ਜਣੇਪੇ ਦੇ ਪੈਸੇ ਨਾ ਦੇ ਸਕਿਆ ਪਰਿਵਾਰ ਤਾਂ ਡਾਕਟਰ ਨੇ ਨਵਜੰਮੇ ਬੱਚੇ ਨੂੰ ਵੇਚ ਵਸੂਲੀ ਫੀਸ

Wednesday, Sep 02, 2020 - 01:41 AM (IST)

ਆਗਰਾ - ਉੱਤਰ ਪ੍ਰਦੇਸ਼ ਦੇ ਆਗਰਾ ਜ਼ਿਲ੍ਹੇ ਤੋਂ ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲਾ ਮਾਮਲੇ ਸਾਹਮਣੇ ਆਇਆ ਹੈ। ਇਥੇ ਇਕ ਨਿੱਜੀ ਹਸਪਤਾਲ ਦੇ ਡਾਕਟਰ ਨੇ ਗਰੀਬ ਮਾਤਾ-ਪਿਤਾ ਵੱਲੋਂ ਜਣੇਪੇ ਦੀ ਫੀਸ 35 ਹਜ਼ਾਰ ਰੁਪਏ ਨਾ ਦੇ ਸਕਣ 'ਤੇ ਨਵਜੰਮੇ ਬੱਚੇ ਦਾ 1 ਲੱਖ ਰੁਪਏ 'ਚ ਸੌਦਾ ਕਰ ਦਿੱਤਾ। ਦੋਸ਼ ਹੈ ਕਿ ਡਾਕਟਰ ਨੇ ਜ਼ਬਰਦਸਤੀ ਇੱਕ ਕਾਗਜ਼ ਉੱਤੇ ਅੰਗੂਠਾ ਲਗਵਾ ਕੇ ਉਨ੍ਹਾਂ ਤੋਂ ਨਵਜੰਮੇ ਨੂੰ ਲੈ ਲਿਆ ਅਤੇ 1 ਲੱਖ ਰੁਪਏ 'ਚ ਬੱਚੇ ਦਾ ਸੌਦਾ ਕਰ ਦਿੱਤਾ ਅਤੇ ਆਪਣੀ ਫੀਸ ਦੀ ਰਕਮ ਰੱਖ ਕੇ ਬਾਕੀ ਦੇ 65 ਹਜ਼ਾਰ ਰੁਪਏ ਪੀੜਤ ਪਰਿਵਾਰ ਨੂੰ ਦੇ ਦਿੱਤਾ। ਦੂਜੇ ਪਾਸੇ ਔਰਤ ਤਰਲੇ ਮਿੰਨਤਾ ਕਰਦੀ ਰਹੀ, ਪਤੀ ਕੁਝ ਨਹੀਂ ਕਰ ਸਕਿਆ ਕਿਉਂਕਿ ਉਹ ਬੇਵੱਸ ਸੀ। ਪੀੜਤ ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਕਿ ਹਸਪਤਾਲ ਦੀ ਫੀਸ ਨਾ ਦੇ ਸਕਣ ਕਾਰਨ ਡਾਕਟਰ ਨੇ ਕਿਹਾ ਕਿ ਜੇ ਪੈਸੇ ਨਹੀਂ ਹਨ ਤਾਂ ਬੱਚਾ ਦੇਣਾ ਪਏਗਾ। 

ਦੱਸ ਦਈਏ ਕਿ ਸ਼ੰਭੂ ਨਗਰ ਦਾ ਵਸਨੀਕ ਸ਼ਿਵਾ ਨਰਾਇਣ ਰਿਕਸ਼ਾ ਚਾਲਕ ਹੈ। ਉਸ ਨੇ ਦੱਸਿਆ ਕਿ ਉਸਦਾ ਘਰ ਚਾਰ ਮਹੀਨੇ ਪਹਿਲਾਂ ਕਰਜ਼ੇ 'ਚ ਚਲਾ ਗਿਆ ਸੀ। 24 ਅਗਸਤ ਨੂੰ ਉਸਦੀ ਪਤਨੀ ਬਬੀਤਾ ਨੂੰ ਜਣੇਪਾ ਪੀੜ ਹੋਣ 'ਤੇ ਨੇੜਲੇ ਜੇ.ਪੀ. ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਬਬੀਤਾ ਨੇ ਇੱਕ ਪੁੱਤਰ ਨੂੰ ਜਨਮ ਦਿੱਤਾ। 25 ਅਗਸਤ ਨੂੰ ਜਦੋਂ ਡਿਸਚਾਰਜ ਦੀ ਵਾਰੀ ਆਈ ਤਾਂ ਹਸਪਤਾਲ ਨੇ 35,000 ਰੁਪਏ ਦਾ ਬਿੱਲ ਅਦਾ ਕਰਨ ਲਈ ਕਿਹਾ। ਰਿਕਸ਼ਾ ਚਾਲਕ ਇਹ ਰਕਮ ਅਦਾ ਕਰਨ 'ਚ ਅਸਮਰੱਥ ਸੀ। ਉਸ ਕੋਲ ਸਿਰਫ 500 ਰੁਪਏ ਸਨ। ਹਸਪਤਾਲ ਦੀ ਫੀਸ ਦਾ ਭੁਗਤਾਨ ਨਾ ਕਰਨ 'ਤੇ ਡਾਕਟਰ ਨੇ ਜੋੜੇ ਤੋਂ ਜ਼ਬਰਦਸਤੀ ਇੱਕ ਕਾਗਜ਼ 'ਤੇ ਅੰਗੂਠਾ ਲਗਵਾ ਕੇ 65 ਹਜ਼ਾਰ ਰੁਪਏ ਦੇ ਕੇ ਨਵਜੰਮੇ ਬੱਚੇ ਨੂੰ ਲੈ ਕੇ ਭਜਾ ਦਿੱਤਾ।

ਮਾਮਲੇ ਦੀ ਜਾਣਕਾਰੀ ਮਿਲਣ ਤੇ ਸਿਹਤ ਵਿਭਾਗ ਦੀ ਟੀਮ ਨੇ ਉਕਤ ਹਸਪਤਾਲ 'ਚ ਛਾਪਾ ਮਾਰਿਆ। ਮੁੱਖ ਮੈਡੀਕਲ ਅਫਸਰ (ਸੀ.ਐੱਮ.ਓ.) ਡਾ.ਆਰ.ਸੀ. ਪਾਂਡੇ ਨੇ ਕਿਹਾ ਕਿ ਬੇਨਿਯਮੀਆਂ ਮਿਲਣ ‘ਤੇ ਹਸਪਤਾਲ ਨੂੰ ਸੀਲ ਕਰ ਦਿੱਤਾ ਗਿਆ ਹੈ। ਨਵਜੰਮੇ ਬੱਚੇ ਨੂੰ ਵੇਚਣ ਦੀ ਖ਼ਬਰ ਮਿਲੀ ਹੈ। ਪੁਲਸ ਇਸ ਦੀ ਜਾਂਚ ਕਰੇਗੀ। ਮਾਮਲਾ ਮੀਡੀਆ ਦੇ ਸਾਹਮਣੇ ਆਉਣ ਤੋਂ ਬਾਅਦ ਪੁਲਸ ਨੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।


Inder Prajapati

Content Editor

Related News