PM ਮੋਦੀ ਤੀਜੇ ਕਾਰਜਕਾਲ 'ਚ ਪਹਿਲੀ ਵਿਦੇਸ਼ ਯਾਤਰਾ 'ਤੇ ਇਸ ਹਫ਼ਤੇ ਜਾਣਗੇ ਇਟਲੀ, ਜੀ7 'ਚ ਲੈਣਗੇ ਹਿੱਸਾ

06/11/2024 6:22:15 PM

ਨਵੀਂ ਦਿੱਲੀ (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਗਾਤਾਰ ਤੀਜੀ ਕਾਰਜਕਾਲ ਦਾ ਅਹੁਦਾ ਸੰਭਾਲਣ ਤੋਂ ਬਾਅਦ ਆਪਣੀ ਪਹਿਲੀ ਵਿਦੇਸ਼ ਯਾਤਰਾ ਦੇ ਹਿੱਸੇ ਵਜੋਂ ਸਾਲਾਨਾ ਜੀ7 ਸਿਖਰ ਸੰਮੇਲਨ ਵਿਚ ਸ਼ਾਮਲ ਹੋਣ ਲਈ ਇਸ ਹਫ਼ਤੇ ਇਟਲੀ ਦਾ ਦੌਰਾ ਕਰਨ ਵਾਲੇ ਹਨ। ਜੀ-7 ਸਿਖਰ ਸੰਮੇਲਨ ਆਯੋਜਿਤ ਇਟਲੀ ਦੇ ਅਪੁਲੀਆ ਖੇਤਰ 'ਚ ਲਗਜ਼ਰੀ ਰਿਜ਼ੋਰਟ ਬੋਰਗੋ ਐਗਨੇਜ਼ੀਆ 'ਚ 13 ਤੋਂ 15 ਜੂਨ ਤੱਕ ਹੋਣਾ ਹੈ। ਬੈਠਕ 'ਚ ਯੂਕ੍ਰੇਨ 'ਚ ਯੁੱਧ ਅਤੇ ਗਾਜ਼ਾ ਸੰਘਰਸ਼ ਦਾ ਮੁੱਦਾ ਛਾਏ ਰਹਿਣ ਦੀ ਸੰਭਾਵਨਾ ਹੈ। ਜੀ7 ਵਿਸ਼ਵ ਦੀਆਂ 7 ਉੱਨਤ ਅਰਥਵਿਵਸਥਾਵਾਂ ਦਾ ਸਮੂਹ ਹੈ, ਜਿਸ 'ਚ ਅਮਰੀਕਾ, ਬ੍ਰਿਟੇਨ, ਫਰਾਂਸ, ਇਟਲੀ, ਜਰਮਨੀ, ਕੈਨੇਡਾ ਅਤੇ ਜਾਪਾਨ ਸ਼ਾਮਲ ਹਨ। ਸਿਖਰ ਸੰਮੇਲਨ 'ਚ ਹਿੱਸਾ ਲੈਣ ਵਾਲੇ ਸੀਨੀਅਰ ਨੇਤਾਵਾਂ 'ਚ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ, ਉਨ੍ਹਾਂ ਦੇ ਫਰਾਂਸੀਸੀ ਹਮਰੁਤਬਾ ਇਮੈਨੁਏਲ ਮੈਕ੍ਰੋਂ, ਜਾਪਾਨ ਦੇ ਪ੍ਰਧਾਨ ਮੰਤਰੀ ਫੁਮੀਓ ਕਿਸ਼ਿਦਾ ਅਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸ਼ਾਮਲ ਹਨ। ਯੂਕ੍ਰੇਨ 'ਚ ਰੂਸ ਦੇ ਹਮਲੇ 'ਤੇ ਇਕ ਸੈਸ਼ਨ 'ਚ ਯੂਕ੍ਰੇਨੀ ਰਾਸ਼ਟਰਪਤੀ ਵੋਲੋਦੀਮੀਰ ਜੇਲੇਂਸਕੀ ਦੇ ਵੀ ਹਿੱਸਾ ਲੈਣ ਦਾ ਪ੍ਰੋਗਰਾਮ ਹੈ।

ਪੀ.ਐੱਮ. ਮੋਦੀ ਦੇ ਇਟਲੀ ਦੌਰੇ ਦੀ ਯੋਜਨਾ ਦੀ ਜਾਣਕਾਰੀ ਰੱਖਣ ਵਾਲੇ ਲੋਕਾਂ ਨੇ ਦੱਸਿਆ ਕਿ ਉਹ 13 ਜੂਨ ਨੂੰ ਇਸ ਯੂਰਪੀ ਦੇਸ਼ ਲਈ ਰਵਾਨਾ ਹੋਣਗੇ। ਉਨ੍ਹਾਂ ਦੱਸਿਆ ਕਿ ਲਗਾਤਾਰ ਤੀਜੇ ਕਾਰਜਕਾਲ ਲਈ ਚਾਰਜ ਸੰਭਾਲਣ ਤੋਂ ਬਾਅਦ ਇਹ ਉਨ੍ਹਾਂ ਦਾ ਪਹਿਲਾ ਵਿਦੇਸ਼ ਦੌਰਾ ਹੋਵੇਗਾ। ਹਾਲਾਂਕਿ ਪ੍ਰਧਾਨ ਮੰਤਰੀ ਦੇ ਇਟਲੀ ਦੌਰੇ ਦਾ ਹੁਣ ਤੱਕ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ ਹੈ। ਸੂਤਰਾਂ ਨੇ ਦੱਸਿਆ ਕਿ ਮੋਦੀ ਨਾਲ ਇਕ ਉੱਚ ਪੱਧਰੀ ਵਫ਼ਦ ਵੀ ਹੋਵੇਗਾ, ਜਿਸ 'ਚ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ, ਵਿਦੇਸ਼ ਸਕੱਤਰ ਵਿਨੇ ਕਵਾਤਰਾ ਅਤੇ ਰਾਸ਼ਟਰੀ ਸੁਰੱਖਿਆ ਸਲਾਹਕਾਰ (ਐੱਨ.ਐੱਸ.ਏ.) ਅਜੀਤ ਡੋਭਾਲ ਦੇ ਵੀ ਸ਼ਾਮਲ ਰਹਿਣ ਦੀ ਸੰਭਾਵਨਾ ਹੈ। ਪੀ.ਐੱਮ. ਮੋਦੀ ਆਪਣੇ ਦੌਰੇ 'ਤੇ ਇਟਲੀ ਦੀ ਪ੍ਰਧਾਨ ਮੰਤਰੀ ਜਾਰਜੀਆ ਮੇਲੋਨੀ ਨਾਲ ਬੈਠਕ ਸਮੇਤ ਕਈ ਦੋ-ਪੱਖੀ ਬੈਠਕਾਂ ਵੀ ਕਰਨ ਵਾਲੇ ਹਨ। ਪ੍ਰਧਾਨ ਮੰਤਰੀ ਮੋਦੀ ਪਿਛਲੇ ਸਾਲ ਮਈ 'ਚ ਜਾਪਾਨ ਦੇ ਹਿਰੋਸ਼ਿਮਾ 'ਚ ਹੋਏ ਜੀ7 ਸਿਖਰ ਸੰਮੇਲਨ 'ਚ ਵੀ ਸ਼ਾਮਲ ਹੋਏ ਸਨ। ਇਟਲੀ ਜੀ7 ਦਾ ਮੌਜੂਦਾ ਚੇਅਰਮੈਨ ਹੈ ਅਤੇ ਇਸ ਨਾਤੇ ਇਹ ਇਸ ਦੀ ਸਿਖਰ ਬੈਠਕ ਦੀ ਮੇਜ਼ਬਾਨੀ ਕਰ ਰਿਹਾ ਹੈ। ਇਟਲੀ ਨੇ ਭਾਰਤ ਤੋਂ ਇਲਾਵਾ, ਅਫ਼ਰੀਕਾ, ਦੱਖਣੀ ਅਮਰੀਕਾ ਅਤੇ ਹਿੰਦ-ਪ੍ਰਸ਼ਾਂਤ ਖੇਤਰ ਦੇ 11 ਵਿਕਾਸਸ਼ੀਲ ਦੇਸ਼ਾਂ ਦੇ ਨੇਤਾਵਾਂ ਨੂੰ ਸਿਖਰ ਸੰਮੇਲਨ 'ਚ ਹਿੱਸਾ ਲੈਣ ਲਈ ਸੱਦਾ ਦਿੱਤਾ ਹੈ। ਹਾਲਾਂਕਿ, ਯੂਰਪੀ ਸੰਘ ਜੀ7 ਦਾ ਮੈਂਬਰ ਨਹੀਂ ਹੈ ਪਰ ਇਹ ਸਾਲਾਨਾ ਸਿਖਰ ਸੰਮੇਲਨ 'ਚ ਹਿੱਸਾ ਲੈਂਦਾ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


DIsha

Content Editor

Related News