ਸੈਕਟਰ-22 ’ਚ ਕਤਲ ਮਗਰੋਂ ਸੈਕਟਰ-38 ’ਚ ਸੁੱਟੀ ਸੀ ਲਾਸ਼, ਦੋ ਨੌਜਵਾਨਾਂ ਨੇ ਕੀਤੀ ਵਾਰਦਾਤ
Monday, Sep 21, 2026 - 01:38 PM (IST)
ਚੰਡੀਗੜ੍ਹ (ਸੁਸ਼ੀਲ) : ਇੱਥੇ ਸੈਕਟਰ-22 ’ਚ ਗੁਰਦੁਆਰੇ ਨੇੜੇ ਟੈਕਸੀ ਚਾਲਕ ਵਿਜੇ ਦਾ ਕਤਲ ਕਰਨ ਦੇ ਬਾਅਦ ਲਾਸ਼ ਸੈਕਟਰ-38 ’ਚ ਸੜਕ ਕਿਨਾਰੇ ਜੰਗਲ ’ਚ ਸੁੱਟ ਦਿੱਤੀ ਸੀ। ਕਤਲ ਦੋ ਨੌਜਵਾਨਾਂ ਨੇ ਕੀਤਾ ਸੀ। ਇਹ ਖ਼ੁਲਾਸਾ ਸੀ. ਸੀ. ਟੀ. ਵੀ. ਕੈਮਰੇ ਦੀ ਫੁਟੇਜ ਜ਼ਰੀਏ ਹੋਇਆ। ਵਿਜੇ ਨੇ ਆਖ਼ਰੀ ਸਵਾਰੀ ਸਾਢੇ ਦਸ ਵਜੇ ਬਿਠਾਈ ਸੀ। ਇਸ ਦੇ ਬਾਅਦ ਵਿਜੇ ਟੈਕਸੀ ਲੈ ਕੇ ਸੈਕਟਰ-22 ’ਚ ਘੁੰਮਦਾ ਰਿਹਾ। ਵਿਜੇ ਦੀ ਟੈਕਸੀ ਸੜਕਾਂ ’ਤੇ ਘੁੰਮਦਿਆਂ ਕੈਮਰਿਆਂ ’ਚ ਸਾਫ਼ ਦਿਖਾਈ ਦਿੱਤੀ। ਪੁਲਸ ਟੀਮਾਂ ਮ੍ਰਿਤਕ ਦੇ ਮੋਬਾਇਲ ਫੋਨ ਡਿਟੇਲ ਚੈੱਕ ਕਰ ਰਹੀਆਂ ਹਨ। ਜਾਂਚ ਦੌਰਾਨ ਪਤਾ ਲੱਗਾ ਕਿ ਉਸਦੀ ਆਖ਼ਰੀ ਗੱਲ ਕਰੀਬ 11 ਵਜੇ ਹੋਈ ਸੀ। ਪੁਲਸ ਨੂੰ ਸ਼ੱਕ ਹੈ ਕਿ ਵਿਜੇ ਦਾ ਕਤਲ ਉਸਦੇ ਕਿਸੇ ਜਾਣਕਾਰ ਨੇ ਕੀਤਾ ਹੈ।
ਮਲੋਆ ਥਾਣਾ ਪੁਲਸ ਨੇ ਸੈਕਟਰ-16 ਜਨਰਲ ਹਸਪਤਾਲ ’ਚ ਪੋਸਟਮਾਰਟਮ ਕਰਵਾਇਆ। ਇਸ ਤੋਂ ਬਾਅਦ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ। ਵਾਰਦਾਤ ਤੋਂ ਪਹਿਲਾਂ ਵਿਜੇ ਟੈਕਸੀ ’ਚ ਪਿਕਾਡਲੀ ਚੌਂਕ ਤੋਂ ਅਰੋਮਾ ਵੱਲ ਆਉਂਦੇ ਦਿਖਾਈ ਦਿੱਤਾ। ਉਹ ਟੈਕਸੀ ’ਚ ਕਾਫ਼ੀ ਦੇਰ ਤੱਕ ਇੱਕੋ ਥਾਂ ’ਤੇ ਖੜ੍ਹਾ ਰਿਹਾ ਸੀ। ਪੁਲਸ ਕਤਲ ਕਰਨ ਵਾਲੇ ਦੋ ਨੌਜਵਾਨਾਂ ਦੀ ਪਛਾਣ ਕਰ ਰਹੀ ਹੈ ਅਤੇ ਉਨ੍ਹਾਂ ਦੀ ਵਿਜੇ ਨਾਲ ਕਿਸ ਕਾਰਨ ਦੁਸ਼ਮਣੀ ਸੀ।
ਢਿੱਡ, ਛਾਤੀ ਤੇ ਗਰਦਨ ’ਤੇ ਮਿਲੇ ਸਨ ਚਾਕੂ ਦੇ ਨਿਸ਼ਾਨ
ਸੈਕਟਰ-38 ਦੇ ਜੰਗਲੀ ਏਰੀਏ ’ਚੋਂ ਕੁਰਾਲੀ ਦੇ ਟੈਕਸੀ ਚਾਲਕ ਵਿਜੇ ਦੀ ਲਾਸ਼ ਮਿਲੀ ਸੀ। ਉਸਦੇ ਪੇਟ, ਛਾਤੀ ਤੇ ਗਰਦਨ ’ਤੇ ਚਾਕੂ ਦੇ ਨਿਸ਼ਾਨ ਮਿਲੇ ਹਨ। ਉਸਦੀ ਕਾਰ ਸ਼ੁੱਕਰਵਾਰ ਰਾਤ ਸੈਕਟਰ-56 ‘ਚ ਪੈਟਰੋਲ ਪੰਪ ’ਤੇ ਖੜ੍ਹੀ ਮਿਲੀ ਸੀ। ਮਲੋਆ ਥਾਣਾ ਪੁਲਸ ਕਤਲ ਦਾ ਪਰਚਾ ਦਰਜ ਕਰ ਕੇ ਮੁਲਜ਼ਮਾਂ ਬਾਰੇ ਸੁਰਾਗ ਲੱਭਣ ਲਈ ਸੀ. ਸੀ. ਟੀ. ਵੀ. ਫੁਟੇਜ ਦੀ ਜਾਂਚ ਕਰ ਰਹੀ ਹੈ।
