ਪ੍ਰਿੰਸੀਪਲ ਨੇ ਹੀ ਕਤਲ ਕਰ ਸਕੂਲ ਦੇ ਪਿੱਛੇ ਸੁੱਟੀ ਸੀ 6 ਸਾਲਾ ਬੱਚੀ ਲਾਸ਼, ਜਾਣੋ ਪੂਰਾ ਮਾਮਲਾ

Monday, Sep 23, 2024 - 12:15 PM (IST)

ਪ੍ਰਿੰਸੀਪਲ ਨੇ ਹੀ ਕਤਲ ਕਰ ਸਕੂਲ ਦੇ ਪਿੱਛੇ ਸੁੱਟੀ ਸੀ 6 ਸਾਲਾ ਬੱਚੀ ਲਾਸ਼, ਜਾਣੋ ਪੂਰਾ ਮਾਮਲਾ

ਦਾਹੋਦ (ਭਾਸ਼ਾ)- ਗੁਜਰਾਤ ਦੇ ਦਾਹੋਦ ਜ਼ਿਲ੍ਹੇ ਦੇ ਇਕ ਸਰਕਾਰੀ ਪ੍ਰਾਇਮਰੀ ਸਕੂਲ ਦੇ ਪ੍ਰਿੰਸੀਪਲ ਨੂੰ 6 ਸਾਲਾ ਵਿਦਿਆਰਥਣ ਦਾ ਕਤਲ ਕਰਨ ਦੇ ਦੋਸ਼ 'ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਸ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਕੁੜੀ ਨੇ ਜਿਨਸੀ ਸ਼ੋਸ਼ਣ ਦੀ ਕੋਸ਼ਿਸ਼ ਦਾ ਵਿਰੋਧ ਕੀਤਾ ਸੀ, ਜਿਸ ਕਾਰਨ ਉਸ ਦਾ ਕਤਲ ਕਰ ਦਿੱਤਾ ਗਿਆ। ਪੁਲਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਵੀਰਵਾਰ ਨੂੰ ਸਿੰਗਵਾੜ ਤਾਲੁਕਾ ਦੇ ਇਕ ਪਿੰਡ 'ਚ ਸਕੂਲ ਦੇ ਅੰਦਰ ਬੱਚੀ ਦੀ ਲਾਸ਼ ਮਿਲਣ ਤੋਂ ਬਾਅਦ ਜਾਂਚ ਸ਼ੁਰੂ ਕੀਤੀ ਗਈ। ਪੁਲਸ ਸੁਪਰਡੈਂਟ ਰਾਜਦੀਪ ਸਿੰਘ ਜਾਲਾ ਨੇ ਦੱਸਿਆ ਕਿ ਜਦੋਂ ਵਿਦਿਆਰਥਣ ਨੇ ਜਿਨਸੀ ਸ਼ੋਸ਼ਣ ਦੀ ਕੋਸ਼ਿਸ਼ ਦਾ ਵਿਰੋਧ ਕੀਤਾ ਤਾਂ ਸਕੂਲ ਦੇ ਪ੍ਰਿੰਸੀਪਲ ਗੋਵਿੰਦ ਨਟ ਨੇ ਉਸ ਦਾ ਗਲਾ ਘੁੱਟ ਦਿੱਤਾ। ਜਾਲਾ ਨੇ ਪੱਤਰਕਾਰਾਂ ਨੂੰ ਦੱਸਿਆ,“ਵੀਰਵਾਰ ਸਵੇਰੇ 10.20 ਵਜੇ ਪ੍ਰਿੰਸੀਪਲ ਆਪਣੀ ਕਾਰ 'ਚ ਉੱਥੋਂ ਲੰਘ ਰਿਹਾ ਸੀ। ਉਸ ਨੇ ਬੱਚੀ ਦੀ ਮਾਂ ਦੇ ਕਹਿਣ 'ਤੇ ਉਸ ਨੂੰ ਆਪਣੀ ਗੱਡੀ 'ਚ ਸਕੂਲ ਲਿਜਾਉਣ ਦੀ ਸਹਿਮਤੀ ਜਤਾਈ, ਜਦੋਂ ਕਿ ਵਿਦਿਆਰਥਣਾਂ ਅਤੇ ਅਧਿਆਪਕਾਂ ਨੇ ਪੁਲਸ ਨੂੰ ਦੱਸਿਆ ਕਿ ਬੱਚੀ ਉਸ ਦਿਨ ਸਕੂਲ ਨਹੀਂ ਪਹੁੰਚੀ ਸੀ।''

ਇਹ ਵੀ ਪੜ੍ਹੋ : ਸਕੂਲ 'ਚੋਂ ਮਿਲੀ 6 ਸਾਲਾ ਬੱਚੀ ਦੀ ਲਾਸ਼

ਪੁਲਸ ਅਧਿਕਾਰੀ ਨੇ ਦੱਸਿਆ ਕਿ ਪੁੱਛ-ਗਿੱਛ ਦੌਰਾਨ ਪ੍ਰਿੰਸੀਪਲ ਨੇ ਸ਼ੁਰੂ 'ਚ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਉਸ ਨੇ ਆਪਣੀ ਕਾਰ 'ਚ ਵਿਦਿਆਰਥਣ ਨੂੰ ਬਿਠਾਉਣ ਤੋਂ ਬਾਅਦ ਉਸ ਨੂੰ ਸਕੂਲ 'ਚ ਛੱਡਿਆ ਸੀ। ਹਾਲਾਂਕਿ ਬਾਅਦ 'ਚ ਉਸ ਨੇ ਬੱਚੀ ਦੇ ਕਤਲ ਦੀ ਗੱਲ ਕਬੂਲ ਕਰ ਲਈ। ਜਾਲਾ ਨੇ ਦੱਸਿਆ ਕਿ ਸਕੂਲ ਦੇ ਰਸਤੇ 'ਚ ਪ੍ਰਿੰਸੀਪਲ ਨੇ ਵਿਦਿਆਰਥਣ ਦਾ ਜਿਨਸੀ ਸ਼ੋਸ਼ਣ ਕਰਨ ਦੀ ਕੋਸ਼ਿਸ਼ ਕੀਤੀ ਪਰ ਉਸ ਦੇ ਵਿਰੋਧ ਕਰਨ ਅਤੇ ਚੀਕਣ 'ਤੇ ਉਸ ਨੇ (ਪ੍ਰਿੰਸੀਪਲ ਨੇ) ਬੱਚੀ ਦਾ ਮੂੰਹ ਅਤੇ ਨੱਕ ਦਬਾ ਦਿੱਤਾ, ਜਿਸ ਕਾਰਨ ਉਹ ਬੇਹੋਸ਼ ਹੋ ਗਈ। ਜਾਲਾ ਨੇ ਦੱਸਿਆ,''ਪ੍ਰਿੰਸੀਪਲ ਸਕੂਲ ਪਹੁੰਚਿਆ ਅਤੇ ਆਪਣੀ ਕਾਰ ਪਾਰਕ ਕੀਤੀ, ਜਿਸ 'ਚ ਬੱਚੀ ਦੀ ਲਾਸ਼ ਸੀ। ਸ਼ਾਮ 5 ਵਜੇ ਉਸ ਨੇ ਲਾਸ਼ ਨੂੰ ਬਾਹਰ ਕੱਢੀ ਅਤੇ ਸਕੂਲ ਦੀ ਇਮਾਰਤ ਦੇ ਪਿੱਛੇ ਰੱਖ ਦਿੱਤੀ। ਇਸ ਤੋਂ ਬਾਅਦ, ਉਸ ਨੇ ਵਿਦਿਆਰਥਣਾਂ ਦਾ ਸਕੂਲ ਬੈਗ ਅਤੇ ਚੱਪਲਾਂ ਉਸ ਦੀ ਜਮਾਤ 'ਚ ਰੱਖ ਦਿੱਤੀਆਂ।'' ਤਕਨੀਕੀ ਵਿਸ਼ਲੇਸ਼ਣ ਅਤੇ ਸ਼ਾਮ ਨੂੰ ਸਕੂਲ ਤੋਂ ਨਿਕਲਣ ਦੇ ਸਮੇਂ ਦੇ ਆਧਾਰ 'ਤੇ ਉਸ ਨੂੰ ਮੁੱਖ ਸ਼ੱਕੀ ਮੰਨਿਆ ਗਿਆ ਅਤੇ ਪੁੱਛ-ਗਿੱਛ ਤੋਂ ਬਾਅਦ ਉਸ ਨੇ ਅਪਰਾਧ ਕਬੂਲ ਕਰ ਲਿਆ। ਪੁਲਸ ਸੁਪਰਡੈਂਟ ਨੇ ਦੱਸਿਆ ਕਿ ਬੱਚੀ ਦੀ ਲਾਸ਼ ਮਿਲਣ ਦੇ ਇਕ ਦਿਨ ਬਾਅਦ ਪੋਸਟਮਾਰਟਮ ਰਿਪੋਰਟ ਤੋਂ ਪਤਾ ਲੱਗਾ ਕਿ ਉਸ ਦੀ ਮੌਤ ਗਲ਼ਾ ਘੁੱਟਣ ਨਾਲ ਹੋਈ ਹੈ। ਬੱਚੀ ਜਦੋਂ ਸਕੂਲ ਦਾ ਸਮਾਂ ਖ਼ਤਮ ਹੋਣ ਤੋਂ ਬਾਅਦ ਘਰ ਨਹੀਂ ਪਰਤੀ ਤਾਂ ਉਸ ਦੇ ਮਾਤਾ-ਪਿਤਾ ਅਤੇ ਰਿਸ਼ਤੇਦਾਰਾਂ ਨੇ ਉਸ ਦੀ ਭਾਲ ਸ਼ੁਰੂ ਕੀਤੀ ਅਤੇ ਉਸ ਨੂੰ ਸਕੂਲ ਦੀ ਇਮਾਰਤ ਦੇ ਪਿੱਛੇ ਕੰਪਲੈਕਸ 'ਚ ਬੇਹੋਸ਼ੀ ਦੀ ਹਾਲਤ 'ਚ ਪਿਆ ਦੇਖਿਆ। ਉਨ੍ਹਾਂ ਦੱਸਿਆ ਕਿ ਬੱਚੀ ਨੂੰ ਲਿਮਖੇੜਾ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News