ਪ੍ਰਿਯੰਕਾ ਗਾਂਧੀ ਦੇ ਫਾਲੋਅਰਜ਼ ਦੀ ਗਿਣਤੀ ਟਵਿਟਰ ’ਤੇ 2.08 ਲੱਖ ਤੋਂ ਟੱਪੀ
Sunday, Feb 17, 2019 - 08:23 AM (IST)
ਜਲੰਧਰ, (ਧਵਨ)- ਕਾਂਗਰਸ ਦੀ ਕੌਮੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਜਿਨ੍ਹਾਂ ਨੂੰ ਪੂਰਬੀ ਉੱਤਰ ਪ੍ਰਦੇਸ਼ ਦਾ ਇੰਚਾਰਜ ਬਣਾਇਆ ਗਿਆ ਹੈ, ਦੇ ਫਾਲੋਅਰਜ਼ ਦੀ ਗਿਣਤੀ ਟਵਿਟਰ ’ਤੇ ਲਗਾਤਾਰ ਵਧਦੀ ਜਾ ਰਹੀ ਹੈ ਅਤੇ ਪਿਛਲੇ ਕੁਝ ਦਿਨਾਂ ਦੌਰਾਨ ਹੀ ਇਹ 2.08 ਲੱਖ ਨੂੰ ਪਾਰ ਕਰ ਗਈ ਹੈ। ਕਾਂਗਰਸੀ ਸੂਤਰਾਂ ਨੇ ਦੱਸਿਆ ਕਿ ਭਾਵੇਂ ਅਜੇ ਤੱਕ ਪ੍ਰਿਯੰਕਾ ਨੇ ਅਧਿਕਾਰਤ ਤੌਰ ’ਤੇ ਟਵਿਟਰ ਉਤੇ ਆਪਣੀਆਂ ਸਰਗਰਮੀਆਂ ਨੂੰ ਸ਼ੁਰੂ ਨਹੀਂ ਕੀਤਾ ਪਰ ਫਿਰ ਵੀ ਉਨ੍ਹਾਂ ਦੇ ਫਾਲੋਅਰਜ਼ ਦੀ ਗਿਣਤੀ ਵਧਦੀ ਜਾ ਰਹੀ ਹੈ।
ਪ੍ਰਿਯੰਕਾ ਨੂੰ ਫਾਲੋਅ ਕਰਨ ਵਾਲਿਆਂ ’ਚ ਕਾਂਗਰਸ ਦੇ ਕੌਮੀ ਪੱਧਰ ਦੇ ਚੋਟੀ ਦੇ ਨੇਤਾ ਵੀ ਸ਼ਾਮਲ ਹਨ। ਕਾਂਗਰਸੀ ਸੂਤਰਾਂ ਨੇ ਦੱਸਿਆ ਕਿ ਆਉਂਦੇ ਕੁਝ ਦਿਨਾਂ ਦੌਰਾਨ ਪ੍ਰਿਯੰਕਾ ਵਲੋਂ ਟਵਿਟਰ ’ਤੇ ਆਪਣੀਆਂ ਸਿਆਸੀ ਸਰਗਰਮੀਆਂ ਤੇ ਪ੍ਰਚਾਰ ਸ਼ੁਰੂ ਕਰ ਦਿੱਤਾ ਜਾਏਗਾ। ਇਸ ਨਾਲ ਪੂਰੇ ਦੇਸ਼ ’ਚ ਕਾਂਗਰਸੀ ਆਗੂਆਂ ਤੇ ਵਰਕਰਾਂ ਨੂੰ ਉਨ੍ਹਾਂ ਦੀਆਂ ਸਰਗਰਮੀਆਂ ਬਾਰੇ ਪਤਾ ਲੱਗਦਾ ਰਹੇਗਾ। ਹੁਣ ਕਿਉਂਕਿ ਪੁਲਵਾਮਾ ’ਚ ਅੱਤਵਾਦੀਆਂ ਨੇ ਇਕ ਵੱਡਾ ਹਮਲਾ ਕੀਤਾ ਹੈ, ਜਿਸ ਕਾਰਨ ਪੂਰੇ ਦੇਸ਼ ਦੀਆਂ ਸਰਗਰਮੀਆਂ ਦਾ ਕੇਂਦਰ ਸਿਆਸਤ ਤੋਂ ਹਟ ਕੇ ਦੇਸ਼ ਦੀ ਸੁਰੱਖਿਆ ਵੱਲ ਚਲਾ ਗਿਆ ਹੈ, ਇਸ ਲਈ ਪ੍ਰਿਯੰਕਾ ਵਲੋਂ ਹੁਣ ਟਵਿਟਰ ’ਤੇ ਆਪਣੀਆਂ ਸਰਗਰਮੀਆਂ ਦਾ ਪ੍ਰਚਾਰ ਸ਼ੁਰੂ ਕੀਤਾ ਜਾਏਗਾ।