ਨਾਜਾਇਜ਼ ਰੂਪ ’ਚ ਰਹਿ ਰਹੇ ਚੀਨੀ ਨਾਗਰਿਕ ਜ਼ੂ-ਫਾਈ ਦਾ ਨਿੱਜੀ ਸੁਰੱਖਿਆ ਕਰਮਚਾਰੀ ਜਾਸੂਸੀ ਕਰਦਾ ਗ੍ਰਿਫ਼ਤਾਰ
Sunday, Jul 03, 2022 - 10:12 AM (IST)
ਨੋਇਡਾ (ਭਾਸ਼ਾ)- ਨੋਇਡਾ ਦੇ ਗੌਤਮ ਬੁੱਧ ਨਗਰ ’ਚ ਗੈਰ-ਕਾਨੂੰਨੀ ਢੰਗ ਨਾਲ ਰਹਿ ਰਹੇ ਚੀਨੀ ਨਾਗਰਿਕ ਜ਼ੂ-ਫਾਈ ਦੇ ਨਿੱਜੀ ਸੁਰੱਖਿਆ ਗਾਰਡ ਅਸ਼ੋਕ ਨੂੰ ਪੁਲਸ ਨੇ ਸ਼ੁੱਕਰਵਾਰ ਰਾਤ ਨੂੰ ਯਮੁਨਾ ਐਕਸਪ੍ਰੈਸ ਵੇਅ ਨੇੜਿਓਂ ਗ੍ਰਿਫ਼ਤਾਰ ਕਰ ਲਿਆ ਹੈ। ਪੁਲਸ ਕਮਿਸ਼ਨਰ ਅਲੋਕ ਸਿੰਘ ਦੇ ਮੀਡੀਆ ਇੰਚਾਰਜ ਨੇ ਦੱਸਿਆ ਕਿ ਮੁਲਜ਼ਮ ਤੋਂ ਪੁੱਛਗਿੱਛ ਦੌਰਾਨ ਜਾਂਚ ਏਜੰਸੀਆਂ ਨੂੰ ਵੱਡੇ ਫਰਜ਼ੀਵਾੜੇ ਦੀ ਜਾਣਕਾਰੀ ਮਿਲੀ ਹੈ। ਅਸ਼ੋਕ ਕਿਸੇ ਏਜੰਸੀ ਦੇ ਇਸ਼ਾਰੇ ’ਤੇ ਜਾਸੂਸੀ ਕਰ ਰਿਹਾ ਸੀ। ਉੱਥੇ ਹੀ ਭਾਰਤ-ਨੇਪਾਲ ਸਰਹੱਦ ’ਤੇ ਫੜੇ ਗਏ ਚੀਨ ਦੇ 2 ਨਾਗਰਿਕਾਂ ਦੇ ਪ੍ਰੋਡਕਸ਼ਨ ਵਾਰੰਟ ਦੇ ਆਧਾਰ ’ਤੇ ਉੱਥੇ ਜਾ ਕੇ ਐੱਸ. ਟੀ. ਐੱਫ. ਨੇ ਪੁੱਛਗਿੱਛ ਕੀਤੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਰਿਮਾਂਡ ਦੌਰਾਨ ਜ਼ੂ-ਫਾਈ ਦੇ ਕਾਰੋਬਾਰੀ ਭਾਈਵਾਲ ਰਵੀ ਨਟਵਰਲਾਲ ਅਤੇ ਉਸ ਦੇ ਸਾਥੀ ਪੁਸ਼ਪੇਂਦਰ ਤੋਂ ਰਿਮਾਂਡ ਦੌਰਾਨ ਹੋਈ ਪੁੱਛਗਿੱਛ ’ਚ ਐੱਸ.ਟੀ.ਐੱਫ. ਨੂੰ ਕਈ ਅਹਿਮ ਜਾਣਕਾਰੀਆਂ ਮਿਲੀਆਂ ਹਨ। ਇਸ ਤੋਂ ਬਾਅਦ ਅਦਾਲਤ ਤੋਂ ਪ੍ਰੋਡਕਸ਼ਨ ਵਾਰੰਟ ਲੈ ਕੇ ਟੀਮ ਬਿਹਾਰ ਦੇ ਸੀਤਾਮੜੀ ਲਈ ਰਵਾਨਾ ਹੋਈ ਅਤੇ ਨੇਪਾਲ ਸਰਹੱਦ ’ਤੇ 11 ਜੂਨ ਨੂੰ ਫੜੇ ਗਏ ਚੀਨੀ ਨਾਗਰਿਕਾਂ ਲੂ-ਲੈਗ ਅਤੇ ਯੂ ਹਾਲੈਂਗ ਤੋਂ ਜੇਲ੍ਹ ’ਚ ਪੁੱਛਗਿੱਛ ਕੀਤੀ।
ਐੱਸ.ਟੀ.ਐੱਫ. ਦੀ ਇਕ ਟੀਮ ਨੇ ਗਾਜ਼ੀਆਬਾਦ ਦੇ ਮੁਰਾਦਨਗਰ ਨਿਾਵਸੀ ਅਸ਼ੋਕ ਨੂੰ ਗ੍ਰਿਫ਼ਤਾਰ ਕੀਤਾ ਹੈ। ਜ਼ੂ-ਫਾਈ ਦੇ ਗ੍ਰੇਟਰ ਨੋਇਡਾ ਸਥਿਤ ਕਲੱਬ ਦੇ ਸਾਰੇ ਲੈਣ-ਦੇਣ ਅਤੇ ਬੈਂਕ ’ਚ ਪੈਸੇ ਜਮ੍ਹਾ ਕਰਵਾਉਣ ਲਈ ਜ਼ਿੰਮੇਵਾਰੀ ਅਸ਼ੋਕ ਹੀ ਚੁੱਕਦਾ ਸੀ। ਅਸ਼ੋਕ ਅਤੇ ਹੋਰ ਮੁਲਜ਼ਮਾਂ ਤੋਂ ਪੁੱਛਗਿੱਛ ’ਚ ਬਹੁਤ ਸਾਰੀਆਂ ਜਾਣਕਾਰੀਆਂ ਮਿਲੀਆਂ ਹਨ। ਜਾਂਚ ਦੌਰਾਨ ਪਤਾ ਲੱਗਾ ਹੈ ਕਿ ਭਾਰਤ ’ਚ ਖਰਾਬ ਹੋਣ ਵਾਲੇ ਮੋਬਾਈਲ ਫੋਨ ਅਤੇ ਉਨ੍ਹਾਂ ਦੇ ਕੀਮਤੀ ਪੁਰਜ਼ਿਆਂ ਨੂੰ ਚੀਨ ਭੇਜਿਆ ਜਾਂਦਾ ਸੀ। ਇਸ ਤੋਂ ਬਾਅਦ ਖਰਾਬ ਹੋਏ ਮੋਬਾਈਲ ਫੋਨ ਮੁਰੰਮਤ ਕਰ ਕੇ ਨਵੇਂ ਰੂਪ ਵਿਚ ਭਾਰਤ ਵਾਪਸ ਆ ਜਾਂਦੇ ਸਨ, ਜਿਨ੍ਹਾਂ ਨੂੰ ਬਾਅਦ ’ਚ ਕਿਸੇ ਕੰਪਨੀ ਨੂੰ ਵੇਚ ਦਿੱਤਾ ਜਾਂਦਾ ਸੀ।