ਡਾਕਟਰ ਦੇ ਘਰ ਦੀ ਕੰਧ ਤੋੜ ਕਲੀਨਿਕ ''ਚ ਜਾ ਵੜੀ ਕਾਰ! ਵਾਲ-ਵਾਲ ਬਚੀ ਮਰੀਜ਼ਾਂ ਦੀ ਜਾਨ
Sunday, Apr 19, 2026 - 01:10 PM (IST)
ਲੁਧਿਆਣਾ (ਰਾਜ): ਸ਼ਹਿਰ ਦੇ ਪੌਸ਼ ਇਲਾਕੇ ਰਾਜਗੁਰੂ ਨਗਰ ਵਿਚ ਅੱਜ ਤੜਕੇ ਓਵਰਸਪੀਡ ਕਾਰ ਦਾ ਕਹਿਰ ਦੇਖਣ ਨੂੰ ਮਿਲਿਆ, ਜਿੱਥੇ ਇਕ ਕਾਰ ਸਵਾਰ ਨੇ ਤੇਜ਼ ਰਫ਼ਤਾਰ ਗੱਡੀ ਸਿੱਧੀ ਡੀ.ਐੱਮ.ਸੀ. ਹਸਪਤਾਲ ਦੇ ਡਾਕਟਰ ਰਜਿੰਦਰ ਮਿੱਤਲ ਦੇ ਘਰ ਵਿਚ ਮਾਰ ਦਿੱਤੀ। ਟੱਕਰ ਇੰਨੀ ਜ਼ੋਰਦਾਰ ਸੀ ਕਿ ਕਾਰ ਘਰ ਦੀ ਕੰਧ ਨੂੰ ਢਾਹੁੰਦੇ ਹੋਏ ਅੰਦਰ ਚੱਲ ਰਹੇ ਕਲੀਨਿਕ ਦੇ ਬਿਲਕੁਲ ਕੋਲ ਜਾ ਵੜੀ। ਇਸ ਭਿਆਨਕ ਹਾਦਸੇ ਵਿਚ ਡਾਕਟਰ ਦੇ ਘਰ ਅਤੇ ਕਲੀਨਿਕ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ, ਪਰ ਸੁੱਖ ਦੀ ਗੱਲ ਇਹ ਰਹੀ ਕਿ ਕਿਸੇ ਕਿਸਮ ਦੇ ਜਾਨੀ ਨੁਕਸਾਨ ਹੋਣੋਂ ਬਚਾਅ ਰਿਹਾ।
ਮਿਲੀ ਜਾਣਕਾਰੀ ਅਨੁਸਾਰ, ਇਹ ਹਾਦਸਾ ਤੜਕੇ ਉਸ ਸਮੇਂ ਹੋਇਆ ਜਦੋਂ ਸੜਕ 'ਤੇ ਸੰਨਾਟਾ ਸੀ। ਡਾਕਟਰ ਦੇ ਘਰ ਦੇ ਅੰਦਰ ਹੀ ਉਨ੍ਹਾਂ ਦਾ ਕਲੀਨਿਕ ਹੈ ਜਿੱਥੇ ਅਕਸਰ ਸਵੇਰ ਦੇ ਵੇਲੇ ਮਰੀਜ਼ਾਂ ਦੀ ਭਾਰੀ ਭੀੜ ਰਹਿੰਦੀ ਹੈ। ਖੁਸ਼ਕਿਸਮਤੀ ਇਹ ਰਹੀ ਕਿ ਜਿਸ ਸਮੇਂ ਕਾਰ ਕੰਧ ਤੋੜ ਕੇ ਅੰਦਰ ਵੜੀ, ਉਸ ਵੇਲੇ ਉੱਥੇ ਕੋਈ ਮਰੀਜ਼ ਮੌਜੂਦ ਨਹੀਂ ਸੀ, ਨਹੀਂ ਤਾਂ ਕਈ ਕੀਮਤੀ ਜਾਨਾਂ ਜਾ ਸਕਦੀਆਂ ਸਨ। ਧਮਾਕੇ ਦੀ ਆਵਾਜ਼ ਸੁਣ ਕੇ ਜਦੋਂ ਤੱਕ ਲੋਕ ਬਾਹਰ ਆਏ, ਮੁਲਜ਼ਮ ਕਾਰ ਸਵਾਰ ਮੌਕੇ ਦਾ ਫ਼ਾਇਦਾ ਚੁੱਕ ਕੇ ਫ਼ਰਾਰ ਹੋਣ ਵਿਚ ਕਾਮਯਾਬ ਰਿਹਾ।
ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਸਰਾਭਾ ਨਗਰ ਦੀ ਪੁਲਸ ਟੀਮ ਮੌਕੇ 'ਤੇ ਪਹੁੰਚੀ। ਪੁਲਸ ਨੂੰ ਤਲਾਸ਼ੀ ਦੌਰਾਨ ਦੁਰਘਟਨਾਗ੍ਰਸਤ ਕਾਰ ਦੇ ਅੰਦਰੋਂ ਸ਼ਰਾਬ ਦੀਆਂ ਬੋਤਲਾਂ ਵੀ ਬਰਾਮਦ ਹੋਈਆਂ ਹਨ, ਜਿਸ ਤੋਂ ਸਾਫ਼ ਜ਼ਾਹਿਰ ਹੁੰਦਾ ਹੈ ਕਿ ਚਾਲਕ ਨਸ਼ੇ ਵਿਚ ਪੂਰੀ ਤਰ੍ਹਾਂ ਧੁੱਤ ਸੀ ਅਤੇ ਗੱਡੀ 'ਤੇ ਕੰਟਰੋਲ ਗੁਆ ਬੈਠਾ ਸੀ। ਉੱਥੇ ਹੀ, ਦੂਜੇ ਪਾਸੇ ਕਾਰ ਸਵਾਰ ਨੌਜਵਾਨ ਦੇ ਪਰਿਵਾਰ ਵਾਲਿਆਂ ਦਾ ਕਹਿਣਾ ਸੀ ਕਿ ਉਹ ਸਵੇਰੇ-ਸਵੇਰੇ ਧਾਰਮਿਕ ਸਥਾਨ 'ਤੇ ਮੱਥਾ ਟੇਕਣ ਜਾ ਰਿਹਾ ਸੀ ਅਤੇ ਕਾਰ ਬੇਕਾਬੂ ਹੋ ਗਈ ਸੀ। ਪੁਲਸ ਨੇ ਕਾਰ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਮੁਲਜ਼ਮ ਚਾਲਕ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਪੁਲਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਬਣਦੀ ਕਾਰਵਾਈ ਕੀਤੀ ਜਾਵੇਗੀ।
