ਗੋਨਿਆਣਾ ਮੰਡੀ ‘ਚ ਨਾਜਾਇਜ਼ ਕਬਜ਼ਿਆਂ ਦਾ ਜੰਗਲ ਰਾਜ! ਚੱਲਦੀ ਗਲੀ 'ਚ ਕੌਂਸਲਰ ਦਾ ਕਬਜ਼ਾ
Thursday, Feb 12, 2026 - 04:15 PM (IST)
ਗੋਨਿਆਣਾ ਮੰਡੀ (ਗੋਰਾ ਲਾਲ) : ਗੋਨਿਆਣਾ ਮੰਡੀ 'ਚ ਪਿਛਲੇ ਪੰਜ ਸਾਲਾਂ ਦੇ ਕਾਰਜਕਾਲ ਦੌਰਾਨ ਨਾਜਾਇਜ਼ ਕਬਜ਼ਿਆਂ ਦੀ ਇਸ ਕਦਰ ਭਰਮਾਰ ਹੋ ਚੁੱਕੀ ਹੈ ਕਿ ਹੁਣ ਸ਼ਹਿਰ ਦੇ ਮੁੱਖ ਬਾਜ਼ਾਰ ਅਤੇ ਚੱਲਦੀਆਂ ਗਲੀਆਂ ਵੀ ਸੁਰੱਖਿਅਤ ਨਹੀਂ ਰਹੀਆਂ। ਦੁਕਾਨਾਂ ਅੱਗੇ ਥੜ੍ਹੇ ਬਣਾਉਣ, ਸੜਕਾਂ ‘ਤੇ ਰੇੜ੍ਹੀਆਂ-ਰੇਹੜੇ ਖੜ੍ਹੇ ਕਰਨ ਅਤੇ ਸਰਕਾਰੀ ਜਗ੍ਹਾ ‘ਤੇ ਪੱਕੇ ਢਾਂਚੇ ਤਿਆਰ ਕਰਨ ਦਾ ਸਿਲਸਿਲਾ ਲਗਾਤਾਰ ਵੱਧਦਾ ਗਿਆ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇਹ ਸਭ ਕੁੱਝ ਨਗਰ ਕੌਂਸਲ ਦੇ ਕਾਰਜਕਾਲ ਦੌਰਾਨ ਹੋਇਆ ਅਤੇ ਇਨ੍ਹਾਂ ਕਬਜ਼ਿਆਂ ਨੂੰ ਰੋਕਣ ਦੀ ਬਜਾਏ ਮੰਨੋ ਖੁੱਲ੍ਹੀ ਛੋਟ ਦਿੱਤੀ ਗਈ। ਜੇਕਰ ਕੋਈ ਦੁਕਾਨਦਾਰ ਵਿਰੋਧ ਕਰਦਾ ਹੈ ਤਾਂ ਉਸ ਨਾਲ ਝਗੜਾ ਕੀਤਾ ਜਾਂਦਾ ਹੈ, ਅਤੇ ਜੇਕਰ ਨਗਰ ਕੌਂਸਲ ਕਦੇ ਕਬਜ਼ਾ ਚੁਕਵਾਉਣ ਦੀ ਕੋਸ਼ਿਸ਼ ਕਰੇ ਤਾਂ ਉਲਟਾ ਦਬਾਅ ਬਣਾਇਆ ਜਾਂਦਾ ਹੈ। ਤਾਜ਼ਾ ਮਾਮਲੇ ਨੇ ਤਾਂ ਮੰਡੀ 'ਚ ਚਰਚਾ ਦਾ ਤੂਫ਼ਾਨ ਖੜ੍ਹਾ ਕਰ ਦਿੱਤਾ ਹੈ। ਭਰੇ ਬਾਜ਼ਾਰ ਅਤੇ ਚੱਲਦੀ ਗਲੀ 'ਚ ਇੱਕ ਮੌਜੂਦਾ ਕੌਂਸਲਰ ਵੱਲੋਂ ਖ਼ੁਦ ਨਾਜਾਇਜ਼ ਕਬਜ਼ਾ ਕਰਨ ਦੀ ਘਟਨਾ ਸਾਹਮਣੇ ਆਈ ਹੈ। ਇੱਕ ਪਾਸੇ ਮੇਨ ਬਾਜ਼ਾਰ, ਦੂਜੇ ਪਾਸੇ ਚੱਲਦੀ ਗਲੀ ਅਤੇ ਉੱਪਰੋਂ ਖ਼ਦ ਕੌਂਸਲਰ ਪਰ ਰੋਕਣ ਵਾਲਾ ਕੋਈ ਨਹੀਂ। ਲੋਕਾਂ 'ਚ ਇਹ ਗੱਲ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਕਿ ਕੀ ਇਹ ਕਬਜ਼ਾ ਸਿਆਸੀ ਪੱਖ ਤੋਂ ਪ੍ਰੋਤਸਾਹਿਤ ਹੈ? ਕਿਉਂਕਿ ਕੁੱਝ ਸਮੇਂ ਬਾਅਦ ਨਗਰ ਕੌਂਸਲ ਦੀਆਂ ਚੋਣਾਂ ਵੀ ਆਉਣ ਵਾਲੀਆਂ ਹਨ। ਸ਼ਹਿਰ ਵਾਸੀਆਂ ਦਾ ਸਵਾਲ ਹੈ ਕਿ ਜੇਕਰ ਕਾਨੂੰਨ ਬਣਾਉਣ ਅਤੇ ਲਾਗੂ ਕਰਨ ਵਾਲੇ ਹੀ ਕਾਨੂੰਨ ਦੀ ਉਲੰਘਣਾ ਕਰਨ ਲੱਗ ਪੈਣ ਤਾਂ ਫਿਰ ਆਮ ਜਨਤਾ ਕਿਸ ਕੋਲ ਨਿਆਂ ਲਈ ਜਾਵੇ?
ਕੀ ਕਹਿੰਦੇ ਹਨ ਇਸ ਸਬੰਧੀ ਮੰਡੀ ਦੇ ਸਾਬਕਾ ਕੌਂਸਲਰ ਰਾਜਕੁਮਾਰ
ਇਸ ਸਬੰਧੀ ਸਾਬਕਾ ਕੌਂਸਲਰ ਰਾਜਕੁਮਾਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਨੇ ਇਸ ਨਾਜਾਇਜ਼ ਕਬਜ਼ੇ ਦਾ ਡੱਟ ਕੇ ਵਿਰੋਧ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਸਿਰਫ ਇੱਕ ਵਿਅਕਤੀ ਦਾ ਮਾਮਲਾ ਨਹੀਂ, ਸਗੋਂ ਪਿਛਲੇ ਪੰਜ ਸਾਲਾਂ ਦੀ ਕਾਰਗੁਜ਼ਾਰੀ ਦੀ ਨਰਮੀ ਦਾ ਨਤੀਜਾ ਹੈ। ਉਨ੍ਹਾਂ ਨੇ ਨਗਰ ਕੌਂਸਲ ਗੋਨਿਆਣਾ ਮੰਡੀ ਦੇ ਕਾਰਜ ਸਾਧਕ ਅਫ਼ਸਰ (ਈ. ਓ.) ਤਰੁਣ ਕੁਮਾਰ ਨੂੰ ਟੈਲੀਫੋਨ ਰਾਹੀਂ ਪੂਰੀ ਜਾਣਕਾਰੀ ਦਿੱਤੀ ਅਤੇ ਕਬਜ਼ਾ ਧਾਰਕ ਖ਼ਿਲਾਫ਼ ਤੁਰੰਤ ਸਖ਼ਤ ਕਾਰਵਾਈ ਦੀ ਮੰਗ ਕੀਤੀ।
ਕੀ ਕਹਿਣਾ ਹੈ ਨਗਰ ਕੌਂਸਲ ਦੇ ਮੌਜੂਦਾ ਕੌਂਸਲਰ ਦਾ
ਜਦੋਂ ਇਸ ਮਾਮਲੇ ਬਾਰੇ ਨਗਰ ਕੌਂਸਲ ਦੇ ਕੌਂਸਲਰ ਸੰਦੀਪ ਕੁਮਾਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਸਪੱਸ਼ਟ ਕਿਹਾ ਕਿ ਨਾਜਾਇਜ਼ ਕਬਜ਼ਾ ਕਿਸੇ ਵੱਲੋਂ ਵੀ ਕੀਤਾ ਜਾਵੇ, ਚਾਹੇ ਉਹ ਕੌਂਸਲਰ ਹੀ ਕਿਉਂ ਨਾ ਹੋਵੇ, ਇਹ ਬਹੁਤ ਮਾੜੀ ਗੱਲ ਹੈ ਅਤੇ ਅਜਿਹਾ ਕਬਜ਼ਾ ਤੁਰੰਤ ਹਟਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਕਾਨੂੰਨ ਸਾਰਿਆਂ ਲਈ ਇਕਸਾਰ ਹੈ।
ਪ੍ਰਧਾਨ ਜੀ ਕਹਿੰਦੇ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੈ
ਹਾਲਾਂਕਿ ਜਦੋਂ ਨਗਰ ਕੌਂਸਲ ਦੇ ਪ੍ਰਧਾਨ ਕਸ਼ਮੀਰੀ ਲਾਲ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਉਹ ਪਿਛਲੇ 15 ਦਿਨਾਂ ਤੋਂ ਮੰਡੀ 'ਚ ਨਹੀਂ ਗਏ ਅਤੇ ਉਨ੍ਹਾਂ ਨੂੰ ਇਸ ਮਾਮਲੇ ਦੀ ਕੋਈ ਜਾਣਕਾਰੀ ਨਹੀਂ। ਪਰ ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਨਾਜਾਇਜ਼ ਕਬਜ਼ੇ ਹਟਾਉਣਾ ਕੀ ਉਨ੍ਹਾਂ ਦੀ ਜ਼ਿੰਮੇਵਾਰੀ ਨਹੀਂ, ਤਾਂ ਉਨ੍ਹਾਂ ਨੇ ਕਿਹਾ ਕਿ ਇਹ ਜ਼ਿੰਮੇਵਾਰੀ ਸਿਰਫ ਈ. ਓ. ਦੀ ਹੈ ਅਤੇ ਪ੍ਰਧਾਨ ਦਾ ਇਸ 'ਚ ਕੋਈ ਲੈਣਾ-ਦੇਣਾ ਨਹੀਂ। ਪ੍ਰਧਾਨ ਦਾ ਇਹ ਬਿਆਨ ਸ਼ਹਿਰ ਵਾਸੀਆਂ 'ਚ ਹੈਰਾਨੀ ਦਾ ਕਾਰਨ ਬਣਿਆ ਹੋਇਆ ਹੈ ਕਿਉਂਕਿ ਲੋਕ ਪ੍ਰਧਾਨ ਤੋਂ ਅਗਵਾਈ ਅਤੇ ਜਵਾਬਦੇਹੀ ਦੀ ਉਮੀਦ ਰੱਖਦੇ ਹਨ।
ਕਾਰਵਾਈ ਵੀ ਹੋਵੇਗੀ ਕਬਜ਼ਾ ਵੀ ਚੁਕਵਾਇਆ ਜਾਵੇਗਾ : ਈ. ਓ. ਤਰੁਣ ਕੁਮਾਰ
ਦੂਜੇ ਪਾਸੇ ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਤਰੁਣ ਕੁਮਾਰ ਨੇ ਸਖ਼ਤ ਰੁਖ ਅਖਤਿਆਰ ਕਰਦਿਆਂ ਕਿਹਾ ਕਿ ਕਿਸੇ ਨੂੰ ਵੀ ਚਾਹੇ ਉਹ ਨਗਰ ਕੌਂਸਲ ਦਾ ਨੁਮਾਇੰਦਾ ਹੀ ਕਿਉਂ ਨਾ ਹੋਵੇ, ਨਾਜਾਇਜ਼ ਕਬਜ਼ਾ ਕਰਨ ਦੀ ਇਜਾਜ਼ਤ ਨਹੀਂ ਹੈ। ਉਨ੍ਹਾਂ ਦੱਸਿਆ ਕਿ ਰਾਜਕੁਮਾਰ ਸਾਬਕਾ ਕੌਂਸਲਰ ਅਤੇ ਹੋਰ ਨਾਗਰਿਕਾਂ ਵੱਲੋਂ ਉਨ੍ਹਾਂ ਨੂੰ ਫੋਨ ਪ੍ਰਾਪਤ ਹੋਏ ਹਨ ਅਤੇ ਇਸ ਮਾਮਲੇ ਨੂੰ ਪਹਿਲ ਦੇ ਆਧਾਰ ‘ਤੇ ਦੇਖਿਆ ਜਾ ਰਿਹਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਨਾਜਾਇਜ਼ ਕਬਜ਼ਾ ਤੁਰੰਤ ਚੁਕਵਾਇਆ ਜਾਵੇਗਾ ਅਤੇ ਜ਼ਿੰਮੇਵਾਰ ਵਿਅਕਤੀ ਖ਼ਿਲਾਫ਼ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇਗੀ। ਸ਼ਹਿਰ ਦੇ ਬਹੁਤ ਸਾਰੇ ਲੋਕਾਂ ਨੇ ਈ. ਓ. ਦੇ ਇਸ ਸਖ਼ਤ ਬਿਆਨ ਦਾ ਸਵਾਗਤ ਕੀਤਾ ਹੈ।
ਪੁਲਸ ਮਦਦ ਲਈ ਹਾਜ਼ਰ : ਐੱਸ. ਐੱਚ. ਓ. ਦਿਲਬਾਗ ਸਿੰਘ ਬਰਾੜ
ਇਸ ਸਬੰਧੀ ਥਾਣਾ ਨਹੀਆਂ ਵਾਲਾ ਦੇ ਮੁੱਖ ਅਫ਼ਸਰ ਦਿਲਬਾਗ ਸਿੰਘ ਬਰਾੜ ਨੇ ਵੀ ਕਿਹਾ ਕਿ ਨਾਜਾਇਜ਼ ਕਬਜ਼ਾ ਕਰਨਾ ਕਾਨੂੰਨ ਦੀ ਉਲੰਘਣਾ ਹੈ। ਜਦੋਂ ਵੀ ਨਗਰ ਕੌਂਸਲ ਵੱਲੋਂ ਪੁਲਸ ਮਦਦ ਦੀ ਮੰਗ ਕੀਤੀ ਜਾਵੇਗੀ, ਪੁਲਸ ਪੂਰਾ ਸਹਿਯੋਗ ਦੇਵੇਗੀ ਅਤੇ ਕਿਸੇ ਵੀ ਸਿਆਸੀ ਦਬਾਅ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਦੇਖੋ ਕਾਰਵਾਈ ਹੋਵੇਗੀ ਜਾਂ ਮਾਮਲਾ ਫਾਈਲਾਂ 'ਚ ਖ਼ਤਮ :ਮੰਡੀ ਨਿਵਾਸੀ
ਗੋਨਿਆਣਾ ਮੰਡੀ ਦੇ ਲੋਕ ਹੁਣ ਦੇਖ ਰਹੇ ਹਨ ਕਿ ਕੀ ਇਸ ਵਾਰ ਵਾਕਈ ਕਾਰਵਾਈ ਹੁੰਦੀ ਹੈ ਜਾਂ ਫਿਰ ਇਹ ਮਾਮਲਾ ਵੀ ਫਾਈਲਾਂ ਵਿੱਚ ਦੱਬ ਜਾਵੇਗਾ। ਨਗਰ ਕੌਂਸਲ ਦੇ ਪ੍ਰਧਾਨ ਵੱਲੋਂ ਜ਼ਿੰਮੇਵਾਰੀ ਤੋਂ ਪੱਲਾ ਝਾੜਨਾ ਗੰਭੀਰ ਸਵਾਲ ਖੜ੍ਹੇ ਕਰਦਾ ਹੈ, ਜਦੋਂ ਕਿ ਈ. ਓ. ਵੱਲੋਂ ਸਖ਼ਤ ਕਾਰਵਾਈ ਦਾ ਐਲਾਨ ਲੋਕਾਂ ਲਈ ਉਮੀਦ ਦੀ ਕਿਰਨ ਹੈ। ਹੁਣ ਲੋੜ ਹੈ ਕਿ ਨਾਜਾਇਜ਼ ਕਬਜ਼ਿਆਂ ਦੇ ਇਸ ਜੰਗਲ ਰਾਜ ਨੂੰ ਖ਼ਤਮ ਕਰਕੇ ਮੰਡੀ ਨੂੰ ਖੁੱਲ੍ਹਾ ਅਤੇ ਸੁਚੱਜਾ ਬਣਾਇਆ ਜਾਵੇ, ਨਹੀਂ ਤਾਂ ਆਉਣ ਵਾਲੀਆਂ ਚੋਣਾਂ ਵਿੱਚ ਲੋਕ ਆਪਣਾ ਫ਼ੈਸਲਾ ਸੁਣਾ ਦੇਣਗੇ।
