ਵੱਧ ''ਦਲਦਲ'' ਹੋਣ ''ਤੇ ''ਕਮਲ'' ਵੀ ਖਿੜਦਾ ਹੈ ਵਧੇਰੇ : ਮੋਦੀ

07/22/2018 11:00:03 AM

ਸ਼ਾਹਜਹਾਂਪੁਰ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਰੋਧੀ ਪਾਰਟੀਆਂ 'ਤੇ ਟਿੱਪਣੀ ਕਰਦਿਆਂ ਕਿਹਾ ਹੈ ਕਿ ਜਦੋਂ ਦਲ (ਪਾਰਟੀ) ਦੇ ਨਾਲ ਦਲ (ਪਾਰਟੀ) ਮਿਲ ਜਾਏ ਤਾਂ ਦਲਦਲ ਹੋ ਜਾਂਦੀ ਹੈ। ਜਿੱਥੇ ਵਧੇਰੇ ਦਲਦਲ ਹੁੰਦੀ ਹੈ, ਉਥੇ ਕਮਲ ਵੱਧ ਖਿੜਦਾ ਹੈ। ਸ਼ਨੀਵਾਰ ਇੱਥੇ ਕਿਸਾਨ ਕਲਿਆਣ ਰੈਲੀ 'ਚ ਬੋਲਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਕੇਂਦਰ 'ਚ ਇਤਿਹਾਸਕ ਲੋਕ ਫਤਵਾ ਦੇ ਕੇ ਲੋਕਾਂ ਨੇ ਜੋ ਸਰਕਾਰ ਬਣਾਈ, ਉਸ 'ਤੇ ਵਿਰੋਧੀ ਪਾਰਟੀਆਂ ਨੂੰ ਭਰੋਸਾ ਨਹੀਂ ਹੈ। ਸ਼ੁੱਕਰਵਾਰ ਲੋਕ ਸਭਾ ਵਿਚ ਅਸੀਂ ਲਗਾਤਾਰ ਵਿਰੋਧੀ  ਪਾਰਟੀਆਂ ਕੋਲੋਂ ਪੁੱਛਦੇ ਰਹੇ ਕਿ ਬੇਭਰੋਸਗੀ ਦਾ ਕਾਰਨ ਕੀ ਹੈ। ਜਦੋਂ ਉਨ੍ਹਾਂ ਕੋਲੋਂ ਕੋਈ ਕਾਰਨ ਨਹੀਂ ਦੱਸਿਆ ਗਿਆ ਤਾਂ ਗਲੇ ਪੈ ਗਏ।
ਮੋਦੀ ਨੇ ਕਿਹਾ ਕਿ ਉਹ ਨਾ ਤਾਂ ਸਾਨੂੰ ਅਤੇ ਨਾ ਹੀ ਦੇਸ਼ ਵਾਸੀਆਂ ਨੂੰ ਇਸ ਸਬੰਧੀ ਕੋਈ ਕਾਰਨ ਦੱਸ ਸਕੇ। ਅਸੀਂ ਉਨ੍ਹਾਂ ਨੂੰ ਸਮਝਾਉਂਦੇ ਰਹੇ ਕਿ ਲੋਕ ਰਾਜ ਵਿਚ ਲੋਕ ਫਤਵਾ ਸਭ ਤੋਂ ਉੱਪਰ ਹੁੰਦਾ ਹੈ। ਲੋਕਾਂ ਦੇ ਮਨ ਮੰਦਰ ਵਿਰੁੱਧ ਇਹ ਖੇਡ ਖੇਡਣੀ ਠੀਕ ਨਹੀਂ। ਲੋਕਾਂ ਨਾਲ ਉਲਝਣਾ ਮਹਿੰਗਾ ਪੈ ਜਾਵੇਗਾ, ਪਰ ਉਹ ਨਹੀਂ ਮੰਨੇ। ਵਿਰੋਧੀ ਧਿਰ 'ਤੇ ਲੱਗਦਾ ਹੈ ਕਿ ਜਨੂਨ ਸਵਾਰ ਸੀ ਕਿ ਮੋਦੀ ਨੂੰ ਸਬਕ ਸਿਖਾਉਣਾ ਹੈ, ਹਟਾਉਣਾ ਹੈ। ਅਸਲ 'ਚ ਮੋਦੀ ਤਾਂ ਸਵਾ ਸੌ ਕਰੋੜ ਹਿੰਦੁਸਤਾਨੀਆਂ ਦੀ ਤਾਕਤ ਹਨ। ਉਹ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਦੇ ਸੰਵਿਧਾਨ ਦੀ ਤਾਕਤ ਹਨ।
ਮੋਦੀ ਨੇ ਕਿਹਾ ਕਿ ਹੁਣ ਵੱਖ-ਵੱਖ ਦਲ ਇਕੱਠੇ ਹੋਣ ਦੀ ਕੋਸ਼ਿਸ਼ ਕਰ ਰਹੇ ਹਨ। ਦਲਦਲ ਹੋ ਰਹੀ ਹੈ। ਦਲਦਲ ਵਿਚ ਹੀ 'ਕਮਲ' ਵੱਧ ਖਿੜਦਾ ਹੈ। ਉਨ੍ਹਾਂ ਦੀ ਦਲਦਲ ਦੀ ਖੇਡ ਵਿਚ ਕਮਲ ਨੂੰ ਹੋਰ ਖਿੜਨ ਦਾ ਮੌਕਾ ਮਿਲੇਗਾ। ਉਨ੍ਹਾਂ ਵਿਰੋਧੀ ਧਿਰ 'ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਹੰਕਾਰ, ਧੱਕੇਸ਼ਾਹੀ ਅਤੇ ਦਮਨ ਦੀਆਂ ਆਦਤਾਂ ਅੱਜ ਦਾ ਨੌਜਵਾਨ ਇਕ ਪਲ ਵੀ ਸਹਿਣ ਲਈ ਤਿਆਰ ਨਹੀਂ।
ਕਾਂਗਰਸ ਨੂੰ ਲੰਬੇ ਹੱਥੀਂ ਲੈਂਦਿਆਂ ਪ੍ਰਧਾਨ ਮੰਤਰੀ  ਨੇ ਕਿਹਾ ਕਿ ਕਾਂਗਰਸ ਸਰਕਾਰ ਦੇ ਇਕ ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ ਦਿੱਲੀ ਤੋਂ ਜਿਹੜਾ ਇਕ ਰੁਪਇਆ ਨਿਕਲਦਾ ਹੈ, ਉਹ ਪਿੰਡਾਂ ਤਕ ਪਹੁੰਚਦੇ-ਪਹੁੰਚਦੇ 15 ਪੈਸਿਆਂ ਦਾ ਰਹਿ ਜਾਂਦਾ ਹੈ। ਇਹ ਗੱਲ ਇਕ ਸਾਬਕਾ ਪ੍ਰਧਾਨ ਮੰਤਰੀ ਨੇ ਉਦੋਂ ਕਹੀ ਸੀ ਜਦੋਂ ਪੰਚਾਇਤਾਂ ਤੋਂ ਲੈ ਕੇ ਸੰਸਦ ਤਕ ਕਾਂਗਰਸ ਦਾ ਹੀ ਝੰਡਾ ਲਹਿਰਾਉਂਦਾ ਸੀ। ਉਹ ਕਿਹੜਾ ਪੰਜਾ ਸੀ ਜਿਹੜਾ ਰੁਪਏ ਨੂੰ ਘਸਾ ਕੇ 15 ਪੈਸਿਆਂ ਦਾ ਬਣਾ ਦਿੰਦਾ ਸੀ? ਉਹ ਕਿਹੜਾ ਪੰਜਾ ਸੀ, ਜਿਹੜਾ 85 ਪੈਸੇ ਖਾ ਜਾਂਦਾ ਸੀ? ਅੱਜ ਜੇ ਅਸੀਂ 90 ਹਜ਼ਾਰ ਕਰੋੜ ਰੁਪਏ ਦਿੰਦੇ ਹਾਂ ਤਾਂ 90 ਹਜ਼ਾਰ ਕਰੋੜ ਹੀ ਲੋਕਾਂ ਤਕ ਪਹੁੰਚਦਾ ਹੈ। ਬੇਭਰੋਸਗੀ ਮਤੇ ਐਵੇਂ ਨਹੀਂ ਆਉਂਦੇ। ਜਦੋਂ 90 ਹਜ਼ਾਰ ਕਰੋੜ ਰੁਪਏ ਏਧਰ-ਓਧਰ ਜਾਣੇ ਬੰਦ ਹੋ ਜਾਂਦੇ ਹਨ ਤਦ ਅਜਿਹਾ ਮਤਾ ਆਉਂਦਾ ਹੈ। ਹੁਣ ਦੇਸ਼ ਦੀਆਂ ਬੇਟੀਆਂ ਵੀ ਜਾਗ ਚੁੱਕੀਆਂ ਹਨ। ਹੁਣ 'ਸਾਈਕਲ' ਹੋਵੇ ਜਾਂ 'ਹਾਥੀ', ਕਿਸੇ ਨੂੰ ਵੀ ਬਣਾ ਲਓ ਸਾਥੀ, ਲੋਕਾਂ ਨੂੰ ਸਭ ਪਤਾ ਹੈ ਕਿ ਕਿਸ ਦਾ ਕੀ ਇਰਾਦਾ ਹੈ।
ਮੋਦੀ ਦੀ ਰੈਲੀ 'ਚ ਜਾ ਰਹੀ ਬੱਸ ਇਕ ਘਰ 'ਚ ਜਾ ਵੜੀ, 12 ਜ਼ਖਮੀ
ਪ੍ਰਧਾਨ ਮੰਤਰੀ ਦੀ ਰੈਲੀ ਵਿਚ ਹਿੱਸਾ ਲੈਣ ਜਾ ਰਹੀ ਇਕ ਬੱਸ ਆਂਵਲਾ-ਭਮੌਰਾ ਸੜਕ 'ਤੇ ਪਿੰਡ ਮੁਹੰਮਦਪੁਰਾ ਸਥਿਤ ਇਕ ਘਰ 'ਚ ਜਾ ਵੜੀ ਜਿਸ ਕਾਰਨ 12 ਭਾਜਪਾ ਵਰਕਰ ਜ਼ਖਮੀ ਹੋ ਗਏ। ਸਭ ਜ਼ਖਮੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ, ਅਜਿਹਾ ਪਹਿਲੀ ਵਾਰ ਨਹੀਂ ਹੋਇਆ ਹੈ।  ਸੋਮਵਾਰ ਮੋਦੀ ਦੀ ਇਕ ਰੈਲੀ ਦੌਰਾਨ ਪੰਡਾਲ ਡਿੱਗਣ ਕਾਰਨ 24 ਵਿਅਕਤੀ ਜ਼ਖਮੀ ਹੋ ਗਏ ਸਨ। ਦੋ ਹਫਤੇ ਪਹਿਲਾਂ ਜੈਪੁਰ ਵਿਖੇ ਮੋਦੀ ਦੀ ਰੈਲੀ ਵੱਲ ਜਾ ਰਹੀ ਇਕ ਬੱਸ ਗੈਂਗਵਾਰ ਦੀ ਫਾਇਰਿੰਗ ਦਾ ਸ਼ਿਕਾਰ ਹੋ ਗਈ ਸੀ, ਜਿਸ ਕਾਰਨ ਤਿੰਨ ਵਿਅਕਤੀ ਜ਼ਖਮੀ ਹੋ ਗਏ ਸਨ।


Related News