ਪਿਓ ਨੇ 5 ਸਾਲਾ ਧੀ ਦਾ ਕਤਲ ਕਰ ਫਰਿੱਜ ''ਚ ਰੱਖੀ ਲਾਸ਼, ਫਿਰ ਖੁਦ...
Friday, Sep 18, 2026 - 04:22 PM (IST)
ਅਮਰੇਲੀ (ਏਜੰਸੀ)- ਗੁਜਰਾਤ ਦੇ ਅਮਰੇਲੀ ਜ਼ਿਲ੍ਹੇ 'ਚ ਇਕ 40 ਸਾਲਾ ਵਿਅਕਤੀ ਨੇ ਆਪਣੀ 5 ਸਾਲਾ ਧੀ ਦਾ ਕਤਲ ਕਰ ਦਿੱਤਾ ਅਤੇ ਲਾਸ਼ ਫਰਿੱਜ 'ਚ ਰੱਖ ਦਿੱਤੀ। ਇਸ ਤੋਂ ਬਾਅਦ ਖੁਦ ਖੁਦਕੁਸ਼ੀ ਕਰ ਲਈ। ਪੁਲਸ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਇਹ ਦਿਲ ਦਹਿਲਾ ਦੇਣ ਵਾਲੀ ਘਟਨਾ ਗੁਬਾਰਿਆਂ ਅਤੇ ਮੋਮਬੱਤੀਆਂ ਨਾਲ ਸਜਾਏ ਗਏ ਇਕ ਕਮਰੇ 'ਚ ਵਾਪਰੀ, ਜਿੱਥੇ ਮ੍ਰਿਤਕ ਕਿਸ਼ੋਰ ਧਨਕ ਨੇ ਅਪਰਾਧ ਕਬੂਲ ਕਰਦੇ ਹੋਏ ਨੋਟ ਛੱਡੇ ਅਤੇ ਦੱਸਿਆ ਕਿ ਉਸ ਨੇ ਆਪਣੀ ਧੀ ਦੀ ਲਾਸ਼ ਫਰਿੱਜ 'ਚ ਰੱਖੀ ਹੈ ਤਾਂ ਕਿ ਉਸ ਦੀ ਮੌਤ ਤੋਂ ਬਾਅਦ ਉਸ ਨੂੰ ਤਕਲੀਫ਼ ਨਾ ਹੋਵੇ।
ਰਾਜੁਲਾ ਦੀ ਪੁਲਸ ਡਿਪਟੀ ਸੁਪਰਡੈਂਟ (ਡੀਐੱਸਪੀ) ਨਯਨਾ ਗੋਰਾਡੀਆ ਨੇ ਦੱਸਿਆ ਕਿ ਕੰਸਟ੍ਰਕਸ਼ਨ ਸਾਈਟ ਸੁਪਰਵਾਈਜ਼ਰ ਧਨਕ ਬੁੱਧਵਾਰ ਨੂੰ ਆਪਣੀ ਧੀ ਹਿਮਾਂਸ਼ੀ ਨਾਲ ਘਰ ਸੀ, ਉਦੋਂ ਉਸ ਨੇ ਬੱਚੀ ਦਾ ਮੂੰਹ ਹੱਥ ਨਾਲ ਦਬਾ ਕੇ ਕਤਲ ਕਰ ਦਿੱਤਾ। ਇਸ ਤੋਂ ਬਾਅਦ ਉਸ ਨੇ ਉਸ ਦੀ ਲਾਸ਼ ਫਰਿੱਜ 'ਚ ਰੱਖ ਦਿੱਤੀ ਅਤੇ ਖੁਦ ਫਾਂਸੀ ਲਗਾ ਲਈ।
ਐੱਫਆਈਆਰ ਅਨੁਸਾਰ, ਧਨਕ ਨੇ ਤਿੰਨ ਸੁਸਾਈਡ ਨੋਟ ਲਿਖੇ ਸਨ ਅਤੇ ਉਨ੍ਹਾਂ ਨੂੰ ਬਿਸਤਰ 'ਤੇ ਰੱਖਿਆ ਸੀ। ਧਨਕ ਦੀ ਪਤਨੀ ਮੰਜੁਬੇਨ ਨੇ ਐੱਫਆਈਆਰ 'ਚ ਦੱਸਿਆ ਕਿ ਇਕ ਨੋਟ 'ਚ ਉਸ ਨੇ ਲਿਖਿਆ ਸੀ ਕਿ ਉਸ ਨੇ ਪਰਸਨਲ ਲੋਨ ਲਿਆ ਸੀ ਅਤੇ ਉਸ ਪੈਸੇ ਨੂੰ ਕੰਸਟ੍ਰਕਸ਼ਨ ਦੇ ਕੰਮ 'ਚ ਲਗਾਇਆ ਸੀ।
ਐੱਫਆਈਆਰ 'ਚ ਕਿਹਾ ਗਿਆ ਹੈ,''ਉਸ ਨੂੰ 7.25 ਲੱਖ ਰੁਪਏ ਮਿਲਣ ਸਨ ਪਰ ਉਨ੍ਹਾਂ ਨੇ (ਬਿਜ਼ਨੈੱਸ ਦੇ ਦੋਸਤਾਂ ਨੇ) ਉਸ ਨੂੰ ਕੁਝ ਨਹੀਂ ਦਿੱਤਾ ਸੀ। ਹੁਣ ਉਸ ਕੋਲ ਪੈਸੇ ਨਹੀਂ ਸਨ ਅਤੇ ਉਸ ਨੂੰ ਕੋਈ ਹੱਲ ਨਹੀਂ ਮਿਲ ਰਿਹਾ ਸੀ, ਇਸ ਲਈ ਉਹ ਆਪਣੀ ਧੀ ਨਾਲ ਖੁਦਕੁਸ਼ੀ ਕਰ ਰਿਹਾ ਹੈ।''
ਦੂਜੇ ਨੋਟ 'ਚ ਉਸ ਨੇ ਲਿਖਿਆ ਕਿ ਉਸ ਨੇ ਧੀ ਦਾ ਕਤਲ ਇਸ ਲਈ ਕੀਤਾ, ਕਿਉਂਕਿ ਉਹ ਨਹੀਂ ਚਾਹੁੰਦਾ ਸੀ ਕਿ ਉਸ ਦੀ ਮੌਤ ਤੋਂ ਬਾਅਦ ਉਸ ਨੂੰ ਤਕਲੀਫ ਹੋਵੇ, ਜਦੋਂ ਕਿ ਇਕ ਹੋਰ ਨੋਟ 'ਚ ਉਸ ਨੇ ਮੁਆਫ਼ੀ ਮੰਗੀ ਅਤੇ ਦੱਸਿਆ ਕਿ ਬੱਚੀ ਦੀ ਲਾਸ਼ ਫਰਿੱਜ 'ਚ ਰੱਖੀ ਹੈ। ਇਨ੍ਹਾਂ ਮੌਤਾਂ ਦਾ ਪਤਾ ਉਦੋਂ ਲੱਗਾ, ਜਦੋਂ 14 ਸਤੰਬਰ ਨੂੰ ਆਪਣੇ ਪਿਤਾ ਦੇ ਘਰ ਗਈ ਮੰਜੁਬੈਨ ਨੇ ਧਨਕ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਉਸ ਦੇ ਫੋਨ ਦਾ ਕੋਈ ਜਵਾਬ ਨਹੀਂ ਮਿਲਿਆ। ਇਸ ਤੋਂ ਬਾਅਦ ਉਸ ਨੇ ਬੁੱਧਵਾਰ ਸ਼ਾਮ ਆਪਣੇ ਭਰਾ ਨੂੰ ਧਨਕ ਦਾ ਹਾਲ ਜਾਣਨ ਲਈ ਭੇਜਿਆ ਪਰ ਜਦੋਂ ਕਿਸੇ ਨੇ ਦਰਵਾਜ਼ਾ ਨਹੀਂ ਖੋਲ੍ਹਿਆ ਤਾਂ ਉਹ ਘਰ ਦੇ ਅੰਦਰ ਗਿਆ ਅਤੇ ਧਨਕ ਨੂੰ ਫਾਹੇ ਨਾਲ ਲਟਕਿਆ ਦੇਖਿਆ।
ਇੰਸਪੈਕਟਰ ਪੀ.ਐੱਲ. ਚੌਧਰੀ ਨੇ ਦੱਸਿਆ,''ਕਮਰੇ 'ਚ ਕੁਝ ਆਮ ਨਹੀਂ ਸੀ।'' ਉਨ੍ਹਾਂ ਦੱਸਿਆ ਕਿ ਕਮਰੇ ਨੂੰ ਗੁਬਾਰਿਆਂ ਅਤੇ ਮੋਮਬੱਤੀਆਂ ਨਾਲ ਸਜਾਇਆ ਗਿਆ ਸੀ ਅਤੇ ਧਨਕ ਨੇ ਆਪਣੀ ਧੀ ਨੂੰ ਚਿੱਟੇ ਕੱਪੜੇ ਪਹਿਨਾਏ ਸਨ, ਉਸ ਦੇ ਸਿਰ 'ਤੇ ਚੁੰਨੀ ਰੱਖੀ ਸੀ ਅਤੇ ਫਰਿੱਜ 'ਚ ਕੁਸ਼ਨ ਰੱਖੇ ਸਨ। ਉਨ੍ਹਾਂ ਕਿਹਾ ਕਿ ਧਨਕ ਨੇ ਬੱਚੀ ਦੇ ਬੁੱਲ੍ਹਾਂ 'ਤੇ ਤੁਲਸੀ ਦੇ ਪੱਤੇ ਵੀ ਰੱਖੇ ਸਨ।
ਚੌਧਰੀ ਨੇ ਕਿਹਾ,''ਅਜਿਹਾ ਲੱਗ ਰਿਹਾ ਸੀ ਕਿ ਜਿਵੇਂ ਉਹ ਆਖ਼ਰੀ ਵਾਰ ਉਸ ਦਾ ਜਨਮ ਦਿਨ ਮਨਾਉਣਾ ਚਾਹੁੰਦਾ ਹੋਵੇ। ਉਨ੍ਹਾਂ ਨੇ ਕਮਰੇ 'ਚ ਮੂਰਤੀਆਂ ਨਾਲ ਪੂਜਾ ਵੀ ਕੀਤੀ ਸੀ, ਜਿਸ ਨੂੰ ਗੁਬਾਰਿਆ ਅਤੇ ਮੋਮਬੱਤੀਆਂ ਨਾਲ ਸਜਾਇਆ ਗਿਾ ਸੀ। ਉਸ ਨੇ ਕਮਰੇ ਅਤੇ ਫਰਿੱਜ 'ਚ ਚਾਕਲੇਟ ਵੀ ਰੱਖੀਆਂ ਸਨ।'' ਉਨ੍ਹਾਂ ਦੱਸਿਆ ਕਿ ਭਾਵੇਂ ਹੀ ਉਸ ਦਿਨ ਬੱਚੀ ਦਾ ਜਨਮ ਦਿਨ ਨਹੀਂ ਸੀ ਪਰ ਫਰਿੱਜ 'ਤੇ ਇਕ ਕਾਗਜ਼ ਰੱਖਿਆ ਸੀ, ਜਿਸ 'ਤੇ 'ਹੈਪੀ ਬਰਥਡੇਅ ਹਿਮਾਂਸ਼ੀ' ਲਿਖਿਆ ਸੀ। ਪੁਲਸ ਨੇ ਭਾਰਤੀ ਨਿਆਂ ਸੰਹਿਤਾ ਦੀ ਧਾਰਾ 103 (1) (ਕਤਲ) ਦੇ ਅਧੀਨ ਮਾਮਲਾ ਦਰਜ ਕਰ ਲਿਆ ਹੈ ਅਤੇ ਅੱਗੇ ਦੀ ਜਾਂਚ ਚੱਲ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
