ਪਿਆਕੜਾਂ ਲਈ ਅਹਿਮ ਖ਼ਬਰ, ਹਰ ਬੋਤਲ ’ਤੇ ਲੱਗੇਗਾ QR ਕੋਡ, ਜਾਣੋ ਕੀ ਹੋਣਗੇ ਫਾਇਦੇ
Tuesday, Mar 16, 2021 - 05:22 PM (IST)
ਜੈਪੁਰ– ਸ਼ਰਾਬ ਦੇ ਸ਼ੌਕੀਨਾਂ ਲਈ ਰਾਹਤ ਵਾਲੀ ਖਬਰ ਹੈ। ਹੁਣ ਪੈਸੇ ਖਰਚਣ ਦੇ ਬਾਵਜੂਦ ਨਕਲੀ ਸ਼ਰਾਬ ਮਿਲਣ ਦੀ ਕੋਈ ਗੁੰਜਾਇਸ਼ ਨਹੀਂ ਹੈ। ਉਨ੍ਹਾਂ ਨੂੰ ਹੁਣ ਖ਼ਰੀ ਸ਼ਰਾਬ ਮਿਲੇਗੀ ਕਿਉਂਕਿ ਹੁਣ ਹਰ ਬੋਤਲ ਉਤੇ QR ਕੋਡ ਲੱਗਾ ਹੋਵੇਗਾ। ਫਿਲਹਾਲ ਇਹ ਫੈਸਲਾ ਰਾਜਸਥਾਨ ਸਰਕਾਰ ਨੇ ਲਿਆ ਹੈ।
ਰਾਜਸਥਾਨ ਵਿਚ ਨਾਜਾਇਜ਼ ਸ਼ਰਾਬ ਦੀ ਸਪਲਾਈ ਰੋਕਣ ਲਈ ਨਵੀਂ ਆਬਕਾਰੀ ਨੀਤੀ ’ਚ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਨੂੰ ਹੁਣ ਲਾਗੂ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ। ‘ਟਰੈਕ ਐਂਡ ਟਰੇਸ’ ਨੀਤੀ ਉਤਪਦਨ ਤੋਂ ਵਿੱਕਰੀ ਤੱਕ ਦੇ ਸਾਰੇ ਚੈਨਲਾਂ ਵਿਚ ਲਾਗੂ ਕੀਤਾ ਜਾ ਰਿਹਾ ਹੈ। ਇਸ ਨਾਲ ਖਰੀਦਦਾਰਾਂ ਨੂੰ ਸਿਰਫ ਖ਼ਰੀ ਸ਼ਰਾਬ ਹੀ ਮਿਲੇਗੀ। ਇਸ ਲਈ ਹੁਣ ਸ਼ਰਾਬ ਦੀਆਂ ਬੋਤਲਾਂ ਉਤੇ ਕਿਊ. ਆਰ. ਕੋਡ (QR Code) ਲਗਾਇਆ ਜਾਵੇਗਾ। ਇਸ ਕੋਡ ਰਾਹੀਂ ਗਾਹਕ ਇਸ ਬਾਰੇ ਪੂਰੀ ਜਾਣਕਾਰੀ ਹਾਸਲ ਕਰ ਸਕੇਗਾ। ਇਸ ਦੇ ਨਾਲ ਹੀ, ਸ਼ਰਾਬ ਦੀਆਂ ਦੁਕਾਨਾਂ ’ਤੇ ਵੀ ਬੋਤਲ 'ਤੇ ਸਿਰਫ ਕਿਊ.ਆਰ. ਕੋਡ ਨੂੰ ਸਕੈਨ ਕਰਕੇ ਵੇਚਿਆ ਜਾਵੇਗਾ।
ਰਾਜਸਥਾਨ ’ਚ ਪਿਛਲੇ ਕੁਝ ਸਮੇਂ ਤੋਂ ਮਿਲਾਵਟੀ ਸ਼ਰਾਬ ਇਕ ਵੱਡੀ ਸਮੱਸਿਆ ਵਜੋਂ ਸਾਹਮਣੇ ਆਈ ਹੈ। ਇਕ ਪਾਸੇ ਜਿੱਥੇ ਲੋਕਾਂ ਦੀ ਸਿਹਤ ਨੂੰ ਖਤਰਾ ਪੈਦਾ ਹੋ ਰਿਹਾ ਹੈ, ਉਥੇ ਹੀ ਸਰਕਾਰ ਨੂੰ ਮਾਲੀਏ ਦਾ ਘਾਟਾ ਵੀ ਮਹਿਸੂਸ ਹੋ ਰਿਹਾ ਹੈ। ਇਸ ਸਮੱਸਿਆ ਨੂੰ ਧਿਆਨ ’ਚ ਰੱਖਦਿਆਂ ਰਾਜ ਸਰਕਾਰ ਨੇ ਨਵੀਂ ਆਬਕਾਰੀ ਨੀਤੀ ਵਿਚ ਨਵੀਂ ਤਕਨੀਕ ਦੀ ਵਰਤੋਂ ਕਰਨ ਦਾ ਪ੍ਰਬੰਧ ਕੀਤਾ ਹੈ।
ਆਬਕਾਰੀ ਵਿਭਾਗ ਦੁਆਰਾ ਨਿਗਰਾਨੀ ਲਈ ਤਿਆਰ ਕੀਤੇ ਗਈ ਹਾਈ ਤਕਨੀਕ ਵਿਧੀ ਦੇ ਤਹਿਤ ਸ਼ਰਾਬ ਨੂੰ ਉਤਪਾਦਨ ਤੋਂ ਵਿਕਰੀ ਤੱਕ ਟਰੈਕ ਕੀਤਾ ਜਾ ਸਕਦਾ ਹੈ। ਹਰ ਬੋਤਲ 'ਤੇ ਇਕ ਹੋਲੋਗ੍ਰਾਮ ਲਗਾਇਆ ਜਾਵੇਗਾ। ਇਸ 'ਤੇ ਲੱਗੇ ਬਾਰ ਕੋਡ ਤੋਂ ਹਰ ਕਿਸਮ ਦੀ ਜਾਣਕਾਰੀ ਉਪਲਬਧ ਹੋਵੇਗੀ। ਸ਼ਰਾਬ ਕਿਸ ਕੰਪਨੀ ਦੀ ਹੈ, ਸ਼ਰਾਬ ਦਾ ਉਤਪਾਦਨ ਕਦੋਂ ਹੋਇਆ, ਕਿਹੜੇ ਠੇਕੇ 'ਤੇ ਸ਼ਰਾਬ ਦੀ ਬੋਤਲ ਸਪਲਾਈ ਕੀਤੀ ਅਤੇ ਕਿੰਨੀ ਵਿਕੀ। ਇਸ ਨੂੰ ਟਰੈਕ ਵੀ ਕੀਤਾ ਜਾ ਸਕਦਾ ਹੈ।