ਚੰਡੀਗੜ੍ਹ ''ਚ ਟੈਕਸੀ ਡਰਾਈਵਰ ਦਾ ਕਤਲ, ਸੜਕ ਕਿਨਾਰਿਓਂ ਮਿਲੀ ਲਾਸ਼

Saturday, Sep 19, 2026 - 04:33 PM (IST)

ਚੰਡੀਗੜ੍ਹ ''ਚ ਟੈਕਸੀ ਡਰਾਈਵਰ ਦਾ ਕਤਲ, ਸੜਕ ਕਿਨਾਰਿਓਂ ਮਿਲੀ ਲਾਸ਼

ਚੰਡੀਗੜ੍ਹ : ਚੰਡੀਗੜ੍ਹ 'ਚ ਇਕ ਟੈਕਸੀ ਡਰਾਈਵਰ ਦਾ ਕਤਲ ਕੀਤੇ ਜਾਣ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਸੈਕਟਰ-38 ਦੀ ਸੜਕ 'ਤੇ ਸ਼ਨੀਵਾਰ ਸਵੇਰੇ ਉਸ ਦੀ ਲਾਸ਼ ਬਰਾਮਦ ਕੀਤੀ ਗਈ ਹੈ। ਟੈਕਸੀ ਡਰਾਈਵਰ ਦੇ ਸਰੀਰ 'ਤੇ ਚਾਕੂ ਨਾਲ ਕੀਤੇ ਵਾਰ ਦੇ ਨਿਸ਼ਾਨ ਮਿਲੇ ਹਨ। ਫਿਲਹਾਲ ਪੁਲਸ ਨੇ ਮੌਕੇ 'ਤੇ ਪੁੱਜ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਮੁਤਾਬਕ ਮ੍ਰਿਤਕ ਦੀ ਪਛਾਣ ਵਿਜੈ ਕੁਮਾਰ ਵਾਸੀ ਕੁਰਾਲੀ, ਮੋਹਾਲੀ ਵਜੋਂ ਕੀਤੀ ਗਈ ਹੈ।  ਉਹ ਵਿਆਹੁਤਾ ਸੀ ਅਤੇ ਉਸ ਦੇ 2 ਬੱਚੇ ਸਨ। ਵਿਜੇ ਕੁਮਾਰ ਕਿਰਾਏ 'ਤੇ ਟੈਕਸੀ ਚਲਾਉਂਦਾ ਸੀ, ਜੋ ਕਿ ਪਿੰਡ ਲੋਹਾ ਵਾਸੀ ਪਰਦੀਪ ਦੀ ਦੱਸੀ ਜਾ ਰਹੀ ਹੈ। ਪਰਦੀਪ ਟੈਕਸੀ ਚਲਾਉਣ ਬਦਲੇ ਵਿਜੈ ਕੁਮਾਰ ਨੂੰ ਰੋਜ਼ਾਨਾ 700 ਰੁਪਏ ਦਿੰਦਾ ਸੀ।

ਪੁਲਸ ਮੁਤਾਬਕ ਵਿਜੇ ਸ਼ੁੱਕਰਵਾਰ ਸਵੇਰੇ ਕਰੀਬ 10.30 ਵਜੇ ਖਰੜ ਤੋਂ ਟੈਕਸੀ ਲੈ ਕੇ ਨਿਕਲਿਆ ਸੀ। ਇਸ ਤੋਂ ਬਾਅਦ ਉਹ ਕਿੱਥੇ ਗਿਆ ਅਤੇ ਉਸ ਨਾਲ ਕੌਣ ਸੀ, ਇਸ ਦੀ ਜਾਣਕਾਰੀ ਜੁਟਾਈ ਜਾ ਰਹੀ ਹੈ। ਸ਼ੁੱਕਰਵਾਰ ਰਾਤ ਕਰੀਬ 12.20 ਵਜੇ ਸੈਕਟਰ-56 ਤੋਂ ਇਕ ਟੈਕਸੀ ਬਰਾਮਦ ਹੋਈ। ਟੈਕਸੀ ਸੜਕ ਕਿਨਾਰੇ ਖੜ੍ਹੀ ਮਿਲੀ ਪਰ ਆਸ-ਪਾਸ ਕੋਈ ਵਿਅਕਤੀ ਨਹੀਂ ਸੀ। ਪੁਲਸ ਨੇ ਟੈਕਸੀ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ। ਟੈਕਸੀ ਦੇ ਡਰਾਈਵਰ ਬਾਰੇ ਕੋਈ ਜਾਣਕਾਰੀ ਨਾ ਮਿਲਣ 'ਤੇ ਪੁਲਸ ਨੇ ਉਸ ਦੀ ਭਾਲ ਸ਼ੁਰੂ ਕੀਤੀ। ਸ਼ਨੀਵਾਰ ਸਵੇਰੇ ਉਸ ਦੀ ਲਾਸ਼ ਸੈਕਟਰ-38 ਨੇੜਿਓਂ ਮਿਲੀ। ਪੁਲਸ ਨੇ ਲਾਸ਼ ਨੂੰ ਸੈਕਟਰ-16 ਹਸਪਤਾਲ ਦੀ ਮੋਰਚਰੀ 'ਚ ਰਖਵਾ ਦਿੱਤਾ ਹੈ ਅਤੇ ਪਰਿਵਾਰ ਵਾਲਿਆਂ ਨੂੰ ਸੂਚਨਾ ਦੇ ਦਿੱਤੀ ਗਈ ਹੈ। ਪੁਲਸ ਟੈਕਸੀ, ਸੀ. ਸੀ. ਟੀ. ਵੀ. ਫੁਟੇਜ ਅਤੇ ਮ੍ਰਿਤਕ ਦੇ ਸੰਪਰਕ  'ਚ ਰਹੇ ਲੋਕਾਂ ਦੀ ਜਾਣਕਾਰੀ ਜੁਟਾ ਰਹੀ ਹੈ।


author

Babita

Content Editor

Related News