ਰੇਪ ਤੋਂ ਬਚਣ ਲਈ ਗਰਭਵਤੀ ਔਰਤ ਨੇ ਚੱਲਦੀ ਕਾਰ ''ਚੋਂ ਮਾਰੀ ਛਾਲ

Wednesday, Dec 06, 2017 - 11:51 AM (IST)

ਹੈਦਰਾਬਾਦ— ਤੇਲੰਗਾਨਾ 'ਚ ਕੁਝ ਦਰਿੰਦਿਆਂ ਨੇ ਕਾਰ 'ਚ ਇਕ ਗਰਭਵਤੀ ਔਰਤ ਨਾਲ ਰੇਪ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਤੋਂ ਬਚਣ ਲਈ ਔਰਤ ਨੇ ਚੱਲਦੀ ਕਾਰ ਵਿਚੋਂ ਛਾਲ ਮਾਰ ਦਿੱਤੀ।  7 ਸਾਲ ਦੀ ਬੱਚੀ ਦੇ ਸਾਹਮਣੇ ਉਸ ਦੀ ਮਾਂ ਦੀ ਮੌਤ ਹੋ ਗਈ।
ਇਹ ਘਟਨਾ ਹੈਦਰਾਬਾਦ-ਨਾਗਪੁਰ ਨੈਸ਼ਨਲ ਹਾਈਵੇ ਦੇ ਕੋਲ ਸਥਿਤ ਰਾਵੇਲੀ ਪਿੰਡ ਦੀ ਹੈ। ਫੇਰੀ ਦਾ ਕੰਮ ਕਰਨ ਵਾਲੀ ਕਲਾਵਤੀ ਹੈਦਰਾਬਾਦ ਤੋਂ ਆਪਣੇ ਘਰ ਪਰਤਣ ਲਈ ਨਿਕਲੀ ਸੀ ਪਰ ਸਟੇਟ ਟਰਾਂਸਪੋਰਟ ਦੀ ਆਖਰੀ ਬੱਸ ਲੰਘ ਜਾਣ ਕਾਰਨ ਉਸ ਨੂੰ ਇਕ ਕਾਰ ਡਰਾਈਵਰ ਤੋਂ ਲਿਫਟ ਮੰਗਣੀ ਪਈ। 
ਕਲਾਵਤੀ ਅਤੇ ਉਸ ਦੀ ਬੱਚੀ ਨੂੰ ਇਕੱਲੀ ਸਮਝ ਕੇ ਕਾਰ 'ਚ ਸਵਾਰ ਨੌਜਵਾਨਾਂ ਨੇ ਉਸ ਦੇ ਨਾਲ ਕਾਰ 'ਚ ਰੇਪ ਕਰਨ ਦੀ ਕੋਸ਼ਿਸ਼ ਕੀਤੀ। ਮੁਲਜ਼ਮਾਂ ਦੀ ਛੇੜਛਾੜ ਤੋਂ ਤੰਗ ਆ ਕੇ ਉਸ ਨੇ ਚੱਲਦੀ ਕਾਰ ਵਿਚੋਂ ਛਾਲ ਮਾਰ ਦਿੱਤੀ। ਉਸ ਦੇ ਛਾਲ ਮਾਰਨ ਮਗਰੋਂ ਮੁਲਜ਼ਮਾਂ ਨੇ ਉਸ ਦੀ ਧੀ ਨੂੰ ਵੀ ਕਾਰ 'ਚੋਂ ਉਤਾਰ ਦਿੱਤਾ ਅਤੇ ਮੌਕੇ ਤੋਂ ਫਰਾਰ ਹੋ ਗਏ।  ਸੜਕ 'ਤੇ ਖੂਨ ਨਾਲ ਲਥਪਥ ਪਈ ਔਰਤ ਨੂੰ ਦੇਖ ਕੇ ਲੋਕਾਂ ਨੇ ਪੁਲਸ ਨੂੰ ਸੂਚਿਤ ਕੀਤਾ ਅਤੇ ਉਸ ਨੂੰ ਹਸਪਤਾਲ ਲਿਆਂਦਾ ਪਰ ਉਸ ਦੀ ਮੌਤ ਹੋ ਚੁੱਕੀ ਸੀ। ਡਾਕਟਰਾਂ ਨੇ ਦੱਸਿਆ ਕਿ ਕਲਾਵਤੀ 4 ਮਹੀਨਿਆਂ ਦੀ ਗਰਭਵਤੀ ਸੀ। ਪੁਲਸ ਨੇ ਮਾਮਲਾ ਦਰਜ ਕਰ ਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।


Related News