਹਥਿਆਰਬੰਦ ਫੋਰਸਾਂ ਲਈ ਨੁਕਸਾਨਦਾਇਕ ਹਨ। ਰੱਖਿਆ ਮੰਤਰੀ ਦੀ ਟਿੱਪਣੀ ਕਾਂਗਰਸ ਦੇ ਕੱਲ ਦੇ ਦੋਸ਼ ਤੋਂ ਬਾਅਦ ਆਈ ਹੈ। ਕਾਂਗਰਸ ਨੇ ਵੀਰਵਾਰ ਨੂੰ ਦੋਸ਼ ਲਾਇਆ ਸੀ ਕਿ ਇਕ ਕਾਰੋਬਾਰੀ ਨੂੰ ਫਾਇਦਾ ਪਹੁੰਚਾਉਣ ਲਈ ਪ੍ਰਧਾਨ ਮੰਤਰੀ ਨੇ ਪੂਰਾ ਸੌਦਾ ਹੀ ਬਦਲ ਦਿੱਤਾ। ਸੀਤਾਰਮਨ ਨੇ ਪੱਤਰਕਾਰਾਂ ਨੂੰ ਦੱਸਿਆ ਇਹ ਦੋਸ਼ ਸ਼ਰਮਨਾਕ ਹਨ। ਇਸ ਸੌਦੇ ਨੂੰ ਪਾਰਦਰਸ਼ੀ ਪ੍ਰਕਿਰਿਆ ਦਾ ਪਾਲਣ ਕਰਦੇ ਹੋਏ ਅੰਤਿਮ ਰੂਪ ਦਿੱਤਾ ਗਿਆ।''
ਰੱਖਿਆ ਮੰਤਰੀ ਨੇ ਕਿਹਾ ਕਿ ਇਸ ਸੌਦੇ ਨੂੰ ਲੈ ਕੇ ਕਲੇਸ਼ ਹਥਿਆਰਬੰਦ ਫੋਰਸਾਂ ਲਈ ਨੁਕਸਾਨਦਾਇਕ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਏਅਰ ਫੋਰਸ ਦੀ ਜ਼ਰੂਰਤ ਹੀ ਇਸ ਕਰਾਰ ਨੂੰ ਕਰਨ ਦਾ ਅਹਿਮ ਕਾਰਨ ਸੀ। ਉਨ੍ਹਾਂ ਨੇ ਕਿਹਾ ਕਿ 36 ਰਾਫੇਲ ਜਹਾਜ਼ਾਂ ਲਈ ਅੰਤਿਮ ਕਰਾਰ 'ਤੇ ਸਤੰਬਰ 2016 'ਚ ਦਸਤਖ਼ਤ ਕੀਤੇ ਗਏ। ਇਸ ਤੋਂ ਪਹਿਲਾਂ ਭਾਰਤ ਅਤੇ ਫਰਾਂਸ ਦਰਮਿਆਨ ਪੰਜ ਦੌਰ ਦੀ ਚਰਚਾ ਹੋਈ ਅਤੇ ਇਸ ਨੂੰ ਸੁਰੱਖਿਆ ਮਾਮਲਿਆਂ ਦੀ ਮੰਤਰੀ ਮੰਡਲੀ ਕਮੇਟੀ ਨੇ ਵੀ ਮਨਜ਼ੂਰੀ ਦਿੱਤੀ ਸੀ। ਰੱਖਿਆ ਮੰਤਰੀ ਨੇ ਕਿਹਾ ਕਿ ਯੂ.ਪੀ.ਏ. ਸਰਕਾਰ ਜਹਾਜ਼ ਖਰੀਦਣ ਦੇ ਪ੍ਰਸਤਾਵ 'ਤੇ 10 ਸਾਲਾਂ ਤੱਕ ਚੁੱਪੀ ਸਾਧੇ ਬੈਠੀ ਰਹੀ।