ਵੱਡੀ ਖ਼ਬਰ: ਪੰਜਾਬ ਪੁਲਸ ਦੀ SHO ਬਰਖ਼ਾਸਤ! ਜਾਣੋ ਪੂਰਾ ਮਾਮਲਾ

Thursday, Oct 01, 2026 - 07:50 PM (IST)

ਵੱਡੀ ਖ਼ਬਰ: ਪੰਜਾਬ ਪੁਲਸ ਦੀ SHO ਬਰਖ਼ਾਸਤ! ਜਾਣੋ ਪੂਰਾ ਮਾਮਲਾ

ਮੋਗਾ: ਰਿਸ਼ਵਤ ਲੈਣ ਦੇ ਦੋਸ਼ਾਂ ਹੇਠ ਗ੍ਰਿਫ਼ਤਾਰ ਕੀਤੀ ਗਈ ਥਾਣਾ ਕੋਟ ਈਸੇ ਖਾਂ ਦੀ ਐੱਸ. ਐੱਚ. ਓ. ਇੰਸਪੈਕਟਰ ਸੁਨੀਤਾ ਬਾਵਾ ਨੂੰ ਬਰਖ਼ਾਸਤ ਕਰ ਦਿੱਤਾ ਗਿਆ ਹੈ। ਆਈ.ਜੀ.ਪੀ. ਫਰੀਦਕੋਟ ਰੇਂਜ ਨੀਲਾਂਬਰੀ ਜਗਦਲੇ ਨੇ ਸੁਨੀਤਾ ਬਾਵਾ ਦੀ ਬਰਖ਼ਾਸਤਗੀ ਦੇ ਹੁਕਮ ਜਾਰੀ ਕੀਤੇ ਹਨ।

ਦੱਸ ਦਈਏ ਕਿ ਵਿਜੀਲੈਂਸ ਬਿਊਰੋ ਵੱਲੋਂ ਥਾਣਾ ਕੋਟ ਈਸੇ ਖਾਂ ਦੀ ਮੁੱਖ ਅਫ਼ਸਰ ਇੰਸਪੈਕਟਰ ਸੁਨੀਤਾ ਬਾਵਾ ਅਤੇ ਉਸ ਦੇ ਸਰਕਾਰੀ ਗੰਨਮੈਨ ਹੋਮਗਾਰਡ ਜਵਾਨ ਗੁਰਅਵਤਾਰ ਸਿੰਘ ਨੂੰ ਕਥਿਤ ਤੌਰ ’ਤੇ ਰਿਸ਼ਵਤ ਲੈਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਸੀ। ਇਹ ਕਾਰਵਾਈ ਨੂਰਪੁਰ ਹਕੀਮਾਂ ਵਾਸੀ ਰਾਜਵਿੰਦਰ ਸਿੰਘ ਵੱਲੋਂ ਵਿਜੀਲੈਂਸ ਬਿਊਰੋ ਮੋਗਾ ਨੂੰ ਦਿੱਤੀ ਗਈ ਸ਼ਿਕਾਇਤ ਦੇ ਅਧਾਰ 'ਤੇ ਕੀਤੀ ਗਈ ਸੀ।

ਵਿਜੀਲੈਂਸ ਮੁਤਾਬਕ, ਇਕ ਮਾਮਲੇ ਨੂੰ ਰਫਾ-ਦਫਾ ਕਰਨ ਦੇ ਬਦਲੇ ਥਾਣਾ ਮੁਖੀ ਵੱਲੋਂ ਕਥਿਤ ਤੌਰ ’ਤੇ ਰਿਸ਼ਵਤ ਦੀ ਮੰਗ ਕੀਤੀ ਗਈ। ਸ਼ਿਕਾਇਤ ਮਿਲਣ ਤੋਂ ਬਾਅਦ ਵਿਜੀਲੈਂਸ ਬਿਊਰੋ ਵੱਲੋਂ ਜਾਲ ਵਿਛਾਇਆ ਗਿਆ ਤੇ ਦੇਰ ਰਾਤ ਕਰੀਬ 9 ਵਜੇ ਜੀਰਾ ਰੋਡ ’ਤੇ ਇੱਕ ਨਿਰਧਾਰਤ ਸਥਾਨ ’ਤੇ ਥਾਣਾ ਮੁਖੀ ਦੇ ਗੰਨਮੈਨ ਗੁਰਅਵਤਾਰ ਸਿੰਘ ਨੂੰ 50 ਹਜ਼ਾਰ ਰੁਪਏ ਦੀ ਕਥਿਤ ਰਿਸ਼ਵਤ ਲੈਂਦਿਆਂ ਵਿਜੀਲੈਂਸ ਟੀਮ ਨੇ ਗਵਾਹਾਂ ਦੀ ਹਾਜ਼ਰੀ ਵਿਚ ਕਾਬੂ ਕੀਤਾ ਸੀ। ਇਸ ਤੋਂ ਬਾਅਦ ਮਾਮਲੇ ਵਿੱਚ ਥਾਣਾ ਮੁਖੀ ਸੁਨੀਤਾ ਬਾਵਾ ਦੀ ਭੂਮਿਕਾ ਦੀ ਵੀ ਜਾਂਚ ਕੀਤੇ ਜਾਣ ਦੀ ਗੱਲ ਸਾਹਮਣੇ ਆਈ ਤੇ ਇਹ ਵੀ ਦੱਸਿਆ ਗਿਆ ਕਿ ਗੰਨਮੈਨ ਵੱਲੋਂ ਸੁਨੀਤਾ ਬਾਵਾ ਨਾਲ ਫੋਨ ’ਤੇ ਗੱਲ ਕਰਵਾਈ ਗਈ ਅਤੇ ਕਥਿਤ ਤੌਰ ’ਤੇ ਪੈਸੇ ਦੇਣ ਸਬੰਧੀ ਗੱਲਬਾਤ ਹੋਈ। ਵਿਜੀਲੈਂਸ ਬਿਊਰੋ ਵੱਲੋਂ ਸੁਨੀਤਾ ਬਾਵਾ ਨੂੰ ਅਦਾਲਤ ਵਿਚ ਪੇਸ਼ ਕਰ ਕੇ ਰਿਮਾਂਡ ਹਾਸਲ ਕੀਤਾ ਗਿਆ ਸੀ। 


author

Anmol Tagra

Content Editor

Related News