ਕੋਲਕਾਤਾ ਦੇ ਕਈ ਇਲਾਕਿਆਂ ’ਚ ਸੀ. ਬੀ. ਆਈ. ਦੇ ਛਾਪੇ, ਜਾਣੋ ਮਾਮਲਾ
Sunday, Sep 20, 2026 - 09:02 PM (IST)
ਕੋਲਕਾਤਾ, (ਏਜੰਸੀ)-ਕਲਕੱਤਾ ਹਾਈ ਕੋਰਟ ਦੇ ਹੁਕਮ ਤੋਂ ਬਾਅਦ ਕੇਂਦਰੀ ਜਾਂਚ ਬਿਊਰੋ (ਸੀ. ਬੀ. ਆਈ.) ਨੇ ਪੱਛਮੀ ਬੰਗਾਲ ਦੀ ਰਾਜਧਾਨੀ ’ਚ ਅਣ-ਅਧਿਕਾਰਤ ਉਸਾਰੀ ਦੇ ਦੋਸ਼ਾਂ ਦੀ ਜਾਂਚ ਤਹਿਤ ਐਤਵਾਰ ਨੂੰ ਕਈ ਥਾਵਾਂ ’ਤੇ ਛਾਪੇਮਾਰੀ ਕੀਤੀ। ਸੀ. ਬੀ. ਆਈ. ਦੀਆਂ ਟੀਮਾਂ ਨੇ ਰਾਜਾਬਾਜ਼ਾਰ, ਕੇਸ਼ਵ ਚੰਦਰ ਸੇਨ ਸਟ੍ਰੀਟ, ਨਾਰਕੇਲਡਾਂਗਾ, ਟੇਂਗਰਾ, ਮਾਨਿਕਤਲਾ ਅਤੇ ਬੇਲੇਘਾਟਾ ਸਮੇਤ ਕਈ ਇਲਾਕਿਆਂ ’ਚ ਤਲਾਸ਼ੀ ਮੁਹਿੰਮ ਚਲਾਈ।
ਇਹ ਜਾਂਚ ਬੇਲੀਆਘਾਟਾ, ਮਾਨਿਕਤਲਾ, ਰਾਜਾਬਾਜ਼ਾਰ ਅਤੇ ਕਨਾਲ ਈਸਟ ਰੋਡ ਦੇ ਕਿਨਾਰੇ 50 ਤੋਂ ਵੱਧ ਮਕਾਨਾਂ ਦੀ ਅਣ-ਅਧਿਕਾਰਤ ਉਸਾਰੀ ਨਾਲ ਸਬੰਧਤ ਦੋਸ਼ਾਂ ਬਾਰੇ ਹੈ। ਕੋਲਕਾਤਾ ਨਗਰ ਨਿਗਮ (ਕੇ. ਐੱਮ. ਸੀ.) ਵੱਲੋਂ ਪੇਸ਼ ਰਿਪੋਰਟ ’ਚ ਅਜਿਹੀਆਂ 42 ਉਸਾਰੀਆਂ ਨੂੰ ਅਣ-ਅਧਿਕਾਰਤ ਨਿਸ਼ਾਨਦੇਹ ਕੀਤਾ ਗਿਆ ਸੀ। ਇਸ ਤੋਂ ਬਾਅਦ ਹਾਈ ਕੋਰਟ ’ਚ ਪਟੀਸ਼ਨ ਦਾਇਰ ਕੀਤੀ ਗਈ, ਜਿਸ ’ਚ ਦੋਸ਼ ਲਾਇਆ ਗਿਆ ਕਿ ਅਣ-ਅਧਿਕਾਰਤ ਢਾਂਚਿਆਂ ਨੂੰ ਢਾਹੁਣ ਦਾ ਹੁਕਮ ਪਹਿਲਾਂ ਦਿੱਤਾ ਗਿਆ ਸੀ ਪਰ ਕੋਈ ਅਸਰਦਾਰ ਕਾਰਵਾਈ ਨਹੀਂ ਕੀਤੀ ਗਈ। ਪਟੀਸ਼ਨ ’ਚ ਉਸਾਰੀ ਕਾਰੋਬਾਰ ’ਚ ਮਨੀ ਲਾਂਡਰਿੰਗ ਅਤੇ ਵਿਦੇਸ਼ੀ ਮੁਦਰਾ ਦੇ ਅਣ-ਅਧਿਕਾਰਤ ਨਿਵੇਸ਼ ਦੇ ਦਾਅਵਿਆਂ ਤੋਂ ਇਲਾਵਾ ਕਈ ਹਜ਼ਾਰ ਕਰੋੜ ਰੁਪਏ ਦੇ ਵੱਡੇ ਪੱਧਰ ’ਤੇ ਭ੍ਰਿਸ਼ਟਾਚਾਰ ਦੇ ਦੋਸ਼ ਵੀ ਲਾਏ ਗਏ।
